ਸਮਾਣਾ (ਪਟਿਆਲਾ) – ਇਰਾਨ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ, ਨੈਸ਼ਨਲ ਓਲੰਪਿਕ ਕਮੇਟੀ ਆਫ ਇਸਲਾਮਿਕ ਰੀਪਬਲਿਕ ਆਫ ਇਰਾਨ ਅਤੇ ਓਲੰਪਿਕ ਫਾਊਂਡੇਸ਼ਨ ਆਫ ਏਸ਼ੀਆ ਦੇ ਵਾਈਸ ਪ੍ਰੈਜ਼ੀਡੈਂਟ ਮੁਹੰਮਦ ਅਲੀ ਅਬਾਦੀ ਦੀ ਅਗਵਾਈ ਹੇਠਲੇ ਇੱਕ ਉੱਚ ਪੱਧਰੀ ਵਫਦ ਨੇ ਸਮਾਣਾ ਦੀ ਇਤਿਹਾਸਕ ਇਮਾਮ ਹਜ਼ਰਤ ਮਨਦ ਅਲੀ ਦਰਗਾਹ (ਪੰਜ ਪੀਰ) ਵਿਖੇ ਸਜਦਾ ਕਰਕੇ ਅਕੀਦਤ ਦੇ ਫੁੱਲ ਭੇਟ ਕੀਤੇ । ਇਸ ਦਰਗਾਹ ਦੀ ਕਾਫੀ ਮਾਨਤਾ ਹੋਣ ਕਾਰਨ ਅਕਸਰ ਭਾਰਤ ਦੇ ਵੱਖ-ਵੱਖ ਰਾਜਾਂ ਦੇ ਨਾਲ ਨਾਲ ਵਿਦੇਸ਼ਾਂ ਵਿੱਚੋਂ ਵੀ ਮੁਸਲਮਾਨ ਭਾਈਚਾਰੇ ਦੇ ਲੋਕ ਇਥੇ ਸਜਦਾ ਕਰਨ ਲਈ ਪੁੱਜਦੇ ਰਹਿੰਦੇ ਹਨ । ਇਸ ਮੌਕੇ ਮੁਹੰਮਦ ਅਲੀ ਅਬਾਦੀ ਤੇ ਹੋਰ ਮੈਂਬਰਾਂ ਨੇ ਦਰਗਾਹ ਦੇ ਸੇਵਾਦਾਰਾਂ ਤੇ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ।
ਆਪਣੇ ਇਸ ਦੌਰੇ ਦੌਰਾਨ ਮੁਹੰਮਦ ਅਬਾਦੀ ਨੇ ਭਵਿੱਖ ਵਿੱਚ ਪੰਜਾਬ ਅਤੇ ਇਰਾਨ ਦੇ ਰਿਸ਼ਤੇ ਵਿੱਚ ਹੋਰ ਮਜ਼ਬੂਤੀ ਆਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਬੱਡੀ ਖੇਡ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ । ਉਨ੍ਹਾਂ ਕਿਹਾ ਕਿ ਇਰਾਨ ਤੇ ਭਾਰਤ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਕਬੱਡੀ ਕੋਚਾਂ ਦੀਆਂ ਸੇਵਾਵਾਂ ਇਰਾਨ ਸਰਕਾਰ ਵੱਲੋਂ ਲਈਆਂ ਜਾਣਗੀਆਂ ਅਤੇ ਇਰਾਨ ਦੇ ਕੁਸ਼ਤੀ ਕੋਚਾਂ ਰਾਹੀਂ ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਪਹਿਲਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ । ਇਸ ਮੌਕੇ ਉਨ੍ਹਾਂ ਦੇ ਨਾਲ ਇਰਾਨੀਅਨ ਉਲੰਪਿਕ ਅਤੇ ਪੈਰਾ ਉਲੰਪਿਕ ਅਕੈਡਮੀ ਦੇ ਮੁਖੀ ਸ਼੍ਰੀ ਸ਼ਾਹਰੋਕ, ਭਾਰਤ ਇਰਾਨ ਚੈਂਬਰ ਆਫ ਕਾਮਰਸ ਦੇ ਵਾਈਸ ਪ੍ਰੈਜੀਡੈਂਟ ਸ਼੍ਰੀ ਪਰਵਿੰਦਰ ਸਿੰਘ ਚੰਡੋਕ ਤੇ ਡਾ. ਨਾਸਿਰ ਨਕਵੀ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ ।