November 13, 2011 admin

ਸ਼੍ਰੋਮਣੀ ਕਮੇਟੀ ਬਜ਼ਟ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘਾਟੇ ਸਬੰਧੀ ਛਪਾਈਆਂ ਜਾ ਰਹੀਆਂ ਖ਼ਬਰਾਂ ਨਿਰਮੂਲ- ਦਲਮੇਘ ਸਿੰਘ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜ਼ਟ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਮਦਨ ਘਾਟੇ ‘ਚ ਹੋਣ ਸਬੰਧੀ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਖ਼ਬਾਰਾਂ ਵਿਚ ਦਿੱਤੇ ਜਾ ਰਹੇ ਬਿਆਨਾਂ ‘ਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਬੰਧਕੀ ਬਲਾਕ ਦੇ ਇਕੱਤਰਤਾ ਘਰ ‘ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਛਪਵਾਈਆਂ ਜਾ ਰਹੀਆਂ ਖ਼ਬਰਾਂ ਨਿਰਮੂਲ ਹਨ ਤੇ ਇਨ੍ਹਾਂ ਵਿਚ ਕੋਈ ਸਚਾਈ ਨਹੀਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜ਼ਟ ਜਨਵਰੀ ਦੇ ਮਹੀਨੇ ਤਿਆਰ ਹੁੰਦਾ ਹੈ ਅਤੇ ਫਰਵਰੀ ਮਹੀਨੇ ‘ਚ ਫਾਈਨਲ ਹੋ ਕੇ ਮਾਰਚ ਮਹੀਨੇ ‘ਚ ਜਨਰਲ ਹਾਊਸ ਵਿਚ ਪੇਸ਼ ਕੀਤਾ ਜਾਂਦਾ ਹੈ। ਬਜ਼ਟ ਤਿਆਰ ਕਰਦੇ ਸਮੇਂ ਦਸੰਬਰ ਮਹੀਨੇ ਤੀਕ ਆਮਦਨ ਅਤੇ ਖਰਚ ਦੇ ਅਸਲ ਅੰਕੜੇ ਲਏ ਜਾਂਦੇ ਹਨ ਅਤੇ ਅਗਲੇ ਤਿੰਨ ਮਹੀਨੇ ਦਾ ਬੈਂਲਸ ਐਸਟੀਮੇਟ ਲਿਆ ਜਾਂਦਾ ਹੈ। 2010-11 ਵਿਚ ਜੋ ਬਜ਼ਟ ਪੇਸ਼ ਕੀਤਾ ਗਿਆ ਉਸ ਵਿਚ 145 ਕਰੋੜ 25 ਲੱਖ ਦਾ ਖਰਚ ਦਿਖਾਇਆ ਗਿਆ ਸੀ, ਜਿਸ ਵਿਚ ਅਸੀਂ 31 ਕਰੋੜ 51 ਲੱਖ 15 ਹਜ਼ਾਰ ਦੇ ਪੁੰਜੀਗਤ ਖਰਚੇ ਕਰਨੇ ਰੱਖੇ ਸਨ, ਪਰੰਤੂ ਅਸਲ ਵਿਚ ਉਸ ਵਿਚੋਂ ਕੇਵਲ 8 ਕਰੋੜ 32 ਲੱਖ ਰੁਪਏ ਦਾ ਹੀ ਖਰਚ ਹੋਇਆ ਸੀ। ਹੇਠ ਲਿਖੇ ਵੇਰਵੇ ਵਿਚ ਬਜ਼ਟ ਸਪੱਸ਼ਟ ਕੀਤਾ ਗਿਆ ਹੈ:-
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹ ਅੰਕੜੇ ਲਏ ਗਏ ਹਨ ਜੋ ਬਜ਼ਟ ਵਿਚ ਅੰਦਾਜਨ  ਦਰਸਾਏ ਗਏ ਸਨ ਅਸਲ ‘ਚ ਉਪਰੋਕਤ ਦਰਸਾਏ ਗਏ ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਲ 2010-2011 ਵਿਚ 11 ਕਰੋੜ 22 ਲੱਖ 63 ਹਜ਼ਾਰ 732 ਦੀ ਨਿਰੋਲ ਬਚਤ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਲ 2011-2012 ਵਿਚ 13 ਕਰੋੜ ਦਾ ਘਾਟਾ ਕਹਿਣਾ ਨਿਰਮੂਲ ਹੈ।
ਉਨ੍ਹਾਂ ਕਿਹਾ ਕਿ ਸਾਲ 2011-2012 ਵਿਚ 26 ਕਰੋੜ 30 ਲੱਖ ਰੁਪਏ ਦੇ ਪੁੰਜੀਗਤ ਖਰਚੇ ਦਰਸਾਏ ਗਏ ਹਨ ਜੋ ਕਿ ਪਿਛਲੀ ਬਚਤਾਂ ਵਿਚੋਂ ਅਸੀਂ 13 ਕਰੋੜ 25 ਲੱਖ ਰੁਪਏ ਖਰਚ ਹੋਣ ਦੀ ਸੰਭਾਵਨਾ ਵਜੋਂ ਰੱਖਿਆ ਹੈ ਅਤੇ 13 ਕਰੋੜ 5 ਲੱਖ ਰੁਪਏ ਸਾਲ 2011-2012 ਦੀ ਬਚਤ ਵਿਚੋਂ ਹੀ ਖਰਚ ਹੋਣਾ ਹੈ। ਅਸਲ ਖਰਚ ਸਾਲ 2011-2012 ਦੇ ਅਖੀਰ ਵਿਚ ਹੀ ਪਤਾ ਲੱਗੇਗਾ।
ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਆਮਦਨ ਦੋ ਹਿੱਸਿਆ ਵਿਚ ਵੰਡੀ ਗਈ ਹੈ। ਪਹਿਲੀ ਆਮਦਨ ਜਿਹੜੀ ਕਿ ਸੰਗਤ ਦੇ ਨਾਲ ਸਿੱਧੀ ਜੁੜੀ ਹੁੰਦੀ ਹੈ ਜਿਵੇਂ ਕਿ ਗੋਲਕ, ਕੜਾਹਿ ਪ੍ਰਸ਼ਾਦਿ, ਲੰਗਰ ਅਤੇ ਸਹਾਇਤਾ ਆਦਿ। ਦੂਜੇ ਭਾਗ ਵਿਚ ਜਿਵੇਂ ਸੂਦ-ਬੈਂਕਾਂ, ਕਿਰਾਇਆ, ਸਹਾਇਤਾ ਇਮਾਰਤ ਅਤੇ ਜਾਇਦਾਦ ਆਮਦਨ ਆਦਿ ਹਨ। ਪਰ ਸੰਗਤ ਨਾਲ ਜੁੜੀ ਹੋਈ ਸਿੱਧੀ ਆਮਦਨ ਵਿਚ ਕੋਈ ਫਰਕ ਨਹੀਂ ਹੈ ਉਹ ਲਗਾਤਾਰ ਵੱਧ ਰਹੀ ਹੈ ਪਰੰਤੂ ਬੈਂਕਾਂ ਵੱਲੋਂ ਸੂਦ ਦੀ ਦਰ ਨੂੰ ਲਗਾਤਾਰ ਘੱਟ ਕੀਤਾ ਜਾ ਰਿਹਾ ਹੋਣ ਕਰਕੇ ਸੂਦ ਬੈਂਕਾਂ ਖਾਤੇ ਆਮਦਨ ਘੱਟ ਹੋਈ ਹੈ। ਉਨ੍ਹਾਂ ਸਿਰਪਾਓ ਖਰਚ ਅਤੇ ਲੰਗਰ ਖਰਚ ਵਧਣ ਸਬੰਧੀ ਕਿਹਾ ਕਿ ਸਾਲ 2009-2010 ਦੌਰਾਨ ਸੰਗਤਾਂ ਵੱਲੋਂ ਆਪਣੇ ਖਰਚ ਪੁਰ ਲੰਗਰ ਲਗਾਉਣ ਦੀ ਪ੍ਰਥਾ ਸ਼ੁਰੂ ਕੀਤੀ ਗਈ ਸੀ । ਜਿਸਦਾ ਪੰਥ ਵੱਲੋਂ ਭਰਵਾ ਹੁੰਗਾਰਾ ਮਿਲਿਆ। ਸੰਗਤਾਂ ਨੂੰ ਲੈ ਕੇ ਆਉਣ ਵਾਲੇ ਪੱਤਵੰਤੇ ਸੱਜਣਾਂ ਅਤੇ ਸੰਗਤਾਂ ਦੇ ਸਨਮਾਨ ਕਰਦੇ ਹੋਏ ਸਿਰਪਾਓ, ਤਸਵੀਰਾਂ ਸਮੁੱਚੀ ਸੰਗਤ ਨੂੰ ਦਿੱਤੇ ਜਾਂਦੇ ਸਨ। ਇਸ ਤੋਂ ਇਲਾਵਾ ਸਿਰਪਾਓੇ ਦਾ ਰੇਟ 16 ਰੁਪਏ ਤੋਂ ਵੱਧ ਕੇ 32 ਰੁਪਏ ਹੋ ਗਿਆ ਹੈ ਇਸ ਕਾਰਨ ਖਰਚ ਵੱਧਣਾ ਸੁਭਾਵਿਕ ਹੀ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਲਗਾਏ ਗਏ ਲੰਗਰ ਵਿਚ ਖੀਰ, ਕੜਾਹਿ ਪ੍ਰਸ਼ਾਦਿ, ਸੇਵੀਂਆਂ, ਸੱਬਜੀਆਂ ਆਦਿ ਸ਼ੁਰੂ ਕੀਤੇ ਗਏ ਸਨ। ਮਾਣਯੋਗ ਪ੍ਰਧਾਨ ਸਾਹਿਬ ਵੱਲੋਂ ਸੰਗਤ ਦੀ ਇਸੇ ਪ੍ਰਥਾ ਨੂੰ ਚਾਲੂ ਰੱਖਿਆ ਗਿਆਂ ਹੈ। ਜਿਸਦਾ ਸੰਗਤਾਂ ਵੱਲੋਂ ਭਰਵਾਂ  ਹੁੰਗਾਰਾ ਮਿਲਿਆ ਹੈ।  ਇਸ ਮੌਕੇ ਐਡੀ. ਸਕੱਤਰ ਸ. ਤਰਲੋਚਨ ਸਿੰਘ, ਸ. ਸਤਬੀਰ ਸਿੰਘ ਤੇ ਸ. ਮਨਜੀਤ ਸਿੰਘ, ਮੀਤ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਅਕਾਊਂਟੈਂਟ ਸ. ਇੰਦਰਪਾਲ ਸਿੰਘ ਤੇ ਸ. ਸਤਵਿੰਦਰ ਸਿੰਘ, ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ, ਕੰਪਿਊਟਰ ਡਿਜ਼ਾਈਨਰ ਸ. ਭੁਪਿੰਦਰ ਸਿੰਘ ਤੇ ਸ. ਪਰਮਜੀਤ ਸਿੰਘ ਮੌਜੂਦ ਸਨ।

Translate »