November 13, 2011 admin

ਪਲੇਠੇ ਪਰਲਜ਼ ਮਹਿਲਾ ਕਬੱਡੀ ਵਿਸ਼ਵ ਕੱਪ ਦੇ ਮੁਕਾਬਲੇ ਅੱਜ ‘ਤੋਂ

ਉਦਘਾਟਨੀ ਮੈਚ ਭਾਰਤ ਬਨਾਮ ਤੁਰਕਮੇਨਿਸਤਾਨ                             
-ਰਣਜੀਤ ਸਿੰਘ ਪ੍ਰੀਤ
ਪੰਜਾਬ ਸਰਕਾਰ, ਸਪੋਰਟਸ ਵਿਭਾਗ,ਸਪੋਰਟਸ ਕੌਂਸਲ,ਖ਼ਾਸ਼ਕਰ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਨਾਲ ਕਰਵਾਏ ਜਾ ਰਹੇ ਦੂਜੇ ਵਿਸ਼ਾਲ ਪਰਲਜ਼ ਕਬੱਡੀ ਵਿਸ਼ਵ ਕੱਪ ਵਿੱਚ ਇਸਤਰੀ ਵਰਗ ਦੀ ਕਬੱਡੀ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ । ਇਸ ਵਿੱਚ ਭਾਰਤ ਤੋਂ ਇਲਾਵਾ ਇੰਗਲੈਂਡ,ਅਮਰੀਕਾ,ਅਤੇ ਤੁਰਕਮੇਨਿਸਤਾਨ ਦੀਆਂ ਟੀਮਾਂ ਸ਼ਾਮਲ ਹਨ। ਇਰਾਨ ਦੇ ਇਨਕਾਰ ਕਰਨ ਮਗਰੋਂ ਤੁਰਕਮੇਨਿਸਤਾਨ ਨੂੰ ਐਂਟਰੀ ਦਿੱਤੀ ਗਈ ਹੈ । ਇਸ ਤਬਦੀਲੀ ਦੇ ਨਾਲ ਹੀ ਮੈਚਾਂ ਵਿੱਚ ਵੀ ਫੇਰ ਬਦਲ ਕੀਤਾ ਗਿਆ ਹੈ । ਜਿਸ ਅਨੁਸਾਰ ਅੱਜ ਭਾਰਤ ਦਾ ਪਹਿਲਾ ਮੁਕਾਬਲਾ ਤੁਰਕਮੇਨਿਸਤਾਨ ਨਾਲ ਦੇਰ ਸ਼ਾਮ ਨੂੰ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿੱਚ ਖੇਡਿਆ ਜਾਣਾ ਹੈ । ਇਸਤਰੀ ਵਰਗ ਦੇ ਇਹ ਮੁਕਾਬਲੇ 11 ਤੋਂ 20 ਨਵੰਬਰ ਤੱਕ ਹੋਣੇ ਹਨ । ਸੱਤ ਖੇਡ ਮੈਦਾਨਾਂ ਵਿੱਚ, ਖੇਡੇ ਜਾਣ ਵਾਲੇ ਮੈਚਾਂ ਦੀ ਗਿਣਤੀ ਵੀ 7 ਹੈ । ਜੇਤੂ ਟੀਮ ਨੂੰ 25 ਲੱਖ,ਉਪ-ਜੇਤੂ ਨੂੰ 15 ਲੱਖ,ਅਤੇ ਬਾਕੀ ਦੀਆਂ ਦੋਨੋ ਟੀਮਾਂ ਨੂੰ 10-10 ਲੱਖ ਰੁਪਏ ਦਿੱਤੇ ਜਾਣੇ ਹਨ ।
                                      ਮਹਿਲਾ ਟੀਮ ਦੀ ਚੋਣ ਲਈ ਲੁਧਿਆਣਾ ਵਿਖੇ ਟਰਾਇਲ  ਸਮੇ 43 ਖਿਡਾਰਨਾਂ ਦੀ ਚੋਣ ਕੀਤੀ ਗਈ ਸੀ । ਟੀਮ ਦੀ ਚੋਣ ਲਈ ਉਥੇ ਹੀ 40 ਖਿਡਾਰਨਾਂ ਦਾ ਕੈਂਪ ਚੱਲਿਆ ਅਤੇ 40 ਖਿਡਾਰਨਾਂ ਦਾ ਡੋਪ ਟੈਸਟ ਸਹੀ ਰਿਹਾ । ਜਿਨ੍ਹਾਂ ਵਿੱਚੋਂ 14 ਖਿਡਾਰਨਾਂ ਦੀ ਚੋਣ ਕੀਤੀ ਗਈ ਹੈ । ਇਹਨਾਂ ਵਿੱਚ 12 ਖਿਡਾਰਨਾਂ ਪੰਜਾਬ ਦੀਆਂ ਅਤੇ 2 ਖਿਡਾਰਨਾਂ ਹਰਿਆਣੇ ਦੀਆਂ ਹਨ। ਟੀਮ ਦੀ ਕਪਤਾਨ ਜਾਫ਼ੀ ਜਤਿੰਦਰ ਕੌਰ ਨੂੰ ਬਣਾਇਆ ਗਿਆ ਹੈ  । ਜਦੋਂ ਕਿ ਉਪ-ਕਪਤਾਨੀ ਧਾਵੀ ਰਾਜਵਿੰਦਰ ਕੌਰ ਨੂੰ ਸੌਂਪੀ ਗਈ ਹੈ । ਇਹਨਾਂ ਦੋਹਾਂ ਖਿਡਾਰਨਾਂ ਦਾ ਸਬੰਧ ਜਗਤਪੁਰ ਅਕੈਡਮੀ ਨਾਲ ਹੈ । ਇਹਨਾਂ ਦੋਹਾਂ ਬਾਰੇ ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਟੀਮ ਲਈ ਅਹਿਮ ਭੂਮਿਕਾ ਨਿਭਾਉਣਗੀਆਂ,ਕਿਓਂਕਿ ਇਹਨਾ ਕੋਲ ਚੰਗਾ ਤਜ਼ਰਬਾ ਹੈ । ਜਾਫ਼ੀਆਂ ਵਿੱਚ : ਜਤਿੰਦਰ ਕੌਰ, ਜਸਵੀਰ ਕੌਰ, ਅਨੂੰ ਰਾਣੀ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਰਿਤੂ ਰਾਣੀ, ਮਨਦੀਪ ਕੌਰ ਸ਼ਾਮਲ ਹਨ । ਜਦੋਂ ਕਿ ਧਾਵੀਆਂ ਵਿੱਚ : ਰਾਜਵਿੰਦਰ ਕੌਰ, ਪ੍ਰਿਯੰਕਾ ਦੇਵੀ,  ਸੁਖਵਿੰਦਰ ਕੌਰ,  ਮੀਨਾ,   ਕੁਲਵਿੰਦਰ ਕੌਰ,  ਮਨਦੀਪ ਕੌਰ,  ਸੁਮਨ ਲਤਾ ਨੂੰ ਚੁਣਿਆਂ ਗਿਆ ਹੈ । ਰਾਖਵੀਆਂ ਖਿਡਾਰਨਾਂ ਵਿੱਚ: ਬੀਰ ਦਵਿੰਦਰ ਕੌਰ, ਰਣਦੀਪ ਕੌਰ, ਇੰਦਰਜੀਤ ਕੌਰ ਅਤੇ ਨਵਨੀਤ ਕੌਰ ਦੇ ਨਾਂਅ ਦਰਜ ਹਨ । ਕੋਚ ਜਸਕਰਨ ਕੌਰ ਲਾਡੀ,ਅਵਤਾਰ ਕੌਰ ਨੂੰ ਟੀਮ ਦੀ ਖ਼ਿਤਾਬੀ ਜਿੱਤ ਦਾ ਪੂਰਾ ਭਰੋਸਾ ਹੈ । ਪਰ ਰਾਖ਼ਵੀਂ ਖਿਡਾਰਨ ਰਣਦੀਪ ਨੇ ਟੀਮ ਦੀ ਚੋਣ ‘ਤੇ ਉਂਗਲੀ ਵੀ ਉਠਾਈ ਹੈ । ਕਿਸ ਟੀਮ ਨੇ ਕਿਸ ਟੀਮ ਨਾਲ,ਕਿਸ ਖੇਡ ਮੈਦਾਨ ਵਿੱਚ ,ਕਿੰਨੀ ਤਾਰੀਖ਼ ਨੂੰ, ਕਿੰਨੇ ਸਮੇ ‘ਤੇ ਮੈਚ ਖੇਡਣਾ ਹੈ ਦਾ ਕੰਪਲੀਟ ਵੇਰਵਾ ਵੀ ਤਿਆਰ ਹੋ ਚੁੱਕਿਆ ਹੈ । ਜੋ ਇਸ ਪ੍ਰਕਾਰ ਹੈ:-

11 ਨਵੰਬਰ: ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ :; ਭਾਰਤ ਬਨਾਮ ਤੁਰਕਮੇਨਿਸਤਾਨ,
ਸ਼ਾਮ 5.30 ਵਜੇ ।
12 ਨਵੰਬਰ: ਸ਼ਹੀਦ ਭਗਤ ਸਿੰਘ ਸਟੇਡੀਅਮ, ਫਿਰੋਜ਼ਪੁਰ:;ਵਿਖੇ ਇੰਗਲੈਡ ਬਨਾਮ ਭਾਰਤ,
 ਦੁਪਿਹਰ 12.30 ਵਜੇ ।
13 ਨਵੰਬਰ: ਅਰਾਮ ਦਾ ਦਿਨ ।
14 ਨਵੰਬਰ: ਆਊਟ ਡੋਰ ਸਟੇਡੀਅਮ, ਹੁਸ਼ਿਆਰਪੁਰ:; ਅਮਰੀਕਾ ਬਨਾਮ ਤੁਰਕਮੇਨਿਸਤਾਨ,
     ਦੁਪਿਹਰ 12.30 ਵਜੇ ।
15  ਨਵੰਬਰ: ਐਨ ਐਮ ਸਰਜਾਰੀ ਕਾਲਜ, ਮਾਨਸਾ; ਅਮਰੀਕਾ ਬਨਾਮ ਇੰਗਲੈਡ,
    ਦੁਪਿਹਰ 12.30 ਵਜੇ ।
16 ਨਵੰਬਰ: ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ:; ਇੰਗਲੈਂਡ ਬਨਾਮ ਤੁਰਕਮੇਨਿਸਤਾ,
    ਸ਼ਾਮ 5.30 ਵਜੇ ।
17 ਨਵੰਬਰ :ਅਰਾਮ ਦਾ ਦਿਨ ।
18 ਨਵੰਬਰ: ਸਪੋਰਟਸ ਸਟੇਡੀਅਮ, ਬਠਿੰਡਾ:; ਭਾਰਤ ਬਨਾਮ ਅਮਰੀਕਾ,
    ਸ਼ਾਮ 5.30 ਵਜੇ ।
19 ਨਵੰਬਰ: ਅਰਾਮ ਦਾ ਦਿਨ ।
20 ਨਵੰਬਰ: ਗੁਰੂ ਨਾਨਕ ਸਟੇਡੀਅਮ, ਲੁਧਿਆਣਾ:; ਫਾਈਨਲ,ਸਮਾਪਨ ਸਮਾਰੋਹ,
     ਸ਼ਾਮ 6.00 ਵਜੇ ।

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ )
ਮੁਬਾਇਲ ਸੰਪਰਕ;98157-07232


 

Translate »