*ਅਫਗਾਨਸਿਤਾਨ ਨੇ ਨੇਪਾਲ ਨੂੰ 48-41 ਨਾਲ ਹਰਾਇਆ
ਪਟਿਆਲਾ – ਵਿਸ਼ਵ ਕੱਪ ਕਬੱਡੀ ਦੀ ਜਨਮ ਭੂਮੀ ਪਟਿਆਲਾ ਦੇ ਵਾਈ.ਪੀ.ਐਸ. ਸਟੇਡੀਅਮ ਵਿਖੇ ਅੱਜ ਦੂਜਾ ਪਰਲਜ਼ ਵਿਸ਼ਵ ਕੱਪ ਕਬੱਡੀ-2011 ਭਰ ਜੁਆਨੀ ਵਿੱਚ ਉਸ ਵੇਲੇ ਪਹੁੰਚ ਗਿਆ ਜਦੋਂ ਪੂਲ ‘ਏ’ ਦੇ ਪਹਿਲੇ ਮੈਚ ਵਿੱਚ ਹੀ ਫਸਵੇਂ ਮੁਕਾਬਲੇ ਵਿੱਚ ਅਫਗਾਨਸਿਤਾਨ ਨੇ ਨੇਪਾਲ ਨੂੰ 48-41 ਹਰਾ ਕੇ ਵਿਸ਼ਵ ਕੱਪ ਵਿੱਚ ਆਪਣਾ ਖਾਤਾ ਖੋਲ੍ਹਿਆ। ਇਸੇ ਹੀ ਵਾਈ.ਪੀ.ਐਸ. ਸਟੇਡੀਅਮ ਵਿਖੇ ਪਿਛਲੇ ਸਾਲ 2010 ਵਿੱਚ ਪਹਿਲੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਕਬੱਡੀ ਮਹਾਂਕੁੰਭ ਦਾ ਜਨਮ ਹੋਇਆ ਸੀ। ਖਚਾਖਚ ਭਰੇ ਵਾਈ.ਪੀ.ਐਸ. ਸਟੇਡੀਅਮ ਵਿੱਚ ਫਲੱਡ ਲਾਈਟਾਂ ਹੇਠ ਨੇਪਾਲ ਤੇ ਅਫਗਾਨਸਿਤਾਨ ਦੀਆਂ ਟੀਮਾਂ ਵਿਚਾਲੇ ਪਹਿਲਾ ਮੈਚ ਖੇਡਿਆ ਗਿਆ ਜਿਸ ਦਾ ਉਦਘਾਟਨ ਸਾਬਕਾ ਮੰਤਰੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ, ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਟੀਮਾਂ ਨਾਲ ਜਾਣ-ਪਛਾਣ ਕਰ ਕੇ ਕੀਤੀ। ਇਸ ਮੌਕੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ, ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪਰਗਟ ਸਿੰਘ, ਸਾਬਕਾ ਸੰਸਦ ਮੈਂਬਰ ਬੀਬਾ ਅਮਰਜੀਤ ਕੌਰ, ਡਿਪਟੀ ਕਮਿਸ਼ਨਰ ਵਿਕਾਸ ਗਰਗ ਅਤੇ ਸੀਨੀਅਰ ਪੁਲਿਸ ਕਪਤਾਨ ਸ. ਗੁਰਪ੍ਰੀਤ ਸਿੰਘ ਗਰੇਵਾਲ ਹਾਜ਼ਰ ਸਨ।
ਨੇਪਾਲ ਦੀ ਟੀਮ ਨੇ ਸ਼ੁਰੂਆਤ ਵਿੱਚ ਲੀਡ ਲੈ ਲਈ ਅਤੇ ਇਕ ਵਾਰ 14-8 ਨਾਲ ਅੱਗੇ ਸੀ। ਅਫਗਾਨਸਿਤਾਨ ਨੇ ਵਾਪਸੀ ਕਰਦਿਆਂ ਅੱਧੇ ਸਮੇਂ ਤੱਕ ਬਰਾਬਰੀ ‘ਤੇ ਮੈਚ ਲੈ ਆਂਦਾ। ਅੱਧੇ ਸਮੇਂ ਤੱਕ ਨੇਪਾਲ ਦੀ ਲੀਡ 23-22 ਸੀ। ਦੂਜੇ ਅੱਧ ਵਿੱਚ ਅਫਗਾਨਸਿਤਾਨ ਦੇ ਰੇਡਰਾਂ ਤੇ ਜਾਫੀਆਂ ਨੇ ਬਰਾਬਰ ਜ਼ੋਰ ਲਾਉਂਦਿਆ ਲੀਡ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਆਖਰ ਅਫਗਾਨਸਿਤਾਨ ਨੇ ਨੇਪਾਲ ਨੂੰ 48-41 ਨੂੰ ਹਰਾ ਕੇ ਆਪਣਾ ਖਾਤਾ ਖੋਲ੍ਹ ਲਿਆ।
ਅਫਗਾਨਸਿਤਾਨ ਵੱਲੋਂ ਰੇਡਰ ਅਬਦੁੱਲਾ ਅਸੀਬ ਨੇ 15 ਅਤੇ ਸੈਫਉੱਲਾ ਏਮਨੀ ਨੇ 13 ਅੰਕ ਅਤੇ ਜਾਫੀਆਂ ਵਿੱਚੋਂ ਪਰਵੇਜ਼ ਸ਼ਖਜ਼ਾਦਾ ਨੇ 11 ਜੱਫੇ ਲਾਏ। ਨੇਪਾਲ ਵੱਲੋਂ ਮੁੰਨਾ ਪਟੇਲ ਨੇ 19 ਅੰਟ ਬਟੋਰੇ ਜਦੋਂ ਕਿ ਜਾਫੀ ਰਾਜਨ ਸ਼ਿਲਪਕਾਰ ਨੇ 4 ਜੱਫੇ ਲਾਏ।