* ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਅਜ਼ਾਦ ਦੇ ਜਨਮ ਦਿਵਸ ਮੌਕੇ ਰਾਜ ਪੱਧਰੀ ਸਮਾਗਮ
* ਪੰਜਾਬ ਦੇ ਸਾਰੇ ਸਕੂਲਾਂ ਦੇ ਵਿਦਿਆਰਥੀ ਰੋਜ਼ਾਨਾ ਸਵੇਰ ਸਮੇਂ ਚੰਗਾ ਇਨਸਾਨ ਬਣਨ ਦੀ ਸਹੁੰ ਚੁੱਕਣਗੇ
ਪਟਿਆਲਾ – ਪੰਜਾਬ ਸਰਕਾਰ ਵੱਲੋਂ ਰਾਜ ਦੇ 6 ਤੋਂ 14 ਸਾਲ ਉਮਰ ਤੱਕ ਦੇ ਸਾਰੇ ਬੱਚਿਆਂ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਦੇਣ ਲਈ ਬਣਾਏ ਗਏ ‘ਸਿੱਖਿਆ ਦਾ ਅਧਿਕਾਰ ਕਾਨੂੰਨ’ ਨੂੰ ਲਾਗੂ ਕਰਨ ਦੀ ਰਾਜ ਪੱਧਰੀ ਮੁਹਿੰਮ ਦਾ ਆਗਾਜ਼ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾਂ ਵੱਲੋਂ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਅਜ਼ਾਦ ਦੇ ਜਨਮ ਦਿਵਸ ਦੇ ਮੌਕੇ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ । ਇਸ ਮੌਕੇ ਸਿੱਖਿਆ ਸ਼ਾਸ਼ਤਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਸਾਖਰਤਾ ਪੱਖੋਂ ਮੋਹਰੀ ਸੂਬਾ ਬਣਾਉਣ ਦੇ ਉਦੇਸ਼ ਨੂੰ ਸਾਕਾਰ ਕਰਨ ਲਈ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਸਾਰਥਕ ਉਪਰਾਲਿਆਂ ਸਦਕਾ ਅੱਜ ਪੰਜਾਬ ਪੜ੍ਹਾਈ ਪੱਖੋਂ ਦੇਸ਼ ਵਿੱਚ ਤੀਜੇ ਸਥਾਨ ‘ਤੇ ਆ ਗਿਆ ਹੈ ਜਦਕਿ ਪਿਛਲੀ ਸਰਕਾਰ ਦੌਰਾਨ ਇਹ 14ਵੇਂ ਸਥਾਨ ‘ਤੇ ਸੀ । ਸ. ਸੇਖਵਾਂ ਨੇ ਕਿਹਾ ਕਿ ਮੌਲਾਨਾ ਅਜ਼ਾਦ ਇੱਕ ਆਦਰਸ਼ਕ ਅਧਿਆਪਕ ਸਨ ਜਿਸ ਕਾਰਨ ਸਿੱਖਿਆ ਦਾ ਅਧਿਕਾਰ ਕਾਨੂੰਨ ਉਨ੍ਹਾਂ ਦੀ ਸੋਚ ਨੂੰ ਸਮਰਪਿਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ ਹਰੇਕ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਇਸ ਲਈ ਪੰਜਾਬ ਸਰਕਾਰ ਨੇ ਇਨ੍ਹਾਂ ਅਧਿਕਾਰਾਂ ਨੂੰ ਸਭ ਤੱਕ ਪਹੁੰਚਾਉਣ ਲਈ ਵਿਆਪਕ ਕਦਮ ਪੁੱਟੇ ਹਨ । ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਚੰਗਾ ਇਨਸਾਨ ਬਣਨ ਲਈ ਮਾਨਸਿਕ ਤੌਰ ‘ਤੇ ਤਿਆਰ ਕਰਨ ਦੇ ਉਦੇਸ਼ ਨਾਲ 12 ਨਵੰਬਰ ਤੋਂ ਰਾਜ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਮਾਨਤਾ ਪ੍ਰਾਪਤ ਤੇ ਐਸੋਸੀਏਟਡ ਸਕੂਲਾਂ ਵਿੱਚ ਸਵੇਰ ਦੀ ਪ੍ਰਾਰਥਨਾ ਸਮੇਂ ਬੱਚਿਆਂ ਨੂੰ ਰੋਜ਼ਾਨਾ ਇੱਕ ਸਹੁੰ ਚੁਕਾਈ ਜਾਵੇਗੀ ਕਿ ਉਹ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਪੂਰਾ ਕਰਨਗੇ ਅਤੇ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਗੇ ਜੋ ਝੂਠ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇਗਾ । ਸ. ਸੇਖਵਾਂ ਨੇ ਕਿਹਾ ਕਿ ਬੱਚਿਆਂ ਨੂੰ ਚੰਗੇ ਅਧਿਆਪਕ, ਅਧਿਕਾਰੀ ਜਾਂ ਹੋਰ ਉਚ ਅਹੁਦੇ ‘ਤੇ ਪਹੁੰਚਾਉਣ ਦੇ ਨਾਲ ਨਾਲ ਇੱਕ ਚੰਗਾ ਨਾਗਰਿਕ ਬਣਾਉਣ ਦੀ ਵੀ ਲੋੜ ਹੈ ਇਸ ਲਈ ਬਣਾਈ ਜਾ ਰਹੀ ਨਵੀਂ ਸਿੱਖਿਆ ਨੀਤੀ ਵਿੱਚ ਨੈਤਿਕ ਸਿੱਖਿਆ ਦਾ ਵਿਸ਼ਾ ਵੀ ਲਾਗੂ ਕੀਤਾ ਜਾਵੇਗਾ ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਤੋਂ ਬਿਨਾਂ ਸਮਾਜ ਵਿੱਚ ਸਨਮਾਨਯੋਗ ਸਥਾਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਇਸ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਮਾਜ ਵਿੱਚ ਫੈਲੇ ਨਕਲ ਦੇ ਕੋਹੜ ਨੂੰ ਰੋਕਣ ਵਿੱਚ ਕਾਫੀ ਸਫਲਤਾ ਮਿਲੀ ਹੈ ਅਤੇ ਭਵਿੱਖ ਵਿੱਚ ਰਾਜ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰਾਂ ਲਈ ਠੋਸ ਨੀਤੀ ਬਣਾਉਣ ਲਈ ਰਾਜ ਸਿੱਖਿਆ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ ਹੈ ਜਿਸ ਤਹਿਤ ਨਕਲ ਰੋਕਣ, ਸਿਲੇਬਸ ਤਿਆਰ ਕਰਨ, ਲਾਇਬ੍ਰੇਰੀ ਐਕਟ ਅਤੇ ਸਿੱਖਿਆ ਨੀਤੀ ‘ਤੇ ਆਧਾਰਿਤ ਕਮੇਟੀਆਂ ਬਣਾਈਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਯੂਨੀਵਰਸਿਟੀਆਂ ਲਈ ਅਜਿਹਾ ਸਿਲੇਬਸ ਤਿਆਰ ਕੀਤਾ ਜਾਵੇਗਾ ਜਿਹੜਾ ਅਮਰੀਕਾ, ਇੰਗਲੈਂਡ ਵਰਗੇ ਵਿਕਸਤ ਦੇਸ਼ਾਂ ਵਿੱਚ ਵੀ ਮਾਨਤਾ ਪ੍ਰਾਪਤ ਹੋਵੇਗਾ ਤਾਂ ਜੋ ਭਵਿੱਖ ਵਿੱਚ ਵਿਦੇਸ਼ਾਂ ‘ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਮੁੜ ਪਹਿਲਾਂ ਵਾਲੀ ਪੜ੍ਹਾਈ ਨਾ ਕਰਨੀ ਪਵੇ । ਸ. ਸੇਖਵਾਂ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਨਾਲ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਲਈ 3-3 ਮਹੀਨਿਆਂ ਦੇ ਦੌਰੇ ਵੀ ਉਲੀਕੇ ਜਾਣਗੇ । ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਐਕਟ ਨੂੰ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਪ੍ਰਵਾਨ ਕਰ ਲਿਆ ਹੈ ਅਤੇ ਕੈਬਨਿਟ ਦੀ ਮੋਹਰ ਲੱਗਣੀ ਬਾਕੀ ਹੈ । ਸ. ਸੇਖਵਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਅਜਿਹੀ ਸਿੱਖਿਆ ਨੀਤੀ ਨੂੰ ਅਮਲ ਵਿੱਚ ਲਿਆਉਣ ਦੀ ਯੋਜਨਾ ਹੈ ਜਿਸ ਨੂੰ ਸਾਲ 2025 ਤੱਕ ਬਦਲਣ ਦੀ ਲੋੜ ਨਹੀਂ ਪਵੇਗੀ ।
ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਕੀਤੇ ਗਏ ਇਤਿਹਾਸਕ ਉਪਰਾਲਿਆਂ ਬਾਰੇ ਸ. ਸੇਖਵਾਂ ਨੇ ਕਿਹਾ ਕਿ 12ਵੀਂ ਤੱਕ ਲੜਕੀਆਂ ਲਈ ਮੁਫਤ ਪੜ੍ਹਾਈ ਦੀ ਵਿਵਸਥਾ ਕਾਇਮ ਕਰਨ ਦੇ ਨਾਲ ਨਾਲ 11ਵੀਂ ਤੇ 12ਵੀਂ ਜਮਾਤ ਵਿੱਚ ਪੜ੍ਹਦੀਆਂ ਸੂਬੇ ਦੀਆਂ ਕਰੀਬ 1.5 ਲੱਖ ਵਿਦਿਆਰਥਣਾਂ ਨੂੰ ਮੁਫਤ ਸਾਇਕਲ ਮੁਹੱਈਆ ਕਰਵਾਉਣ ਤੋਂ ਬਾਅਦ ਹੁਣ 6 ਤੋਂ 14 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਬਿਨਾਂ ਫੀਸ ਤੋਂ ਸਿੱਖਿਆ ਪ੍ਰਦਾਨ ਕਰਨ ਦੀ ਇਹ ਮੁਹਿੰਮ ਸਰਕਾਰ ਪ੍ਰਤੀ ਲੋਕਾਂ ਵਿੱਚ ਵਿਸ਼ਵਾਸ਼ ਨੂੰ ਹੋਰ ਪਰਪੱਕ ਕਰਦੀ ਹੈ । ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਭਵਿੱਖ ਵਿੱਚ ਮੁੜ ਅਕਾਲੀ-ਭਾਜਪਾ ਸਰਕਾਰ ਆਉਣ ‘ਤੇ 9ਵੀਂ ਤੇ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵੀ ਮੁਫਤ ਸਾਇਕਲ ਦਿੱਤੇ ਜਾਣਗੇ ।
ਇਸ ਮੇਕੇ ਸ. ਸੇਖਵਾਂ ਨੇ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਹੈਡਮਾਸਟਰਾਂ ਦੀ ਕਮੀ ਨਾਲ ਨਜਿੱਠਣ ਲਈ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਇੱਕ ਭਰਤੀ ਬੋਰਡ ਦਾ ਗਠਨ ਕੀਤਾ ਜਾਵੇਗਾ ਜਿਸ ਵੱਲੋਂ ਯੋਗ ਅਧਿਆਪਕਾਂ ਤੇ ਹੈਡਮਾਸਟਰਾਂ ਨੂੰ ਇੱਕ ਸਾਲ ਪਹਿਲਾਂ ਹੀ ਭਰਤੀ ਕਰ ਲਿਆ ਜਾਵੇਗਾ ਤਾਂ ਜੋ ਸਬੰਧਤ ਅਧਿਆਪਕ ਦੇ ਸੇਵਾ ਮੁਕਤ ਹੁੰਦਿਆਂ ਹੀ ਵਿਭਾਗ ਵੱਲੋਂ ਤੁਰੰਤ ਨਵੇਂ ਅਧਿਆਪਕ ਨੂੰ ਨਿਯੁਕਤ ਕੀਤਾ ਜਾ ਸਕੇ । ਇਸ ਮੌਕੇ ਸ. ਸੇਖਵਾਂ ਨੇ ਪੰਜਾਬ ਦੇ ਸਾਰੇ ਸਕੂਲਾਂ ਵਿੱਚ 12 ਨਵੰਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਸਹੁੰ ਵੀ ਬੱਚਿਆਂ ਨੂੰ ਚੁਕਾਈ । ਸਮਾਗਮ ਦੌਰਾਨ ਐਨ.ਸੀ.ਸੀ. ਕੈਡਿਟਜ਼ ਨੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਸਵਾਗਤੀ ਗੀਤ ਪੇਸ਼ ਕੀਤਾ । ਇਸ ਮੌਕੇ ਸਕੂਲ ਦੀ ਵਿਦਿਆਰਥਣ ਬੰਧਨਜੀਤ ਕੌਰ ਨੇ ਸਿੱਖਿਆ ਦਿਵਸ ਦੇ ਅਵਸਰ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਸ. ਭੁਪਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦਾ ਸੰਦੇਸ਼ ਪੜ੍ਹ ਕੇ ਸੁਣਾਇਆ । ਇਸ ਮੌਕੇ ਸ. ਸੇਖਵਾਂ ਵੱਲੋਂ ਦਿੱਤੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਹੋਰ ਸੁਧਾਰਨ ਲਈ ਸਿੱਖਿਆ ਦਾ ਅਧਿਕਾਰ ਐਕਟ-2009 ਤਹਿਤ ਸਕੂਲ ਵਿੱਚ ਦਾਖਲੇ ਸਮੇਂ ਸਕਰੀਨਿੰਗ ਟੈਸਟ ਦੀ ਮਨਾਹੀ, ਬੱਚਿਆਂ ਨੂੰ ਫੇਲ੍ਹ ਨਾ ਕਰਨਾ, ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਇੱਕ ਕਿਲੋਮੀਟਰ ਦੇ ਦਾਇਰੇ ਅਤੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਲਈ ਤਿੰਨ ਕਿਲੋਮੀਟਰ ਦੇ ਦਾਇਰੇ ਅੰਦਰ ਸਕੂਲ ਸਥਾਪਤ ਕਰਨ, ਗੰਭੀਰ ਰੋਗ ਨਾਲ ਪੀੜਤ ਬੱਚੇ ਦਾ ਮੁਫਤ ਇਲਾਜ ਕਰਵਾਉਣ ਅਤੇ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਈ ਉਪਬੰਦ ਦਰਜ ਕੀਤੇ ਗਏ ਹਨ । ਇਸ ਮੌਕੇ ਸ. ਸੇਖਵਾਂ ਨੇ ਸਕੂਲ ਦੀਆਂ 12 ਲੋੜਵੰਦ ਵਿਦਿਆਰਥਣਾਂ ਨੂੰ ਮੁਫਤ ਸਾਇਕਲ ਪ੍ਰਦਾਨ ਕੀਤੇ । ਇਸ ਮੌਕੇ ਸਰਕਾਰੀ ਸਕੂਲ ਧਬਲਾਨ ਦੇ ਵਿਦਿਆਰਥੀ ਸੁਹੇਲ ਖਾਨ ਵੱਲੋਂ ਪੇਸ਼ ਕੀਤੀ ਗਈ ‘ਹੀਰ’ ਤੋਂ ਪ੍ਰਭਾਵਿਤ ਹੋ ਕੇ ਸ. ਸੇਖਵਾਂ ਨੇ ਬੱਚੇ ਨੂੰ ਨਕਦ ਪੁਰਸਕਾਰ ਦਿੱਤਾ । ਇਸ ਦੌਰਾਨ ਉਨ੍ਹਾਂ ਨੇ 126 ਅਤੇ ਹੋਰ ਉਚੇ ਅੰਕਾਂ ਦੇ ਪਹਾੜੇ ਸੁਣਾਉਣ ਵਾਲੇ ਵਿਦਿਆਰਥੀਆਂ ਰਵੀ ਸਿੰਘ, ਤਰਸੇਮ ਸਿੰਘ, ਜਸਪ੍ਰੀਤ, ਰਮਨਦੀਪ ਕੌਰ, ਪਰਮਪ੍ਰੀਤ ਤੋਂ ਇਲਾਵਾ ਡਰਾਇੰਗ ਮੁਕਾਬਲੇ ਦੇ ਜੇਤੂਆਂ ਗੁਰਬਾਜ ਸਿੰਘ, ਰਿਤੂ, ਪੂਨਮ ਤੇ ਸੰਜੇ ਨੂੰ ਵੀ ਸਨਮਾਨਿਤ ਕੀਤਾ । ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ।
ਬਾਅਦ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ. ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਪੰਜਾਬ ਦੇ 73 ਸਕੂਲਾਂ ਨੂੰ ਅਪਗ੍ਰੇਡ ਕਰਕੇ ਮਿਡਲ ਤੋਂ ਹਾਈ ਬਣਾਇਆ ਜਾ ਰਿਹਾ ਹੈ ਅਤੇ ਹੁਣ ਪੰਜਾਬ ਦੇ ਹੋਰ ਸਕੂਲਾਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ/ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਜੇ ਕੋਈ ਸਕੂਲ ਪੰਜਾਬੀ ਵਿਸ਼ਾ ਨਹੀਂ ਪੜ੍ਹਾਉਂਦਾ ਤਾਂ ਉਸ ਵਿਰੁੱਧ ਜੁਰਮਾਨੇ ਦੀ ਵਿਵਸਥਾ ਕਰਨ ਦੇ ਨਾਲ ਨਾਲ ਉਸਦੀ ਐਨ.ਓ.ਸੀ ਰੱਦ ਕਰਨ ਜਿਹੇ ਨਿਯਮ ਵੀ ਬਣਾਏ ਗਏ ਹਨ । ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਿਹੜੇ ਕਾਲਜਾਂ ਵਿੱਚ ਪ੍ਰਿੰਸੀਪਲ ਨਹੀਂ ਸਨ ਉਥੇ ਅਧਿਆਪਕਾਂ ਦੀਆਂ ਤਰੱਕੀਆਂ ਕਰਕੇ ਇਸ ਕਮੀ ਨੂੰ ਪੂਰਾ ਕੀਤਾ ਗਿਆ ਅਤੇ ਰਾਜ ਦੇ 271 ਪਾਰਟ ਟਾਈਮ ਅਧਿਆਪਕਾਂ ਨੂੰ ਪੱਕਾ ਕਰਕੇ ਵੀ ਸਰਕਾਰ ਨੇ ਸਿੱਖਿਆ ਸੁਧਾਰ ਦੀ ਲਹਿਰ ਵਿੱਚ ਵੱਡਾ ਯੋਗਦਾਨ ਪਾਇਆ ਹੈ ।
ਸਮਾਗਮ ਦੌਰਾਨ ਸਾਬਕਾ ਮੰਤਰੀ ਪੰਜਾਬ ਸ. ਹਰਮੇਲ ਸਿੰਘ ਟੌਹੜਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਸ. ਹਮੀਰ ਸਿੰਘ ਘੱਗਾ, ਮੇਅਰ ਨਗਰ ਨਿਗਮ ਸ਼੍ਰੀ ਅਜੀਤਪਾਲ ਸਿੰਘ ਕੋਹਲੀ, ਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਇੰਦਰਮੋਹਨ ਸਿੰਘ ਬਜਾਜ, ਸ਼੍ਰੀ ਸੁਰਿੰਦਰ ਸਿੰਘ ਪਹਿਲਵਾਨ, ਸ਼੍ਰੀ ਮੱਖਣ ਸਿੰਘ ਲਾਲਕਾ, ਮੈਂਬਰ ਜ਼ਿਲ੍ਹਾ ਪਰਿਸ਼ਦ ਸ਼੍ਰੀ ਹਰਿੰਦਰਪਾਲ ਸਿੰਘ ਟੌਹੜਾ, ਸ਼੍ਰੀ ਹਰਪਾਲ ਸਿੰਘ ਤੇਜਾ, ਡਾਇਰੈਕਟਰ ਭਾਸ਼ਾ ਵਿਭਾਗ ਸ਼੍ਰੀਮਤੀ ਬਲਵੀਰ ਕੌਰ, ਸਰਕਲ ਸਿੱਖਿਆ ਅਫਸਰ ਸ਼੍ਰੀਮਤੀ ਗੁਰਮੀਤ ਕੌਰ ਧਾਲੀਵਾਲ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਪਰਮੋਦ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀਮਤੀ ਬਲਬੀਰ ਕੌਰ, ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਜਰਨੈਲ ਸਿੰਘ ਤੇ ਸ਼੍ਰੀਮਤੀ ਹਰਿੰਦਰ ਕੌਰ, ਪ੍ਰਿੰਸੀਪਲ ਸਰਕਾਰੀ ਸਕੂਲ ਫੀਲਖਾਨਾ ਸ਼੍ਰੀ ਅਜੀਤ ਸਿੰਘ ਭੱਟੀ, ਸ਼੍ਰੀ ਪ੍ਰਭਜੋਤ ਸਿੰਘ ਡਿਕਸੀ, ਸ਼੍ਰੀ ਜਗਤਾਰ ਸਿੰਘ ਟਿਵਾਣਾ, ਸ਼੍ਰੀਮਤੀ ਵਰਸ਼ਾ ਸ਼ੁਕਲਾ, ਸ਼੍ਰੀਮਤੀ ਸੁਮਨ ਬੱਤਰਾ, ਪ੍ਰਿੰਸੀਪਲ ਮਲਟੀਪਰਪਜ਼ ਸਕੂਲ ਸ਼੍ਰੀ ਤੋਤਾ ਸਿੰਘ ਚਹਿਲ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ, ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਸਨ ।