November 13, 2011 admin

ਪੰਜਾਬ ਵਿੱਚ ਚੋਣਾਂ ਵਿਕਾਸ, ਆਪਸੀ ਸਦਭਾਵਨਾ ਤੇ ਸ਼ਾਂਤੀ ਦੇ ਮੁੱਦੇ ‘ਤੇ ਲੜੀਆਂ ਜਾਣਗੀਆਂ-ਬਾਦਲ

* ਤੀਜਾ ਮੋਰਚਾ ਇੱਕ ਵੀ ਸੀਟ ਜਿੱਤਣ ਦੇ ਕਾਬਲ ਨਹੀਂ
* ਕੈਪਟਨ ਮਹਿੰਗਾਈ ਤੇ ਕੇਂਦਰ ਦੀਆਂ ਵਾਅਦਾ ਖਿਲਾਫੀਆਂ ਖਿਲਾਫ ਮੋਰਚਾ ਵਿੱਢੇ
* ਭਾਜਪਾ ਨਾਲ ਸੀਟਾਂ ਦੀ ਤਬਦੀਲੀ ਆਪਸੀ ਤਾਲਮੇਲ ਰਾਹੀਂ ਹੋਵੇਗੀ

ਫ਼ਿਰੋਜ਼ਪੁਰ – ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ-ਭਾਜਪਾ ਗਠਜੋੜ ਸੂਬੇ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਵਿਕਾਸ, ਆਪਸੀ ਸਦਭਾਵਨਾ ਅਤੇ ਸ਼ਾਂਤੀ ਦੇ ਮੁੱਦੇ ‘ਤੇ ਲੜੇਗਾ। ਉਨ੍ਹਾਂ ਤੀਜੇ ਮੋਰਚੇ ਦੀ ਹੋਂਦ ‘ਤੇ ਟਿੱਪਣੀ ਕਰਦਿਆਂ ਆਖਿਆ ਕਿ ਮੋਰਚਾ ਲੋਕਾਂ ਵੱਲੋਂ ਰੱਦ ਕੀਤੇ ਆਗੂਆਂ ਤੇ ਅਧਾਰਿਤ ਹੋਣ ਕਾਰਨ, ਇੱਕ ਵੀ ਸੀਟ ਜਿੱਤਣ ਦੇ ਸਮਰੱਥ ਨਹੀਂ।
ਉਹ ਅੱਜ ਫ਼ਿਰੋਜ਼ਪੁਰ ਵਿਖੇ 56.91 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਮਿਨੀ ਸਕੱਤਰੇਤ ਦੇ ਪਹਿਲੇ ਫੇਜ਼ ਦਾ ਉਦਘਾਟਨ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹਾ ਪ੍ਰਬੰਧਕੀ ਸਕੱਤਰੇਤ ਦੇ ਬਣਨ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਤੇ ਸਾਰੇ ਸਰਕਾਰੀ ਦਫਤਰ ਇੱਕੋ ਥਾਂ ਅਤੇ ਇੱਕੋ ਛੱਤ ਥੱਲੇ ਮੁਹੱਈਆ ਹੋ ਗਏ ਹਨ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਵਿੱਚ ਕੀਤੇ ਗਏ ਵਿਕਾਸ ਦਾ ਜ਼ਿਕਰ ਕਰਦਿਆਂ ਆਖਿਆ ਕਿ ਗਠਜੋੜ ਵੱਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਰਾਜ ਦੇ ਲੋਕਾਂ ਨਾਲ ਕੀਤੇ ਲਗਭਗ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ। ਰਾਜ ਵਿੱਚ ਹਰੇਕ ਮਹਿਕਮੇ ਵਿੱਚ ਕੀਤੀਆਂ ਤੇ ਕੀਤੀਆਂ ਜਾ ਰਹੀਆਂ ਭਰਤੀਆਂ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਗਈ ਹੈ ਅਤੇ ਉਮੀਦਵਾਰਾਂ ਦੀ ਮੈਰਿਟ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਸ਼ਨਿਕ ਖੇਤਰਾਂ ਦੀਆਂ ਸੇਵਾਵਾਂ ਜਿਨ੍ਹਾਂ ਵਿੱਚ ਸਿੱਖਿਆ ਤੇ ਸਿਹਤ ਸੇਵਾਵਾਂ ਪ੍ਰਮੁੱਖ ਹਨ, ਵੱਲ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਮਗਰੋਂ ਹੁਣ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਭਰਤੀ ‘ਤੇ ਵਿਸ਼ੇਸ਼ ਜੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਭਰਤੀ ਅਮਲ ਮੁਕੰਮਲ ਹੋ ਚੁੱਕਾ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਨਿਯੁੱਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।
ਉਨ੍ਹਾਂ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਯੂ.ਪੀ.ਏ. ਸਰਕਾਰ ‘ਤੇ ਵਰ੍ਹਦਿਆਂ ਆਖਿਆ ਕਿ ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਅਤੇ ਮਹਿੰਗਾਈ ਜਿਹੇ ਮੁੱਦੇ ਇਸ ਸਰਕਾਰ ਦੀ ਮੂੰਹ ਬੋਲਦੀ ਅਸਫ਼ਲਤਾ ਹਨ ਜਦਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਦਾਅ ‘ਤੇ ਲਾ ਕੇ ਆਪਣੇ ਹਿੱਤ ਪਾਲਣੇ ਇਸ ਸਰਕਾਰ ਦੀ ਮੁਲਕ ਪ੍ਰਤੀ ਗੈਰ-ਸੰਜੀਦਗੀ ਦਾ ਸਭ ਤੋਂ ਵੱਡਾ ਪ੍ਰਮਾਣ ਹੈ। ਉਨ੍ਹਾਂ ਕਾਂਗਰਸ ਦੀ ਪੰਜਾਬ ਇਕਾਈ ਅਤੇ ਇਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ ਉਹ ਲੋਕ ਪੰਜਾਬ ਦੀ ਬੇਹਤਰੀ ਲਈ ਕਦੇ ਵੀ ਗੰਭੀਰ ਨਹੀਂ ਹੋਏ ਬਲਕਿ ਪੰਜਾਬ ਸਰਕਾਰ ਵੱਲੋਂ ਰਾਜ ਦੀ ਤਰੱਕੀ ਤੇ ਵਿਕਾਸ ਲਈ ਚੁੱਕੇ ਜਾ ਰਹੇ ਕਦਮਾਂ ਦੀ ਅਲੋਚਨਾ ਦਾ ਕੋਈ ਵੀ ਮੌਕਾ ਨਹੀਂ ਜਾਣ ਦਿੰਦੇ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਦੱਸਣ ਕਿ ਉਨ੍ਹਾਂ ਆਪਣੇ ਕਾਰਜਕਾਲ ਵਿੱਚ ਕਿੰਨੇ ਯੂਨਿਟ ਨਵੀਂ ਬਿਜਲੀ ਪੈਦਾ ਕਰਨ ਦੇ ਉਪਰਾਲੇ ਕੀਤੇ ਜਦਕਿ ਅਕਾਲੀ ਦਲ-ਭਾਜਪਾ ਸਰਕਾਰ ਨੇ ਰਾਜ ਵਿੱਚ ਤਿੰਨ ਨਵੇਂ ਥਰਮਲ ਪਲਾਂਟ ਸ਼ੁਰੂ ਕਰਕੇ ਅਤੇ ਦੋ ਹੋਰਾਂ ਦੀ ਉਸਾਰੀ ਦੀ ਤਿਆਰੀ ਵਿੱਢ ਕੇ ਰਾਜ ਨੂੰ ਬਿਜਲੀ ਉਤਪਾਦਨ ਵਿੱਚ ਸੁਤੰਤਰ ਬਣਾਉਣ ਦਾ ਇਤਿਹਾਸਕ ਕਦਮ ਚੁੱਕਿਆ ਹੈ।
ਉਨ੍ਹਾਂ ਪੰਜਾਬ ਕਾਂਗਰਸ ਦੀ ਕਥਿਤ ਪੰਜਾਬ ਬਚਾਉ ਯਾਤਰਾ ‘ਤੇ ਟਿੱਪਣੀ ਕਰਦਿਆਂ ਆਖਿਆ ਕਿ ਅੱਜ ਲੋੜ ਪੰਜਾਬ ਨੂੰ ਨਹੀਂ ਬਲਕਿ ਦੇਸ਼ ਨੂੰ ਬਚਾਉਣ ਦੀ ਹੈ। ਚੰਗਾ ਹੋਵੇ ਜੇਕਰ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ ਆਗੂ ਦੇਸ਼ ਵਿੱਚ ਪੈਦਾ ਹੋਏ ਭ੍ਰਿਸਟਾਚਾਰ, ਬੇਰੋਜ਼ਗਾਰੀ ਤੇ ਮਹਿੰਗਾਈ ਵਰਗੇ ਮੁੱਦਿਆਂ ‘ਤੇ ਲੜਾਈ ਲੜਨ। ਉਨ੍ਹਾਂ ਕਾਂਗਰਸ ਦੀ ਨਾਂਹ-ਪੱਖੀ ਸੋਚ ਦੀ ਮਿਸਾਲ ਦਿੰਦਿਆਂ ਆਖਿਆ ਕਿ ਉਨ੍ਹਾਂ ਨੂੰ ਤਾਂ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਆਨੰਦਪੁਰ ਸਾਹਿਬ ਦੇ ਵਿਰਾਸਤੀ ਕੰਪਲੈਕਸ ਅਤੇ ਮੋਹਾਲੀ ਵਿਖੇ ਬਣ ਰਹੇ ਅੰਤਰ ਰਾਸਟਰੀ ਹਵਾਈ ਅੱਡੇ ਦੇ ਉਦਘਾਟਨ ਲਈ ਭੇਜੇ ਸੱਦੇ ਨੂੰ ਵੀ ਰੱਦ ਕਰਵਾ ਦਿੱਤਾ।
ਉਨ੍ਹਾਂ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਸੀਟਾਂ ਦੇ ਸਮਝੌਤੇ ਬਾਰੇ ਪੁੱਛੇ ਜਾਣ ‘ਤੇ ਆਖਿਆ ਕਿ ਅਕਾਲੀ ਦਲ ਤੇ ਭਾਜਪਾ ਦਾ ਇਹ ਅੰਦਰੂਨੀ ਮਾਮਲਾ ਹੈ, ਜਿਸ ਨੂੰ ਆਪਸੀ ਤਾਲਮੇਲ ਰਾਹੀਂ ਹੀ ਨੇਪਰੇ ਚਾੜ੍ਹਿਆ ਜਾਵੇਗਾ। ਤੀਜੇ ਮੋਰਚੇ ‘ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਤੀਜੇ ਮੋਰਚੇ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ ਅਤੇ ਇਸ ਨਾਲ ਅਕਾਲੀ ਦਲ ਨੂੰ ਕੋਈ ਨੁਕਸਾਨ ਨਹੀਂ ਪਰ ਉਨ੍ਹਾਂ ਨਾਲ ਹੀ ਦੁਹਰਾਇਆ ਕਿ ਤੀਜਾ ਮੋਰਚਾ ਕਾਂਗਰਸ ਦੀ ‘ਬੀ ਟੀਮ’ ਵਜੋਂ ਹੀ ਕੰਮ ਕਰ ਰਿਹਾ ਹੈ।
ਸ੍ਰੀ ਬਾਦਲ ਨੇ ਮਿਨੀ ਸਕੱਤਰੇਤ ਦੇ ਉਦਘਾਟਨ ਤੋਂ ਬਾਅਦ ਸ਼ਹਿਰ ਵਿੱਚ ਹੀ ਬਜ਼ੁਰਗਾਂ ਦੇ ਰਹਿਣ ਲਈ 55 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਬਿਰਧ ਆਸ਼ਰਮ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਬਦਲਦੇ ਸਮਾਜਿਕ ਪਰਿਪੇਖ ਤੇ ਰਿਸ਼ਤਿਆਂ ਦੇ ਮੱਦੇਨਜ਼ਰ ਇਸ ਬਿਰਧ ਆਸ਼ਰਮ ਦਾ ਪਰਿਵਾਰਾਂ ਵੱਲੋਂ ਵਿਸਾਰੇ ਬਜ਼ੁਰਗਾਂ ਨੂੰ ਵੱਡਾ ਆਸਰਾ ਮਿਲੇਗਾ।
ਇਸ ਮੌਕੇ ਸ੍ਰੀ ਬਾਦਲ ਦੇ ਨਾਲ ਹੋਰਨਾਂ ਤੋਂ ਇਲਾਵਾ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਮੈਂਬਰ ਲੋਕ ਸਭਾ ਸ੍ਰੀ ਸ਼ੇਰ ਸਿੰਘ ਘੁਬਾਇਆ, ਮੁੱਖ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂ, ਭਾਜਪਾ ਦੇ ਸੂਬਾਈ ਜਨਰਲ ਸਕੱਤਰ ਸ੍ਰੀ ਕਮਲ ਸ਼ਰਮਾ, ਡਿਪਟੀ ਕਮਿਸਨਰ ਡਾ. ਐਸ. ਕਰੁਨਾ ਰਾਜੂ, ਡੀ.ਆਈ.ਜੀ. ਸ੍ਰੀ ਲੋਕ ਨਾਥ ਆਂਗਰਾ, ਵਧੀਕ ਡਿਪਟੀ ਕਮਿਸ਼ਨਰ ਡੀ.ਪੀ. ਐਸ. ਖਰਬੰਦਾ, ਐਸ.ਐਸ.ਪੀ. ਸੁਰਜੀਤ ਸਿੰਘ, ਬਲਦੇਵ ਸਿੰਘ ਮਾਹਮੂਜੋਈਆ ਚੇਅਰਮੇਨ ਬੈਕਫਿਨਕੋ ਪੰਜਾਬ, ਮੈਬਰ ਐਸ.ਜੀ.ਪੀ.ਸੀ. ਵਰਦੇਵ ਸਿੰਘ ਮਾਨ, ਸੱਤਪਾਲ ਸਿੰਘ ਤਲਵੰਡੀ, ਦਰਸ਼ਨ ਸਿੰਘ ਸ਼ੇਰ ਖਾਂ ਸਮੇਤ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।

Translate »