ਦੀਨਾਨਗਰ – ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਹੋਸ਼ਿਆਰਪੁਰ ਵੱਲੋਂ ਅੱਜ ਦੀਨਾਨਗਰ ਵਿਖੇ ਵੱਖ-ਵੱਖ ਭੱਠਿਆਂ ਦੇ ਮਾਲਿਕਾਂ ਅਤੇ ਫਾਇਰਮੈਨਾਂ ਨੂੰ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਰੋਕਣ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਅਤੇ ਟ੍ਰੇਨਿੰਗ ਕੈਂਪ ਸ਼੍ਰੀ ਸੰਦੀਪ ਬਹਿਲ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹੋਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਉਨ੍ਹਾਂ ਕੈਂਪ ਵਿੱਚ ਹਾਜ਼ਰ ਭੱਠਾ ਮਾਲਿਕਾਂ ਅਤੇ ਫਾਇਰਮੈਨਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਭੱਠਿਆਂ ਵਿੱਚੋਂ ਨਿਕਲਣ ਵਾਲੇ ਕਾਲੇ ਧੂਏ ਨਾਲ ਸਾਡਾ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ, ਇਸ ਨੂੰ ਰੋਕਣਾਂ ਸਾਡੇ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ।
ਇਸ ਮੌਕੇ ਸ਼੍ਰੀ ਅਸ਼ੋਕ ਚਲੋਤਰਾ ਐਸ.ਡੀ.ਓ. ਨੇ ਕੈਂਪ ਵਿੱਚ ਹਾਜ਼ਰ ਭੱਠਾ ਮਾਲਿਕਾਂ ਅਤੇ ਫਾਇਰਮੈਨਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਭੱਠੇ ਵਿੱਚ ਅੱਗ ਬਾਲਣ ਲਈ ਕਿਸੇ ਵੀ ਤਰ੍ਹਾਂ ਦਾ ਗੈਰ-ਅਧਿਕਾਰਿਤ ਬਾਲਣ ਜਿਵੇਂ ਕਿ ਰਬੜ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਭੱਠੇ ਮਾਲਿਕਾਂ ਅਤੇ ਫਾਇਰਮੈਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਭੱਠੇ ਵਿੱਚ ਸਿਰਫ਼ ਕਰੱਸ਼ਡ ਕੋਲੇ ਦੀ ਵਰਤੋਂ ਹੀ ਕਰਨ, ਛੋਟੀ ਕੜਛੀ ਨਾਲ ਥੋੜਾ-ਥੋੜਾ ਕਰੱਸ਼ਡ ਕੋਲਾ ਅੱਗ ਵਿੱਚ ਪਾਉਣ, ਇੱਕ ਸਮਾਨ ਝੋਗਾਨ ਦੀ ਵਰਤੋਂ 10-10 ਮਿੰਟ ਦੇ ਅੰਤਰਾਲ ਤੇ ਕਰਨ ਅਤੇ ਗਰੈਵਿਟੀ ਚੈਂਬਰ ਨੂੰ ਥੋੜੇ ਦਿਨਾਂ ਦੇ ਅੰਤਰਾਲ ਤੇ ਸਾਫ਼ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਭੱਠੇ ਮਾਲਿਕ ਅਤੇ ਫਾਇਰਮੈਨ ਭੱਠਿਆਂ ਵਿਚੋਂ ਕਾਲਾ ਧੂੰਆ ਨਾ ਨਿਕਲਣ ਨੂੰ ਯਕੀਨੀ ਬਣਾਉਣ ਤਾਂ ਜੋ ਵਾਤਾਵਰਣ ਨੂੰ ਸਾਫ਼ ਰੱਖਿਆ ਜਾ ਸਕੇ। ਉਨ੍ਹਾਂ ਭੱਠਾ ਮਾਲਿਕਾਂ ਨੂੰ ਹਦਾਇਤ ਕੀਤੀ ਕਿ ਉਹ ਭੱਠਿਆਂ ਵਿੱਚ ਸਰਕਾਰ ਵੱਲੋਂ ਫਿਕਸ ਕੀਤੇ ਕੋਡ ਆਫ਼ ਪਰੈਕਟਿਸ ਦੀ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤਰ੍ਹਾਂ ਦੇ ਜਾਗਰੂਕ ਅਤੇ ਟ੍ਰੇਨਿੰਗ ਕੈਂਪ ਆਉਣ ਵਾਲੇ ਹਫਤਿਆਂ ਵਿੱਚ ਪਠਾਨਕੋਟ ਅਤੇ ਗੁਰਦਾਸਪੁਰ ਵਿਖੇ ਲਗਾਏ ਜਾਣਗੇ।