November 13, 2011 admin

ਕੋਮਾਂਤਰੀ ਕਬੱਡੀ ਮੈਚਾਂ ਲਈ ਸਾਰੇ ਪ੍ਰਬੰਧ ਮੁਕੰਮਲ-ਡਾ. ਐਸ.ਕੇ. ਰਾਜੂ

*ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਵੇਰੇ 9.00 ਵਜੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਕਰਨਗੇ
*ਕਬੱਡੀ ਮੈਚਾਂ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਹੋਣਗੇ

ਫਿਰੋਜ਼ਪੁਰ – 12 ਨਵੰਬਰ ਨੂੰ ਫ਼ਿਰੋਜ਼ਪਰ ਵਿਖੇ ਹੋ ਰਹੇ ਵਿਸ਼ਵ ਕਬੱਡੀ ਕੱਪ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਮੈਚ ਵੇਖਣ ਵਾਲੇ ਦਰਸ਼ਕਾਂ ਅਤੇ ਖੇਡਣ ਵਾਲੇ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਐਸ.ਕੇ. ਰਾਜੂ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਵਿਸ਼ਵ ਕਬੱਡੀ ਕੱਪ ਦੇ ਕੱਲ੍ਹ ਹੋਣ ਵਾਲੇ ਮੈਚਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ, ਸ. ਬਲਦੇਵ ਸਿੰਘ ਭੁੱਲਰ ਕੋਆਰਡੀਨੇਟਰ, ਜ਼ਿਲ੍ਹਾ ਖੇਡ ਅਫਸਰ ਸ੍ਰੀ ਸੁਨੀਲ ਸ਼ਰਮਾ, ਸ. ਜਤਿੰਦਰ ਸਿੰਘ ਬੈਨੀਵਾਲ ਐਸ.ਪੀ. ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਬੱਡੀ ਮੈਚਾਂ ਸਬੰਧੀ ਪ੍ਰਬੰਧਾਂ ਲਈ 10 ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਇਨ੍ਹਾਂ ਮੈਚਾਂ ਸਬੰਧੀ ਸਾਰੇ ਪ੍ਰਬੰਧਾਂ ਜਿਵੇਂ ਸੁਰੱਖਿਆ, ਕਾਨੂੰਨ ਵਿਵਸਥਾ ਅਤੇ ਟ੍ਰੈਫਿਕ ਪਾਰਕਿੰਗ, ਮੈਡੀਕਲ ਸਹੂਲਤਾਂ, ਟਰਾਂਸਪੋਰਟ, ਗਰਾਊਂਡ ਕਮੇਟੀ, ਪਬਲੀ ਸਿਟੀ ਤੇ ਮੀਡੀਆ ਸੈਂਟਰ ਕਮੇਟੀ ਆਦਿ ਸ਼ਾਮਲ ਹਨ, ਵੱਲੋਂ ਸਾਰੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਿਰੋਜ਼ਪੁਰ ਵਾਸੀਆਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ  ਕਿ ਇਥੇ ਪਹਿਲੀ ਵਾਰ ਵਿਸ਼ਵ ਕਬੱਡੀ ਕੱਪ ਦੇ ਚਾਰ ਮੈਚ ਹੋ ਰਹੇ ਹਨ, ਜਿਨ੍ਹਾਂ ਵਿਚੋਂ ਇਕ ਮੈਚ ਲੜਕੀਆਂ ਦਾ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਤੇ ਦਰਸ਼ਕਾਂ ਦੀ ਸਹੂਲਤ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ, ਜਿਸ ਦੀ ਨਿਗਰਾਨੀ ਐਸ.ਐਸ.ਪੀ. ਫ਼ਿਰੋਜ਼ਪੁਰ ਸ. ਸੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀਂ ਹੈ। ਇਸ ਸਬੰਧ ਵਿਚ 4 ਐਸ.ਪੀ., 14 ਡੀ.ਐਸ.ਪੀਜ਼, 55 ਇੰਸਪੈਕਟਰ, 117 ਏ.ਐਸ.ਆਈ. ਸਮੇਤ ਲੋੜੀਂਦੇ ਪੁਲੀਸ ਜਵਾਨਾਂ ਅਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ 90 ਅਫਸਰਾਂ ਤੇ ਜਵਾਨਾਂ ਦੀ ਡਿਊਟੀ ਲਗਾਈ ਗਈ ਹੈ। ਇਸ ਤੋਂ ਇਲਾਵਾ 120 ਮਹਿਲਾਂ ਸਿਪਾਹੀਆਂ ਦੀ ਵੀ ਡਿਊਟੀ ਲਗਾਈ ਗਈ ਹੈ। ਸਮਾਗਮ ਦੇ ਮੁੱਖ ਮਹਿਮਾਨ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਹੋਣਗੇ। ਇਸ ਤੋਂ ਪਹਿਲਾਂ ਸਵੇਰੇ 9 ਵਜੇਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ 10 ਵਜੇਂ ਸਵੇਰੇ ਬਿਰਧ ਆਸ਼ਰਮ ਫ਼ਿਰੋਜ਼ਪੁਰ ਸ਼ਹਿਰ ਦਾ ਉਦਘਾਟਨ ਵੀ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੁਪਿਹਰ 1.00 ਵਜੇਂ ਕਨੇਡਾ ਬਨਾਮ ਨੇਪਾਲ ਦੀਆਂ ਟੀਮਾਂ ਦੇ ਮੁਕਾਬਲੇ ਨਾਲ ਮੈਚ ਸ਼ੁਰੂ ਹੋਵੇਗਾ। ਇਸ ਉਪਰੰਤ ਆਸਟਰੇਲੀਆ ਬਨਾਮ ਅਫਗਾਨਿਸਤਾਨ, ਇੰਗਲੈਂਡ ਬਨਾਮ ਭਾਰਤ (ਲੜਕੀਆਂ) ਅਤੇ ਇੰਗਲੈਂਡ ਬਨਾਮ ਜਰਮਨ ਮਰਦਾਂ ਦੇ ਕਬੱਡੀ ਮੁਕਾਬਲੇ ਹੋਣਗੇ। ਇਹ ਸਾਰੀਆਂ ਟੀਮਾਂ ਪੂਲ ਏ ਨਾਲ ਸਬੰਧਿਤ ਹਨ। ਇਨ੍ਹਾਂ ਮੈਚਾਂ ਦੀ ਕੋਈ ਐਂਟਰੀ ਫੀਸ ਨਹੀਂ ਹੋਵੇਗੀ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ  12 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਪਹੁੰਚ ਕੇ ਇਨ੍ਹਾਂ ਕੌਮਾਂਤਰੀ ਕਬੱਡੀ ਮੈਂਚਾਂ ਦਾ ਆਨੰਦ ਮਾਣਨ।

Translate »