November 13, 2011 admin

ਐਕਵਾਡੋਰ ਤੋਂ ਆਏ ਕਲਾਕਾਰ ਅਤੇ ਪੰਜਾਬੀ ਪੈਨੋਰਮਾ ਦਾ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ਅਨੋਖਾ ਮਿਸ਼ਰਨ

ਅੰਮ੍ਰਿਤਸਰ – ਲੈਟਿਨ ਅਮਰੀਕਾ ਦੇ ਦੇਸ਼ ਐਕਵਾਡੋਰ ਤੋਂ ਆਏ 9-ਮੈਂਬਰੀ ਕਲਾਕਾਰਾਂ ਦੀ ਟੀਮ ਨੇ ਪੰਜਾਬੀ ਕਲਾਕਾਰਾਂ ਦੇ ਨਾਲ ਮਿਲ ਕੇ ਅੱਜ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ਇੱਕ ਅਨੋਖੇ ਫੋਕ ਡਾਂਸ ਅਤੇ ਗਾਇਨ ਦੇ ਮਿਸ਼ਰਨ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇੱਕੋ ਹੀ ਸਟੇਜ ‘ਤੇ ਗਿੱਧਾ-ਭੰਗੜਾ ਅਤੇ ਐਕਵਾਡੋਰ ਦੇ ਰਵਾਇਤੀ ਨਾਚ ‘ਟਾਇਰਾ ਨੇਗਰਾ’ ਦਾ ਪ੍ਰਦਰਸ਼ਨ ਕਰਕੇ ਆਏ ਹੋਏ ਸਰੋਤਿਆਂ ਦਾ ਮਨ ਮੋਹ ਲਿਆ।
ਇਹ ਸਾਰੇ ਕਲਾਕਾਰ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਦੁਆਰਾ, ਪੰਜਾਬ ਕਲਚਰਲ ਪ੍ਰੋਮੋਸ਼ਨ ਕਾਊਂਸਲ ਦੇ ਸਹਿਯੋਗ ਨਾਲ ਆਯੋਜਿਤ ਖਾਲਸਾ ਕਾਲਜ ਇੰਟਰਨੈਸ਼ਨਲ ਫੋਕ ਫੈਸਟੀਵਲ-2011 ਦੌਰਾਨ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਸਨ। ਐਕਵਾਡੋਰ ਦੇ ਕਲਾਕਾਰਾਂ ਨੇ ਰੰਗ-ਬਿਰੰਗੇ ਲਿਬਾਸ ਪਹਿਨੇ ਹੋਏ ਫੁੱਟ ਟੈਪਿੰਗ ਨਾਚ ਅਤੇ ਸਪੈਨਿਸ਼ ਭਾਸ਼ਾ ਵਿੱਚ ਗਾਇਕੀ ਦਾ ਮੁਜ਼ਾਹਰਾ ਕਰਕੇ ਖੂਬ ਵਾਹ-ਵਾਹ ਲੁੱਟੀ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ, ਜੋ ਕਿ ਫੈਸਟੀਵਲ ਦੇ ਮੁੱਖ ਮਹਿਮਾਨ ਸਨ, ਨੇ ਕਿਹਾ ਕਿ ਇਸ ਤਰ੍ਹਾਂ ਦੇ ਅੰਤਰ-ਸਾਂਸਕ੍ਰਿਤਿਕ ਪ੍ਰੋਗਰਾਮ ਵੱਖਰੇ-ਵੱਖਰੇ ਸਭਿਆਚਾਰਾਂ ਨੂੰ ਸਮਝਣ ਅਤੇ ਸੰਸਾਰ ਵਿੱਚ ਮਿਲਵਰਤਣ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਕਾਲਜ ਦੇ ਵਿਦਿਆਰਥੀ ਅਤੇ ਲੈਟਿਨ ਅਮਰੀਕਾ ਤੋਂ ਆਏ ਇਹ ਕਲਾਕਾਰ ਇਕੱਠੇ ਇੱਕ ਸਟੇਜ ਉੱਤੇ ਆਪਣੀ-ਆਪਣੀ ਕਲਾ ਦਾ ਮੁਜ਼ਾਹਰਾ ਕਰ ਰਹੇ ਹਨ।
ਐਕਵਾਡੋਰ ਦੇ ਕਲਾਕਾਰਾਂ ਨੇ ਖਾਲਸਾ ਕਾਲਜ ਆਫ ਐਜ਼ੂਕੇਸ਼ਨ (ਰਣਜੀਤ ਐਵੀਨਿਊ) ਦੀ ਟੀਮ ਦੁਆਰਾ ਗਿੱਧਾ ਆਈਟਮ ਦਾ ਖਾਸ ਨਜ਼ਾਰਾ ਵੇਖਿਆ ਅਤੇ ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਵਿੱਚ ਆ ਕੇ ਪੰਜਾਬੀ ਸਭਿਆਚਾਰ ਨੂੰ ਪਹਿਲੀ ਵਾਰ ਵੇਖ ਕੇ ਉਤਸੁਕ ਹੋ ਰਹੇ ਹਨ। ਉਨ੍ਹਾਂ ਨੂੰ ਜਿੱਥੇ ਪੰਜਾਬੀ ਸਭਿਆਚਾਰਕ ਨਾਚ ਅਤੇ ਗਾਇਨ ਦੀ ਸਲਾਹਨਾ ਕੀਤੀ ਉੱਥੇ ਉਨ੍ਹਾਂ ਕਿਹਾ ਕਿ ਉਹ ਇਸ ਸਭਿਆਚਾਰ ਤੋਂ ਇਨੇ ਪ੍ਰਭਾਵਿਤ ਹੋਏ ਹਨ ਕਿ ਉਹ ਆਪਣੇ ਦੇਸ਼ ਜਾ ਕੇ ਆਪਣੇ ਇੱਥੋਂ ਦੇ ਅਨੁਭਵ ਨੂੰ ਕਦੇ ਵੀ ਨਹੀਂ ਭੁੱਲਣਗੇ।
ਮੌਕੇ ਦੇ ਮੌਜੂਦ ਕਾਲਜ ਦੇ ਪ੍ਰਿੰਸੀਪਲ, ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇੰਟਰਨੈਸ਼ਨਲ ਕਲਚਰਲ ਪ੍ਰੋਗਰਾਮ ਦੀ ਕੜੀ ਦਾ ਇਹ 21ਵੀਂ ਸਮਾਰੋਹ ਸੀ, ਜਿਸ ਦਾ ਮਕਸਦ ਵੱਖ-ਵੱਖ ਸਭਿਆਚਾਰਾਂ ਵਿੱਚ ਲੋੜੀਂਦੀ ਸਾਂਝ ਨੂੰ ਪ੍ਰਫੁੱਲਤ ਕਰਨਾ ਸੀ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਦੇ ਕਲਾਕਾਰ ਐਕਵਾਡੋਰ ਦੀ ਕਲਾ ਅਤੇ ਸਭਿਆਚਾਰ ਨੂੰ ਸਮਝ ਰਹੇ ਹਨ, ਉੱਥੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਐਕਵਾਡੋਰ ਦੇ ਲੋਕ-ਨਾਚ ਅਤੇ ਗਾਇਨੀ ਨੂੰ ਅਸੀਂ ਇੱਥੇ ਪੰਜਾਬ ਵਿੱਚ ਵੀ ਸਮਝਣ ਵਿੱਚ ਕਾਮਯਾਬ ਹੋਏ ਹਾਂ।
ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ ਪਹਿਲੇ ਕਿਹਾ ਕਿ ਦੁਨੀਆ ਇੱਕ ਗਲੋਬਲ ਪਿੰਡ ਦੇ ਤੌਰ ‘ਤੇ ਉਭਰ ਰਹੀ ਹੈ ਅਤੇ ਅੱਜ ਦੇ ਮਾਹੌਲ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਇੱਕ ਵੱਖਰੀ ਇੰਟਰਨੈਸ਼ਨਲ ਸਮਝ ਉਭਾਰਨ ਵਿੱਚ ਸਹਾਈ ਹੁੰਦੇ ਹਨ। ਪੰਜਾਬ ਕਲਚਰਲ ਪ੍ਰੋਮੋਸ਼ਨ ਕਾਊਂਸ ਦੇ ਡਾਇਰੈਕਟਰ, ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਖੁਸ਼ੀ ਹੈ ਕਿ ਉਹ ਆਪਣਾ 100ਵਾਂ ਸਮਾਰੋਹ ਖਾਲਸਾ ਕਾਲਜ ਵਿਖੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਜਿੱਥੇ ਵਿਦਿਅਕ ਖੇਤਰ ਵਿੱਚ ਦੇਸ਼ ਅਤੇ ਰਾਜ ਦੀ ਸੇਵਾ ਕਰ ਰਿਹਾ ਹੈ, ਉੱਥੇ ਸਭਿਆਚਾਰਕ ਖੇਤਰ ਵਿੱਚ ਵੀ ਕਾਲਜ ਦੀ ਬਹੁੱਤ ਵੱਡਮੁੱਲੀ ਦੇਣ ਹੈ।
ਸ. ਰਾਜਿੰਦਰ ਮੋਹਨ ਸਿੰਘ ਛੀਨਾ, ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਡਾ. ਦਵਿੰਦਰ ਸਿੰਘ ਛੀਨਾ ਅਤੇ ਐਕਵਾਡੋਰ ਦੇ ਆਏ ਹੋਏ ਕਲਾਕਾਰਾਂ ਦਾ ਮੀਮੈਂਟੋ ਦੇ ਕੇ ਨਿੱਘਾ ਸਵਾਗਤ ਕੀਤਾ। ਐਕਵਾਡੋਰ ਦੇ ਡੈਲੀਗੇਸ਼ਨ ਦੇ ਮੁਖੀ, ਕਾਰਲਸ ਜੋਨਾਥਨ ਮੀਨੋਟਾ ਨੇ ਕਿਹਾ ਕਿ ਉਹ ਪੰਜਾਬ ਦੀ ਪ੍ਰਾਹੌਣਾਚਾਰੀ ਵੇਖ ਕੇ ਗੱਦ-ਗੱਦ ਹੋਏ ਹਨ ਅਤੇ ਉਹ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਇਸ ਰੂਹਾਨੀ ਅਸਥਾਨ ਤੋਂ ਇੰਨੇ ਪ੍ਰਭਾਵਿਤ ਹੋਏ ਹਨ ਕਿ ਉਹ ਜ਼ਿੰਦਗੀ ਵਿੱਚ ਇਹ ਸਾਰਾ ਤਜਰਬਾ ਕਦੇ ਵੀ ਨਹੀਂ ਭੁੱਲ ਸਕਣਗੇ।
ਇਸ ਮੌਕੇ ‘ਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜਾਇੰਟ ਸਕੱਤਰ (ਲੀਗਲ), ਸ. ਅਜਮੇਰ ਸਿੰਘ ਹੇਰ, ਖਾਲਸਾ ਕਾਲਜ ਆਫ ਐਜ਼ੂਕੇਸ਼ਨ (ਰਣਜੀਤ ਐਵੀਨਿਊ) ਦੀ ਪ੍ਰਿੰਸੀਪਲ, ਡਾ. ਸੁਰਿੰਦਰਪਾਲ ਕੌਰ ਢਿੱਲੋਂ, ਪ੍ਰੋ. ਐਸ.ਐਸ. ਛੀਨਾ ਅਤੇ ਡਾ. ਬਲਵਿੰਦਰ ਸਿੰਘ ਆਦਿ ਮੌਜੂਦ ਸਨ। ਸਟੇਜ ਦੀ ਕਾਰਵਾਈ ਪ੍ਰੋ. ਨਵਨੀਤ ਕੌਰ ਨੇ ਬਾਖੂਬੀ ਨਿਭਾਈ।।
(ਧਰਮਿੰਦਰ ਸਿੰਘ ਰਟੌਲ)
ਡਿਪਟੀ ਡਾਇਰੈਕਟਰ 

Translate »