November 13, 2011 admin

ਕਬੱਡੀ ਖਿਡਾਰੀ ਆਪਣੇ ਛੋਟੇ ਨਾਵਾਂ ਨਾਲ ਹੋਏ ਮਸ਼ਹੂਰ

*ਕੁਮੈਂਟੇਟਰਾਂ, ਦਰਸ਼ਕਾਂ ਵੱਲੋਂ ਖਿਡਾਰੀਆਂ ਦੀ ਖੇਡ ਅਨੁਸਾਰ ਰੱਖੇ ਛੋਟੇ ਨਾਂ
*ਖਿਡਾਰੀਆਂ ਦੇ ਨਾਲ ਪਿੰਡਾਂ ਦੇ ਨਾਂ ਵੀ ਹੋ ਰਹੇ ਨੇ ਮਕਬੂਲ

ਪਟਿਆਲਾ/ਚੰਡੀਗੜ੍ਹ – ਵਿਸ਼ਵ ਕੱਪ ਕਬੱਡੀ ਦੌਰਾਨ ਜਿੱਥੇ ਕਬੱਡੀ ਖਿਡਾਰੀਆਂ ਵੱਲੋਂ ਪਾਈਆਂ ਰੇਡਾਂ ਤੇ ਜੱਫੇ ਦਰਸ਼ਕਾਂ ਨੂੰ ਖਿੱਚ ਰਹੇ ਹਨ ਉਥੇ ਖਿਡਾਰੀਆਂ ਦੀ ਖੇਡ ਅਨੁਸਾਰ ਰੱਖੇ ਛੋਟੇ ਨਾਂ ਵੀ ਮਸ਼ਹੂਰ ਹੋ ਰਹੇ ਹਨ। ਇਸ ਤੋਂ ਇਲਾਵਾ ਹਰ ਖਿਡਾਰੀ ਨੂੰ ਉਸ ਦੇ ਪੂਰੇ ਨਾਮ ਦੀ ਬਜਾਏ ਛੋਟੇ ਨਾਮ ਨਾਲ ਹੀ ਪੁਕਾਰਿਆ ਜਾਂਦਾ ਹੈ।
       ਇੰਗਲੈਂਡ ਦਾ ਧੱਕੜ ਧਾਵੀ ਮੰਗਾ ਮਿੱਠਾਪੁਰੀਆ ਜਦੋਂ ਵੀ ਵਿਰੋਧੀ ਪਾਲੇ ਵਿੱਚ ਰੇਡ ਪਾਉਣ ਜਾਂਦਾ ਹੈ ਤਾਂ ਉਸ ਨੂੰ ‘ਪਹਾੜ ਸਿੰਘ’ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ। ਮੰਗੇ ਦੇ ਜੁੱਸਾ ਜਿੱਥੇ ਸਡਲ ਹੈ ਉਥੇ ਉਸ ਨੂੰ ਡੱਕਣਾ ਬਹੁਤ ਮੁਸ਼ਕਲ ਹੈ ਜਿਸ ਕਾਰਨ ਉਸ ਦਾ ਇਹ ਨਾਂ ਰੱਖਿਆ ਗਿਆ ਹੈ। ਕੈਨੇਡਾ ਦਾ ਅਨੁਭਵੀ ਧਾਵੀ ਕਿੰਦਾ ਬਿਹਾਰੀਪੁਰੀਆ ਅਤੇ ਭਾਰਤ ਦਾ ਹਰਦਵਿੰਦਰ ਸਿੰਘ ਦੁੱਲਾ ਸੁਰਖਪੁਰੀਆ ‘ਚੀਤੇ’ ਦੇ ਨਾਲ ਪੁਕਾਰੇ ਜਾਂਦੇ ਹਨ।
ਪਾਕਿਸਤਾਨ ਦੇ ਧਾਵੀ ਅਖਤਰ ਪਠਾਣ ਨੂੰ ‘ਅੱਥਰੇ ਘੋੜੇ’ ਦਾ ਖਿਤਾਬ ਦਿੱਤਾ ਗਿਆ ਹੈ ਜਿਹੜਾ ਕਿਸੇ ਜਾਫੀ ਦੇ ਰੋਕਿਆ ਨਹੀਂ ਰੋਕਦਾ। ਭਾਰਤ ਦਾ ਕਪਤਾਨ ਸੁਖਬੀਰ ਸਿੰਘ ਸਰਾਵਾਂ ਜਦੋਂ ਰੇਡ ਪਾਉਣ ਜਾਂਦਾ ਹੈ ਤਾਂ ਕੁਮੈਂਟੇਟਰਾਂ ਦੇ ਮੂੰਹੋ ਉਸ ਨੂੰ ‘ਮਾਲਵਾ ਐਕਸਪ੍ਰੈਸ’ ਕਿਹਾ ਜਾਂਦਾ ਹੈ ਜਿਹੜਾ ਕਿਸੇ ਵੀ ਜਾਫੀ ਦੇ ਰੋਕਿਆ ਨਹੀਂ ਰੋਕਦਾ। ਭਾਰਤ ਦਾ ਖਿਡਾਰੀ ਸੋਨੂੰ ਰੇਡ ਪਾਉਣ ਜਾਂਦਾ ਛਾਲਾਂ ਮਾਰਦਾ ਅੰਕ ਲੈ ਕੇ ਆਉਂਦਾ ਹੈ ਇਸ ਲਈ ਉਸ ਨੂੰ ‘ਸੋਨੂੰ ਜੰਪ’ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ। ਭਾਰਤ ਦਾ ਏਕਮ ਹਠੂਰ ਵੱਲੋਂ ਗੁੱਟ ਫੜ ਕੇ ਲਗਾਏ ਜਾਂਦੇ ਜੱਫਿਆਂ ਕਾਰਨ ਉਸ ਨੂੰ ‘ਗੁੱਟ ਦਾ ਪੀਰ’ ਕਿਹਾ ਜਾਂਦਾ ਹੈ। ਭਾਰਤ ਦੇ ਨਰਿੰਦਰ ਕੁਮਾਰ ਬਿੱਟੂ ਦੁਗਾਲ ਵੱਲੋਂ ਕੈਂਚੀ ਲਗਾ ਕੇ ਲਗਾਏ ਜਾਂਦੇ ਜੱਫੇ ਨੂੰ ‘ਰੋਪੜੀਆ ਜਿੰਦਾ’ ਕਿਹਾ ਜਾਂਦਾ ਹੈ।
ਵਿਸ਼ਵ ਕੱਪ ਵਿੱਚ ਕਿਸੇ ਵੀ ਖਿਡਾਰੀ ਦਾ ਪੂਰ ਨਾਂ ਮਕਬੂਲ ਨਹੀਂ ਹੋ ਰਿਹਾ ਜਦੋਂ ਕਿ ਹਰ ਇਕ ਦੇ ਮੂੰਹ ‘ਤੇ ਖਿਡਾਰੀਆਂ ਦਾ ਛੋਟਾ ਨਾਂ ਮਸ਼ਹੂਰ ਹੈ। ਜਰਮਨੀ ਦੇ ਨਵਦੀਪ ਨਡਾਲਾ ਨੂੰ ਐਨ.ਡੀ., ਕੈਨੇਡਾ ਦੇ ਕੁਲਵਿੰਦਰ ਨੂੰ ਕਿੰਦਾ ਬਿਹਾਰੀਪੁਰੀਆ, ਭਾਰਤ ਦੇ ਗੁਰਪ੍ਰੀਤ ਸਿੰਘ ਨੂੰ  ਗੱਗੀ ਖੀਰਾਵਾਲ, ਹਰਦਵਿੰਦਰਜੀਤ ਸਿੰਘ ਨੂੰ ਦੁੱਲਾ ਸੁਰਖੁਰੀਆ, ਮੰਗਤ ਸਿੰਘ ਨੂੰ ਮੰੰਗੀ ਬੱਗਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਹਰ ਖਿਡਾਰੀ ਨਾਲ ਜੱਦੀ ਪਿੰਡ ਦਾ ਨਾਂ ਨਾਲ ਜ਼ਰੂਰ ਜੁੜਦਾ ਹੈ ਜਿਵੇਂ ਬਿੱਟੂ ਠੀਕਰੀਵਾਲ, ਸੰਦੀਪ ਲੱਲੀਆਂ, ਸੰਦੀਪ ਨੰਗਲ ਅੰਬੀਆਂ, ਸੰਦੀਪ ਗੁਰਦਾਸਪੁਰੀਆ, ਮੰਗਾ ਮਿੱਠਾਪੁਰੀਆ, ਸੁਖਬੀਰ ਸਰਾਵਾਂ, ਦੁੱਲਾ ਸੁਰਖਪੁਰੀਆ, ਸੰਦੀਪ ਦਿੜ੍ਹਬਾ, ਗੁਰਲਾਲ ਘਨੌਰ, ਗੁਲਜ਼ਾਰੀ ਮੂਣਕ, ਗੱਗੀ ਖੀਰਾਵਾਲ, ਬਲਜੀਤ ਸੈਦੋਕੇ, ਗੁਰਪ੍ਰੀਤ ਕਾਹਲਮਾਂ ਨਾਂ ਮਸ਼ਹੂਰ ਹਨ।
*ਦੋਦਾ ਵਿਖੇ ਅੱਜ ਹੋਣਗੇ ਪੂਲ ‘ਏ’ ਦੇ ਸਖਤ ਮੁਕਾਬਲੇ
*ਭਾਰਤ ਤੇ ਕੈਨੇਡਾ ਪੂਲ ਵਿੱਚ ਸਿਖਰ ‘ਤੇ ਆਉਣ ਲਈ ਲਾਉਣਗੀਆਂ ਜ਼ੋਰ
*ਸੈਮੀ ਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਲਈ ਭਿੜਨਗੀਆਂ ਆਸਟਰੇਲੀਆ ਤੇ ਇੰਗਲੈਂਡ ਦੀਆਂ ਟੀਮਾਂ
*ਅਫਗਾਨਸਿਤਾਨ ਤੇ ਜਰਮਨੀ ਵਿਚਾਲੇ ਹੋਵੇਗਾ ਸਨਮਾਨ ਲਈ ਭੇੜ

ਦੋਦਾ (ਮੁਕਤਸਰ)/ਚੰਡੀਗੜ੍ਹ – ਵਿਸ਼ਵ ਕੱਪ ਕਬੱਡੀ-2011 ਦੇ ਭਲਕੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਦੋਦਾ ਵਿਖੇ ਪੂਲ ‘ਏ’ ਦੇ ਮੁਕਾਬਲੇ ਹੋਣਗੇ। ਭਲਕੇ ਹੀ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਮੈਚ ਹੋਵੇਗਾ ਜਿਸ ਵਿੱਚ ਪਿਛਲੇ ਵਿਸ਼ਵ ਕੱਪ ਦੀ ਚੈਂਪੀਅਨ ਭਾਰਤ ਤੇ ਕਾਂਸੀ ਦਾ ਤਮਗਾ ਜੇਤੂ ਕੈਨੇਡਾ ਦੀਆਂ ਟੀਮਾਂ ਦੀ ਟੱਕਰ ਹੋਵੇਗੀ। ਹੋਰਨਾਂ ਮੈਚਾਂ ਵਿੱਚ ਆਸਟਰੇਲੀਆ ਤੇ ਇੰਗਲੈਂਡ ਅਤੇ ਅਫਗਾਨਸਿਤਾਨ ਤੇ ਜਰਮਨੀ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਬਠਿੰਡਾ-ਮੁਕਤਸਰ ਰੋਡ ‘ਤੇ ਕਾਉਣੀ ਪਿੰਡ ਨਾਲ ਵਸੇ ਪਿੰਡ ਦੋਦਾ ਵਿਖੇ ਭਲਕੇ ਭਾਰਤ ਤੇ ਕੈਨੇਡਾ ਦੀਆਂ ਟੀਮਾਂ ਇਕ-ਦੂਜੇ ਨੂੰ ਹਰਾ ਕੇ ਪਹਿਲਾ ਸਥਾਨ ਪੱਕਾ ਕਰ ਕੇ ਸੈਮੀ ਫਾਈਨਲ ਵਿੱਚ ਦਾਖਲਾ ਪਾਉਣ ਲਈ ਮੈਦਾਨ ਵਿੱਚ ਉਤਰਨਗੀਆਂ। ਦੋਵੇਂ ਟੀਮਾਂ ਇਸ ਵਾਰ ਪੂਲ ਵਿੱਚ ਪਹਿਲੇ ਤੇ ਦੂਜੇ ਉਪਰ ਚੱਲ ਰਹੀਆਂ ਹਨ। ਭਾਰਤ ਦੇ ਰੇਡਰ ਅਤੇ ਜਾਫੀ ਦੋਵੇਂ ਹੀ ਪੂਰੀ ਫਾਰਮ ਵਿੱਚ ਹਨ। ਭਾਰਤ ਦੇ ਸਾਰੇ ਹੀ ਰੇਡਰ ਅੰਕ ਬਟੋਰ ਰਹੇ ਜਦੋਂ ਕਿ ਜਾਫੀਆਂ ਵਿੱਚੋਂ ਏਕਮ ਹਠੂਰ ਤੇ ਬਿੱਟੂ ਦੁਗਾਲ ਖੂਬ ਜੱਫੇ ਲਾ ਰਹੇ ਹਨ। ਕੈਨੇਡਾ ਦੇ ਰੇਡਰ ਆਪਣੀ ਪੂਰੀ ਫਾਰਮ ਵਿੱਚ ਹਨ ਪਰ ਕੈਨੇਡਾ ਦੇ ਜਾਫੀ ਸੰਦੀਪ ਗੁਰਦਾਸਪੁਰੀਆ, ਬਲਜੀਤ ਸੈਦੋਕੇ ਤੇ ਤਾਊ ਕਹਿੰਦੇ ਕਹਾਉਂਦੇ ਰੇਡਰਾਂ ਨੂੰ ਜੱਫੇ ਲਾ ਚੁੱਕੇ ਹਨ ਜਿਸ ਕਾਰਨ ਮੁਕਾਬਲਾ ਸਖਤ ਰਹਿਣ ਦੀ ਆਸ ਹੈ।
       ਇਕ ਹੋਰ ਮੁਕਾਬਲੇ ਵਿੱਚ ਆਸਟਰੇਲੀਆ ਤੇ ਇੰਗਲੈਂਡ ਦੀਆਂ ਟੀਮਾਂ ਸੈਮੀ ਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਲਈ ਹਰ ਹੀਲੇ ਜਿੱਤਣ ਦੀ ਕੋਸ਼ਿਸ਼ ਕਰਨਗੀਆਂ। ਦੋਵੇਂ ਟੀਮਾਂ ਦੋ-ਦੋ ਮੈਚ ਹਾਰ ਚੁੱਕੀਆਂ ਹਨ ਅਤੇ ਇਕ ਹਾਰ ਦੋਵੇਂ ਟੀਮਾਂ ਨੂੰ ਵਿਸ਼ਵ ਕੱਪ ਵਿੱਚੋਂ ਬਾਹਰ ਕਰ ਦੇਣਗੀਆਂ। ਆਸਟਰੇਲੀਆ ਦੀ ਟੀਮ ਜਰਮਨੀ ਨੂੰ ਹਰਾ ਕੇ ਬੁਲੰਦ ਹੌਸਲੇ ਵਿੱਚ ਹੈ ਜਦੋਂ ਕਿ ਇੰਗਲੈਂਡ ਦੀ ਟੀਮ ਫਸਵੇਂ ਮੁਕਾਬਲਿਆਂ ਵਿੱਚ ਭਾਰਤ ਤੇ ਕੈਨੇਡਾ ਤੋਂ ਹਾਰ ਚੁੱਕੀਆਂ ਹਨ। ਇੰਗਲੈਂਡ ਦੀ ਟੀਮ ਦਾ ਧਾਵੀ ਮੰਗਾ ਮਿੱਠਾਪੁਰੀਆ ਪੂਰੀ ਫਾਰਮ ਵਿੱਚ ਹੈ। ਦਿਨ ਦੇ ਤੀਜੇ ਮੁਕਾਬਲੇ ਵਿੱਚ ਅਫਗਾਨਸਿਤਾਨ ਤੇ ਜਰਮਨੀ ਦੀਆਂ ਭਿੜਨਗੀਆਂ। ਨੇਪਾਲ ਨੂੰ ਹਰਾ ਕੇ ਅਫਗਾਨਸਿਤਾਨ ਦੀ ਟੀਮ ਖਾਤਾ ਖੋਲ੍ਹ ਚੁੱਕੀ ਹੈ ਅਤੇ ਹੁਣ ਇਹ ਜੇਤੂ ਲੈਅ ਕਾਇਮ ਰੱਖਣ ਲਈ ਬਰਕਰਾਰ ਹੈ। ਜਰਮਨੀ ਦੀ ਟੀਮ ਲਈ ਰਾਹ ਬਹੁਤ ਮੁਸ਼ਕਲ ਹੈ ਕਿਉਂਕਿ ਆਸਟਰੇਲੀਆ ਖਿਲਾਫ ਮੈਚ ਵਿੱਚ ਜਰਮਨੀ ਦੇ ਤਿੰਨ ਖਿਡਾਰੀ ਫੱਟੜ ਹੋ ਗਏ ਸਨ।

Translate »