November 13, 2011 admin

ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਸ਼ਹਿਰਾਂ ਦੇ ਵਿਕਾਸ ਵਿੱਚ ਵੀ ਕੋਈ ਕਸਰ ਨਹੀਂ ਰਹਿਣ ਦਵੇਗੀ

ਪਠਾਨਕੋਟ – ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਸ਼ਹਿਰਾਂ ਦੇ ਵਿਕਾਸ ਵਿੱਚ ਵੀ ਕੋਈ ਕਸਰ ਨਹੀਂ ਰਹਿਣ ਦਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਤੀਕਸ਼ਣ ਸੂਦ ਸਥਾਨਕ ਸਰਕਾਰਾਂ ਤੇ ਉਦਯੋਗ ਅਤੇ ਵਣਜ ਮੰਤਰੀ ਪੰਜਾਬ ਨੇ ਅੱਜ ਪਠਾਨਕੋਟ ਸ਼ਹਿਰ ਅੰਦਰ 22 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕੰਮਾਂ ਦਾ ਨੀਂਹ ਪੱਥਰ ਅਤੇ ਮੁਕੰਮਲ ਕੀਤੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਉਪਰੰਤ ਇੱਕ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
       ਇਸ ਮੌਕੇ ਸ਼੍ਰੀ ਸੂਦ ਨੇ ਨਗਰ ਸੁਧਾਰ ਟਰੱਸਟ ਵੱਲੋਂ ਮਿਡੀਅਮ ਇੰਨਕਮ ਗਰੁੱਪ ਲਈ 12 ਕਰੋੜ ਰੁਪਏ ਦੀ ਲਾਗਤ ਨਾਲ 172 ਮਰਲਿਆਂ ਅੰਦਰ ਬਣਨ ਵਾਲੇ 60 ਐਮ.ਆਈ.ਜੀ ਫਲੈਟਾਂ ਦਾ ਨੀਂਹ ਪੱਥਰ ਰੱਖਿਆ ਅਤੇ 1 ਕਰੋੜ ਰੁਪਏ ਦੀ ਲਾਗਤ ਨਾਲ  ਟਰੱਕ ਯੂਨੀਅਨ ਕੋਲ ਬਣਾਏ ਪੰਡਿਤ ਦੀਨ ਦਿਆਲ ਉਪਾਦਿਆਏ ਪਾਰਕ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਪੰਡਿਤ ਦੀਨ ਦਿਆਲ ਉਪਾਦਿਆਏ ਦੇ ਆਦਮ ਕੱਦ ਬੁੱਤ ਤੋਂ ਪਰਦਾ ਵੀ ਹਟਾਇਆ। ਇਸ ਤੋਂ ਬਾਅਦ ਸ਼੍ਰੀ ਸੂਦ ਨੇ ਤਹਿਸੀਲ ਕੰਪਲੈਕਸ ਕੋਲ 0.46 ਏਕੜ ਜਮੀਨ ਵਿੱਚ 8.50 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਪਾਰਕਿੰਗ ਅਤੇ 5 ਮੰਜਿਲਾਂ ਕਮਰਸ਼ਿਅਲ ਕੰਪਲੈਕਸ ਦਾ ਵੀ ਨੀਂਹ ਪੱਥਰ ਰੱਖਿਆ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਵੱਲੋਂ ਪਠਾਨਕੋਟ ਦੇ ਵਿਕਾਸ ਲਈ 11 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਇਸ ਤੋਂ ਪਹਿਲਾਂ ਪਠਾਨਕੋਟ ਸ਼ਹਿਰ ਦੇ ਵਿਕਾਸ ਲਈ 5 ਕਰੋੜ ਰੁਪਏ ਵੀ ਦਿੱਤੇ ਗਏ ਸਨ।
       ਸੂਬਾ ਪ੍ਰਧਾਨ ਭਾਜਪਾ ਸ਼੍ਰੀ ਅਸ਼ਵਨੀ ਸ਼ਰਮਾਂ ਨੇ ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਅੰਦਰ ਵਿਕਾਸ ਦੇ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਵਿਕਾਸ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਸ਼੍ਰੀ ਸੂਦ ਵੱਲੋਂ ਪਠਾਨਕੋਟ ਸ਼ਹਿਰ ਅੰਦਰ ਵੱਖ-ਵੱਖ ਵਿਕਾਸ ਕੰਮਾਂ ਦਾ ਨੀਂਹ ਪੱਥਰ ਅਤੇ ਮੁਕੰਮਲ ਕੀਤੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਵਿਕਾਸ ਮੌਜੂਦਾ ਅਕਾਲੀ-ਭਾਜਪਾ ਗਠਬੰਧਨ ਸਰਕਾਰ ਵੱਲੋਂ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਅੰਦਰ ਕੀਤਾ ਗਿਆ ਹੈ, ਉਨਾ ਵਿਕਾਸ ਕਾਂਗਰਸ ਨੇ ਆਪਣੇ ਪਿਛਲੇ 45 ਸਾਲ ਦੇ ਕਾਰਜਕਾਲ ਵਿੱਚ ਵੀ ਨਹੀਂ ਕੀਤਾ। ਇਸ ਮੌਕੇ ਸ਼੍ਰੀ ਸ਼ਰਮਾਂ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਨੂੰ ਵਿਕਾਸ ਪਾਸੋਂ ਪੰਜਾਬ ਦਾ ਨੰਬਰ ਇੱਕ ਜ਼ਿਲ੍ਹਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
       ਇਸ ਮੌਕੇ ਮਾਸਟਰ ਮੋਹਨ ਲਾਲ ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਮੌਜੂਦਾ ਵਿਧਾਇਕ ਪਠਾਨਕੋਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਠਾਨਕੋਟ ਅੰਦਰ 200 ਕਰੋੜ ਰੁਪਏ ਦੇ ਵਿਕਾਸ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਠਾਨਕੋਟ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦਾ ਨਿਰਮਾਣ 9 ਕਰੋੜ ਰੁਪਏ ਖਰਚ ਕਰਕੇ 1 ਮਹੀਨੇ ਦੇ ਅੰਦਰ-ਅੰਦਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਠਾਨਕੋਟ ਸ਼ਹਿਰ ਦੇ ਵਿਕਾਸ ਲਈ ਇਮਪਰੂਵਮੈਂਟ ਟਰੱਸਟ ਵੱਲੋਂ 38 ਕਰੋੜ ਰੁਪਏ ਅਤੇ ਨਗਰ ਕੌਂਸਲ ਵੱਲੋਂ 16 ਕਰੋੜ ਰੁਪਏ ਖਰਚ ਕੀਤੇ ਗਏ ਹਨ।  ਇਸ ਮੌਕੇ ‘ਤੇ ਸ਼੍ਰੀ ਬਿਸ਼ੰਬਰ ਦਾਸ ਮੁੱਖ ਸੰਸਦੀ ਸਕੱਤਰ, ਸ਼੍ਰੀ ਸਤੀਸ਼ ਮਹਾਜਨ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ, ਜਥੇਦਾਰ ਦਿਲਬਾਗ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਨਿਲ ਵਾਸੂਦੇਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਸ਼੍ਰੀ ਨਰਿੰਦਰ ਪਰਮਾਰ ਜ਼ਿਲ੍ਹਾ ਪ੍ਰਧਾਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਤੇ ਸਰਵਸ਼੍ਰੀ ਸਤਪਾਲ ਸੈਣੀ ਚੇਅਰਮੈਨ ਜੰਗਲਾਤ ਬੋਰਡ, ਆਰ.ਪੀ. ਐਸ ਵਾਲੀਆ ਐਸ.ਡੀ.ਐਮ. ਪਠਾਨਕੋਟ, ਜਥੇਦਾਰ ਸੇਵਾ ਸਿੰਘ, ਜਸਬੀਰ ਸਿੰਘ ਸੰਧੂ, ਅਨਿਲ ਰਾਮਪਾਲ, ਪ੍ਰਕਾਸ਼ ਸਿੰਘ ਈ.ਓ. ਤੋਂ ਇਲਾਵਾ ਇਲਾਕੇ ਦੇ ਅਕਾਲੀ-ਭਾਜਪਾ ਨੇਤਾ ਅਤੇ ਵਰਕਰ ਵੀ ਹਾਜ਼ਰ ਸਨ। 

Translate »