November 13, 2011 admin

ਖਾਲਸਾਈ ਜਾਹੋ-ਜਲਾਲ ਨਾਲ ਨਿਕਲਿਆ ਯੂਬਾ ਸਿਟੀ ਦਾ ਨਗਰ ਕੀਰਤਨ

ਸਰੀ (ਚੜ੍ਹਦੀ ਕਲਾ ਬਿਊਰੋ)- ਅਮਰੀਕਾ ਦੀ ਧਰਤੀ ‘ਤੇ ਜਦੋਂ ਤੋਂ ਸਿੱਖਾਂ ਨੇ ਪੈਰ ਰੱਖਿਆ, ਉਹਨਾਂ ਆਪਣੇ ਸਮਾਜਿਕ ਅਤੇ ਧਾਰਮਿਕ ਅਕੀਦਿਆਂ ਅਨੁਸਾਰ ਜ਼ਿੰਦਗੀ ਜਿਊਣ ਨੂੰ ਤਰਜੀਹ ਹੀ ਨਹੀਂ ਦਿੱਤੀ ਸਗੋਂ ਆਪਣੇ ਮੁਸ਼ਕਿਲਾਂ ਭਰੇ ਪਰਵਾਸ ਵਿੱਚ ਸਮਾਜਿਕ ਧਾਰਮਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਿਆ। ਲਗਭਗ ਇੱਕ ਸਦੀ ਪਹਿਲਾਂ ਜਦੋਂ ਕੋਈ ਪੰਜਾਬੀ ਔਕੜਾਂ ਭਰੇ ਰਸਤਿਆਂ ਰਾਹੀਂ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਵਿੱਚ ਆਉਦਾ ਤਾਂ ਯੂਬਾ ਸਿਟੀ ਵਿੱਚ ਰਹਿਣ ਵਾਲੇ ਕੁਝ ਸਿੱਖ ਉਸ ਪਰਦੇਸੀ ਤੱਕ ਪਹੁੰਚ ਕਰਕੇ ਉਸਦੀ ਮਹਿਮਾਨ ਨਿਵਾਜ਼ੀ ਕਰਦੇ, ਕਈ ਕਈ ਦਿਨ ਵੱਖੋ-ਵੱਖਰੇ ਘਰਾਂ ਵਿੱਚ ਉਸਦੀ ਖਾਤਿਰਦਾਰੀ ਹੁੰਦੀ ਰਹਿੰਦੀ, ਕੰਮ ਕਾਰਾਂ ਤੋਂ ਵਿਹਲੇ ਹੋ ਕੇ ਵੱਖ-ਵੱਖ ਘਰਾਂ ਵਿਚ ਸਾਰੇ ਪੰਜਾਬੀ ਇਕੱਠੇ ਹੋ ਕੇ ਰਾਤ ਦਾ ਪ੍ਰੀਤੀ ਭੋਜਨ ਕਰਦੇ, ਫਿਰ ਸਮੇਂ ਦੇ ਨਾਲ ਨਾਲ ਸਿਆਣੇ ਬਜ਼ੁਰਗਾਂ ਨੇ ਟਾਇਰਾ ਬਿਊਨਾ ਰੋਡ ‘ਤੇ ਸਿੱਖ ਟੈਂਪਲ ਗੁਰਦੁਆਰਾ ਸਾਹਿਬ ਕਾਇਮ ਕਰਕੇ ਧਾਰਮਿਕ ਅਤੇ ਸਮਾਜਿਕ ਏਕਤਾ ਕਾਇਮ ਕੀਤੀ। ਅੱਜ ਤੋਂ 32 ਸਾਲ ਪਹਿਲਾਂ ਸਿਆਣੇ ਬਜ਼ੁਰਗਾਂ ਨੇ ਖਾਲਸੇ ਦੀ ਵਿਲੱਖਣ ਹੋਂਦ ਦਾ ਪ੍ਰਗਟਾਵਾ ਕਰਨ ਅਤੇ ਦੂਰ ਦੁਰਾਡੇ ਰਹਿਣ ਵਾਲੇ ਪੰਜਾਬੀਆਂ ਵਿੱਚ ਆਪਸੀ ਤਾਲਮੇਲ ਕਾਇਮ ਕਰਨ ਅਤੇ ਸਿੱਖੀ ਧੁਰੇ ਨਾਲ ਆਉਣ ਵਾਲੀ ਪੀੜ੍ਹੀਆਂ ਨੂੰ ਜੋੜੀ ਰੱਖਣ ਦੇ ਸੰਕਲਪ ਨੂੰ ਮੁੱਖ ਰੱਖਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕਰਨ ਦਾ ਉਪਰਾਲਾ ਛੋਟੇ ਪੱਧਰ ‘ਤੇ ਆਰੰਭ ਕੀਤਾ, ਜੋ ਅੱਜ ਸੰਗਤਾਂ ਵਲੋਂ ਆਪਣੇ ਬਜ਼ੁਰਗਾਂ ਦੀ ਸੋਚ ਨੂੰ ਅੱਗੇ ਵਧਾਉਣ ਸਦਕਾ ਅਮਰੀਕਾ ਵਿੱਚ ਹੀ ਨਹੀਂ ਸਗੋਂ ਪੂਰੇ ਸੰਸਾਰ ਵਿਚ ਪ੍ਰਸਿੱਧ ਹੋ ਚੁੱਕਾ ਹੈ। ਜਿੱਥੇ ਦੁਨੀਆਂ ਦੇ ਕੋਨੇ ਕੋਨੇ ਤੋਂ ਪੰਜਾਬੀ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਨੂੰ ਲੋਚਦੇ ਰਹਿੰਦੇ ਹਨ, ਉਥੇ ਯੂਬਾ ਸਿਟੀ ਵਿੱਚ ਰਹਿਣ ਵਾਲੇ ਪੰਜਾਬੀ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੀ ਹਰ ਤਰ੍ਹਾਂ ਦੀ ਸੇਵਾ ਅਤੇ ਮਹਿਮਾਨ ਨਿਵਾਜ਼ੀ ਕਰਨ ਦੀ ਉਡੀਕ ਵਿਚ ਸਾਰਾ ਸਾਲ ਲੰਘਾਉਂਦੇ ਹਨ।
ਸੇਵਾ, ਸਿਮਰਨ, ਆਪਸੀ ਭਾਈਚਾਰੇ ਦੀ ਮਿਸਾਲ 32ਵਾਂ ਮਹਾਨ ਨਗਰ ਕੀਰਤਨ 6 ਨਵੰਬਰ ਐਤਵਾਰ ਨੂੰ ਆਪਣੇ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਸੰਪੰਨ ਹੋਇਆ। ਇੱਕ ਅੰਦਾਜ਼ੇ ਅਨੁਸਾਰ ਲੱਖ ਤੋਂ ਵੀ ਵੱਧ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਹਿੱਸਾ ਲਿਆ। ਸਵੇਰ ਤੋਂ ਹੀ ਸੰਗਤਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਲਈ ਲੱਗਣੀਆਂ ਸ਼ੁਰੂ ਹੋ ਗਈਆਂ ਸਨ।
7 ਸਤੰਬਰ ਤੋਂ ਸ਼ੁਰੂ ਹੋਈ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ 6 ਨਵੰਬਰ ਐਤਵਾਰ ਨੂੰ ਸਵੇਰੇ ਭੋਗ ਪਏ, ਉਪਰੰਤ ਕੀਰਤਨ ਦੀਵਾਨ ਸ਼ੁਰੂ ਹੋਏ। 10.30 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਨ ਬਾਅਦ ਜੈਕਾਰਿਆਂ ਦੀ ਗੂੰਜ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਰਵਾਨਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲੋਟ ਨੂੰ ਬਸੰਤੀ ਰੰਗ ਦੇ ਸੋਹਣੇ ਕੱਪੜੇ ਨਾਲ ਸਜਾਇਆ ਗਿਆ, ਇੰਡੀਆ ਤੋਂ ਸਪੈਸ਼ਲ ਮੰਗਵਾਈ ਗਈ ਨਵੀਂ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਾ ਅਪਰ ਅਪਾਰ ਸੀ। ਪ੍ਰਬੰਧਕ ਕਮੇਟੀ ਵਲੋਂ ਉਚੇਚੇ ਸੱਦੇ ‘ਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰਬਜੀਤ ਸਿੰਘ ਜੀ ਲਾਡੀ, ਭਾਈ ਹਰਵਿੰਦਰ ਸਿੰਘ-ਭਾਈ ਸਤਵਿੰਦਰ ਸਿੰਘ ਦਿੱਲੀ ਵਾਲੇ, ਭਾਈ ਨਿਰਮਲ ਸਿੰਘ ਜੀ ਨਾਗਪੁਰੀ, ਭਾਈ ਹਰਪ੍ਰੀਤ ਸਿੰਘ ਜੀ ਤੋਂ ਇਲਾਵਾ ਹਜ਼ੂਰੀ ਰਾਗੀ ਭਾਈ ਪ੍ਰੀਤਮ ਸਿੰਘ ਜੀ ਮਿੱਠੇ ਟਿਵਾਣੇ ਵਾਲਿਆਂ ਨੇ ਸਾਰੇ ਰਸਤੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੀ ਰੱਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲੋਟ ਤੋਂ ਬਾਅਦ ਤਰਤੀਬਵਾਰ ਸ੍ਰੀ ਹਰਿਮੰਦਰ ਸਾਹਿਬ, ਸਿੱਖ ਟੈਂਪਲ ਗੁਰਦੁਆਰਾ ਖਾਲਸਾ ਸਕੂਲ ਯੂਬਾ ਸਿਟੀ, ਗੁਰੂ ਰਾਮਦਾਸ ਖਾਲਸਾ ਸਕੂਲ, ਯੂਬਾ ਸਿਟੀ ਹਾਈ ਸਕੂਲ, ਰਿਵਰ ਵੈਲੀ ਹਾਈ ਸਕੂਲ, ਰਿਵਰ ਵੈਲੀ ਹਾਈ ਸਕੂਲ ਰੈਡ ਕਰਾਸ, ਲਾਈਵ ਓਕ, ਯੂਬਾ ਕਾਲਜ, ਸੈਕਰਾਮੈਂਟੋ ਸਟੇਟ ਸਿੱਖ ਸਟੂਡੈਂਟ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਚੜ੍ਹਦੀ ਕਲਾ ਯੂਥ ਯੂਬਾ ਹਾਈ ਸਕੂਲ, ਸਿੱਖ ਸਟੂਡੈਂਟਸ ਐਸੋਸੀਏਸ਼ਨ ਕੈਲੇਫੋਰਨੀਆ, ਸਿੱਖ ਟੈਂਪਲ ਬਰਾਡਸ਼ਾਅ ਰੋਡ ਸੈਕਰਾਮੈਂਟੋ, ਸਿੱਖ ਯੂਥ ਅਕਾਲੀ ਦਲ, ਸਿੱਖ ਟੈਂਪਲ ਫਰੀਮੌਂਟ, ਸਾਹਿਬਜ਼ਾਦਾ ਅਜੀਤ ਸਿੰਘ ਕਲੱਬ, ਗੁਰੂ ਨਾਨਕ ਸਿੱਖ ਸੁਸਾਇਟੀ, ਕਲਗੀਧਰ ਟਰੱਸਟ ਬੜੂ ਸਾਹਿਬ, ਗੁਰੂ ਰਵਿਦਾਸ ਟੈਂਪਲ ਰਿਓ ਲਿੰਡਾ, ਨਿਸ਼ਕਾਮ ਸੇਵਾ ਗੁਰਦੁਆਰਾ ਸਾਹਿਬ ਫੀਨਿਕਸ, ਮੀਰੀ ਪੀਰੀ ਅਕੈਡਮੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਫਲੋਟ ਨਗਰ ਕੀਰਤਨ ਵਿਚ ਸ਼ਾਮਿਲ ਸਨ। ਸਿੱਖ ਯੂਥ ਆਫ ਅਮਰੀਕਾ ਦਾ ਫਲੋਟ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ, ਜਿਸ ਦੇ ਉੱਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਸੁਨੇਹੇ ਅੰਕਿਤ ਸਨ। ਪੂਰੇ ਰੂਟ ਵਿੱਚ ਇਸ ਫਲੋਟ ਦੇ ਉੱਪਰ ਅਤੇ ਪਿੱਛੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ।
ਦੂਸਰੇ ਪਾਸੇ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਭੋਗ ਤੋਂ ਬਾਅਦ ਅਮਰੀਕਾ ਦੀਆਂ ਪ੍ਰਮੁੱਖ ਸਿੱਖ ਸ਼ਖਸੀਅਤਾਂ ਨੇ ਆਪਣੇ ਕੀਮਤੀ ਵੀਚਾਰ ਸਿੱਖ ਸੰਗਤਾਂ ਨਾਲ ਸਾਂਝੇ ਕਰਦਿਆਂ ਸਿੱਖੀ ਪ੍ਰੰਪਰਾਵਾਂ ਅਤੇ ਮਰਿਆਦਾ ‘ਤੇ ਪਹਿਰਾ ਦੇਣ ਲਈ ਯੂਬਾ ਸਿਟੀ ਦੀਆਂ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਗਰ ਕੀਰਤਨ ਲਈ ਸ਼ਾਨਦਾਰ ਪ੍ਰਬੰਧਾਂ ਲਈ ਸ਼ਲਾਘਾ ਕੀਤੀ। ਸਾਰਾ ਦਿਨ ਗੁਰਦੁਆਰਾ ਸਾਹਿਬ ਵਿਚ ਕੀਰਤਨ ਕਥਾ ਦੇ ਪ੍ਰਵਾਹ ਚੱਲਦੇ ਰਹੇ। ਉਚ ਕੋਟੀ ਦੇ ਵਿਦਵਾਨ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਦੀ ਉਸਤਤ ਕੀਤੀ। ਰਾਗੀ ਜਥਿਆਂ ਵਿੱਚ ਹਜ਼ੂਰੀ ਰਾਗੀ ਭਾਈ ਤਾਰਾ ਸਿੰਘ ਜੀ ਨਾਨਕਮਤੇ ਵਾਲੇ, ਭਾਈ ਜੋਗਿੰਦਰ ਸਿੰਘ ਚੰਦਨ, ਭਾਈ ਜਸਵੰਤ ਸਿੰਘ ਜ਼ੀਰਾ, ਭਾਈ ਗੁਰਮੀਤ ਸਿੰਘ ਨਿਮਾਣਾ, ਭਾਈ ਹਰਪਾਲ ਸਿੰਘ ਰੀਨੋ, ਭਾਈ ਬਿਕਰਮਜੀਤ ਸਿੰਘ ਐਲ. ਸੀ. ਸੈਕਰਾਮੈਂਟੋ, ਭਾਈ ਅਵਤਾਰ ਸਿੰਘ ਐਲ ਸਬਰਾਂਟੇ, ਭਾਈ ਇਕਬਾਲ ਸਿੰਘ ਲਾਈਵ ਓਕ, ਕਵੀਸ਼ਰ ਭਾਈ ਗੁਰਦੇਵ ਸਿੰਘ ਸਾਹੋਕੇ, ਉਚੇਚੇ ਤੌਰ ‘ਤੇ ਪੰਜਾਬ ਤੋਂ ਪਹੁੰਚੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥਾ ਗਿਆਨੀ ਸੁਖਨਰੰਜਣ ਸਿੰਘ ਸੁੰਮਣ ਜੀ ਦੇ ਢਾਡੀ ਜਥੇ ਤੋਂ ਇਲਾਵਾ ਗਿਆਨੀ ਗੁਰਨਾਮ ਸਿੰਘ ਭੰਡਾਲ, ਗਿਆਨੀ ਪਾਲ ਸਿੰਘ ਨਿਹੰਗ ਦੇ ਢਾਡੀ ਜਥੇ ਨੇ ਇਤਿਹਾਸਕ ਵਾਰਾਂ ਨਾਲ ਸਮਾਂ ਬੰਨ੍ਹੀ ਰੱਖਿਆ। ਇੱਕ ਰਾਤ ਪਹਿਲਾਂ ਸਜੇ ਵਿਸ਼ੇਸ਼ ਦੀਵਾਨ ਵਿੱਚ ਵਾਸ਼ਿੰਗਟਨ ਡੀ. ਸੀ. ਤੋਂ ਪਹੁੰਚੇ ਸਿੱਖ ਚਿੰਤਕ ਡਾ. ਅਮਰਜੀਤ ਸਿੰਘ ਹੋਰਾਂ ਆਪਣੀ ਭਾਵਪੂਰਤ ਤਕਰੀਰ ਨਾਲ ਸਰੋਤਿਆਂ ਦਾ ਵਾਹਵਾ ਧਿਆਨ ਖਿੱਚਿਆ। ਉਨ੍ਹਾਂ ਮੌਜੂਦਾ ਸਿੱਖ ਮਸਲਿਆਂ ‘ਤੇ ਪੰਛੀ ਝਾਤ ਪੁਆਉਂਦਿਆਂ ਸੰਗਤ ਨੂੰ ਜਾਣਕਾਰੀ ਦਿੱਤੀ ਅਤੇ ਇਹ ਸਾਬਤ ਕੀਤਾ ਕਿ ਸਿੱਖਾਂ ਦੇ ਵੱਖਰੇ ਮੁਲਕ ਤੋਂ ਬਿਨਾਂ ਸਿੱਖਾਂ ਦੀਆਂ ਸਮੱਸਿਆਵਾਂ ਦਾ ਕੋਈ ਹੋਰ ਹੱਲ ਨਹੀਂ ਮੌਜੂਦ ਨਹੀਂ ਹੈ। ਉਨ੍ਹਾਂ ਇਸ ਮਹਾਨ ਪੁਰਬ ‘ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਦੇ ਸੁਪਨੇ ਖਾਲਿਸਤਾਨ ਪ੍ਰਤੀ ਦ੍ਰਿੜ ਨਿਸਚਾ ਕਰਕੇ ਤੁਰਿਆ ਜਾਵੇ।
ਇਸ ਨਗਰ ਕੀਰਤਨ ਦਾ ਵਿਸ਼ੇਸ਼ ਪਹਿਲੂ ਇਹ ਵੀ ਸੀ ਕਿ ਇਸ ਵਿੱਚ ਸਮਾਜ ਸੇਵੀ ਸੰਸਥਾਵਾਂ ਪਹੁੰਚ ਕੇ ਸੰਗਤਾਂ ਨੂੰ ਸਮਾਜ ਅਤੇ ਧਰਮ ਦੀ ਸੇਵਾ ਦੇ ਖੇਤਰ ਵਿੱਚ ਸੇਵਾਵਾਂ ਕਰਨ ਬਾਰੇ ਜਾਗਰੂਕ ਕਰਦੀਆਂ ਹਨ, ਆਪੋ ਆਪਣੇ ਬੂਥ ਲਗਾ ਕੇ ਸੰਗਤਾਂ ਨੂੰ ਸਮਾਜਿਕ, ਧਾਰਮਿਕ ਪੱਖੋਂ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਉਹਨਾਂ ਦਾ ਹੱਲ ਕਿਵੇਂ ਕਰਨਾ ਹੈ ਦੱਸਦੀਆਂ ਹਨ। ਭਾਈ ਘਨੱਈਆ ਟਰੱਸਟ, ਰੈੱਡ ਕਰਾਸ, ਪਾਕਿਸਤਾਨ ਗੁਰਦੁਆਰਾ ਕਾਰ ਸੇਵਾ ਸੁਸਾਇਟੀ ਇੰਗਲੈਂਡ, ਇੰਡੋ-ਕੈਨੇਡੀਅਨ ਸੁਸਾਇਟੀ ਨੇ ਆਪਣੇ ਸਟਾਲ ਲਗਾਏ। ਸੈਂਕੜਿਆਂ ਦੀ ਗਿਣਤੀ ਵਿੱਚ ਲੰਗਰ ਸਟਾਲ ਲੱਗੇ ਹੋਏ ਸਨ, ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਨਾਲ ਸੇਵਾਦਾਰ ਸੰਗਤਾਂ ਦੀ ਸੇਵਾ ਕਰ ਰਹੇ ਸਨ। ਸਿੱਖੀ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਸੰਗਤ ਨੂੰ ਜਾਗਰੂਕ ਕਰਨ ਲਈ ਵੀ ਕੁਝ ਸੇਵਾਦਾਰਾਂ ਨੇ ਵਿਸ਼ੇਸ਼ ਉਪਰਾਲੇ ਕੀਤੇ, ਜਿਨ੍ਹਾਂ ਵਿੱਚੋਂ ‘ਅਖੌਤੀ ਸੰਤਾਂ ਦੇ ਕੌਤਕ’ ਫੇਸਬੁੱਕ ਗਰੁੱਪ ਦਾ ਨਾਮ ਵਰਨਣਯੋਗ ਹੈ।
ਸ਼ਾਮ 4.30 ਵਜੇ ਨਗਰ ਕੀਰਤਨ ਵਾਪਿਸ ਗੁਰਦੁਆਰਾ ਸਾਹਿਬ ਪਹੁੰਚਿਆ। ਗ੍ਰੰਥੀ ਭਾਈ ਨਿਰਮਲ ਸਿੰਘ ਜੀ ਨੇ ਸਮਾਪਤੀ ਦੀ ਅਰਦਾਸ ਕਰਕੇ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਅਗਲੇ ਸਾਲ 33ਵੇਂ ਨਗਰ ਕੀਰਤਨ ਲਈ ਯੂਬਾ ਸਿਟੀ ਅਤੇ ਸਮੁੱਚੀਆਂ ਸੰਗਤਾਂ ਨੂੰ ਹੋਰ ਚਾਓ ਅਤੇ ਉਤਸ਼ਾਹ ਦੀ ਬਖਿਸ਼ਸ਼ ਕਰਨ ਦੀ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਵਿੰਦਰ ਸਿੰਘ ਕਰੀਹਾ, ਮੁੱਖ ਸਕੱਤਰ ਸ: ਤੇਜਿੰਦਰ ਸਿੰਘ ਦੋਸਾਂਝ, ਸੀਨੀਅਰ ਵਾਈਸ ਪ੍ਰਧਾਨ ਸ: ਰਛਪਾਲ ਸਿੰਘ ਪੁਰੇਵਾਲ, ਵਾਈਸ ਪ੍ਰਧਾਨ ਸ: ਹਰਭਜਨ ਸਿੰਘ ਜੌਹਲ, ਸਟੇਜ ਸਕੱਤਰ ਸ: ਗੁਰਮੇਜ ਸਿੰਘ ਗਿੱਲ, ਮੀਤ ਸਕੱਤਰ ਸ: ਪਰਮਜੀਤ ਸਿੰਘ ਜੌਹਲ, ਮੀਤ ਸਕੱਤਰ ਸ: ਬਲਵਿੰਦਰ ਸਿੰਘ ਬਸਰਾ, ਖਜ਼ਾਨਚੀ ਸ: ਕਸ਼ਮੀਰ ਸਿੰਘ ਰਾਏ, ਸਹਾਇਕ ਖਜ਼ਾਨਚੀ ਸ: ਪਰਮਿੰਦਰ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਸ: ਬਲਰਾਜ ਸਿੰਘ ਢਿਲੋਂ, ਸਾਬਕਾ ਖਜ਼ਾਨਚੀ ਸ: ਸੁਖਦੇਵ ਸਿੰਘ ਮੁੰਡੀ ਅਤੇ ਸਾਰੀ ਕਮੇਟੀ ਨੇ ਸੰਗਤਾਂ ਦਾ ਧੰਨਵਾਦ ਕੀਤਾ।

Translate »