ਅੰਮ੍ਰਿਤਸਰ – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਜਨਮ-ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਰਾਮਪਾਲ ਸਿੰਘ ਬਹਿਣੀਵਾਲ ਦੀ ਅਗਵਾਈ ‘ਚ 634 ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ ਹੋਇਆ। ਜਥੇ ਦੇ ਮੁਖੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ. ਦਲਮੇਘ ਸਿੰਘ ਖੱਟੜਾ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਉ ਅਤੇ ਫੁੱਲਾਂ ਦੇ ਸਿਹਰੇ ਪਾ ਕੇ ਖਾਲਸਾਈ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਖੱਟੜਾ ਨੇ ਦੱਸਿਆ ਕਿ ਭਾਰਤ ਤੋਂ ਪਾਕਿਸਤਾਨ ਗੁਰਪੁਰਬ ਮਨਾਉਣ ਲਈ ਜਾਣ ਵਾਲੇ ਕੁੱਲ 3000 ਯਾਤਰੂਆਂ ‘ਚੋਂ 60 ਪ੍ਰਤੀਸ਼ਤ ਕੋਟਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਜਿਸ ਅਨੁਸਾਰ 1800 ਯਾਤਰੂਆਂ ਨੂੰ ਵੀਜ਼ੇ ਦੇਣੇ ਬਣਦੇ ਹਨ। ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ ਗੁਰਪੁਰਬ ਸਮੇਂ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਕਰਨ ਲਈ ਕੁੱਲ 1426 ਯਾਤਰੂਆਂ ਦੀ ਲਿਸਟ ਭੇਜੀ ਗਈ ਸੀ ਜਿਸ ਵਿੱਚੋਂ 61 ਯਾਤਰੂਆਂ ਦੇ ਨਾਮ ਕੇਂਦਰ ਸਰਕਾਰ ਵੱਲੋਂ ਕੱਟੇ ਗਏ ਹਨ ਤੇ 731 ਯਾਤਰੂਆਂ ਦੇ ਨਾਮ ਦਿੱਲੀ ਸਥਿਤ ਪਾਕਿਸਤਾਨ ਐਂਬੈਸੀ ਵੱਲੋਂ ਕੱਟੇ ਗਏ ਹਨ ਤੇ ਕੇਵਲ 634 ਯਾਤਰੂਆਂ ਨੂੰ ਵੀਜ਼ੇ ਦਿੱਤੇ ਗਏ ਹਨ ਜੋ ਗੁਰਪੁਰਬ ਮਨਾਉਣ ਜਾ ਰਹੇ ਹਨ।
ਸ. ਖੱਟੜਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਤੇ ਉਹਨਾਂ ਦਾ ਜਨਮ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ‘ਚ ਹੋਣ ਕਰਕੇ ਸਿੱਖ-ਭਾਵਨਾ ਸ੍ਰੀ ਨਨਕਾਣਾ ਸਾਹਿਬ ਨਾਲ ਜੁੜੀਆਂ ਹਨ ਤੇ ਜਦੋਂ ਕਿਸੇ ਯਾਤਰੂ ਦਾ ਨਾਮ ਬਿਨਾਂ ਵਜ੍ਹਾ ਕੱਟਿਆ ਜਾਂਦਾ ਹੈ ਤਾਂ ਉਸ ਦੇ ਮਨ ਨੂੰ ਭਾਰੀ ਠੇਸ ਪੁੱਜਦੀ ਹੈ। ਸ. ਖੱਟੜਾ ਨੇ ਕਿਹਾ ਕਿ ਮੈਂ ਪਾਕਿਸਤਾਨ ਅਤੇ ਹਿੰਦੋਸਤਾਨ ਦੀਆਂ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਡਿਪਲੋਮੈਟਿਕ ਤੌਰ ਤੇ ਦੋਹਾਂ ਸਰਕਾਰਾਂ ਨੂੰ ਆਪਸੀ ਗੱਲਬਾਤ ਕਰਨੀ ਚਾਹੀਦੀ ਹੈ ਤੇ ਗੁਰੂ-ਧਾਮਾਂ ਦੇ ਦਰਸ਼ਨਾਂ ਲਈ ਵੱਧ ਤੋਂ ਵੱਧ ਵੀਜ਼ੇ ਦੇਣੇ ਚਾਹੀਦੇ ਹਨ। ਜਥੇ ਨਾਲ ਜਨਰਲ ਪ੍ਰਬੰਧਕ ਵਜੋਂ ਸ. ਰਾਮ ਸਿੰਘ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਗਏ ਹਨ।
ਜਥੇ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੇਂਦਿਆਂ ਉਹਨਾਂ ਕਿਹਾ ਕਿ ਅੱਜ ਦੇਰ ਰਾਤ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚੇਗਾ। 9 ਨਵੰਬਰ ਨੂੰ ਜਥਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੇ ਨਾਲ-ਨਾਲ ਗੁਰਦੁਆਰਾ ਸੱਚਾ ਸੌਦਾ ਚੂਹੜਕਾਹਣਾ ਵਿਖੇ ਦਰਸ਼ਨ ਕਰਨ ਜਾਵੇਗਾ। ਇਸੇ ਤਰ੍ਹਾਂ 11 ਨਵੰਬਰ ਨੂੰ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਪਹੁੰਚੇਗਾ ਤੇ 13 ਨਵੰਬਰ ਨੂੰ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਪਹੁੰਚੇਗਾ। 14 ਨਵੰਬਰ ਨੂੰ ਲਾਹੌਰ ਤੋਂ ਗੁਰਦੁਆਰਾ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਨ ਜਾਵੇਗਾ ਤੇ ਪਾਕਿਸਤਾਨ ‘ਚ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਇਹ ਜਥਾ 17 ਨਵੰਬਰ ਨੂੰ ਵਾਪਸ ਦੇਸ਼ ਪਰਤ ਆਵੇਗਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਸਤਬੀਰ ਸਿੰਘ, ਸ. ਤਰਲੋਚਨ ਸਿੰਘ ਤੇ ਸ. ਮਨਜੀਤ ਸਿੰਘ, ਮੀਤ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ, ਸ. ਜਸਪਾਲ ਸਿੰਘ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਕੁਲਦੀਪ ਸਿੰਘ, ਸ. ਛਿੰਦਰ ਸਿੰਘ ਤੇ ਸ. ਅੰਗਰੇਜ਼ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸ. ਪਰਮਦੀਪ ਸਿੰਘ, ਸ. ਗੁਰਦੇਵ ਸਿੰਘ ਤੇ ਸ. ਦਿਲਬਾਗ ਸਿੰਘ, ਸ. ਜਸਵਿੰਦਰ ਸਿੰਘ ਦੀਪ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸ/ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਤੇ ਸੁਪਰਵਾਈਜ਼ਰ ਸ. ਲਖਵਿੰਦਰ ਸਿੰਘ ਤੇ ਸ. ਪਲਵਿੰਦਰ ਸਿੰਘ, ਕੰਪਿਊਟਰ ਡਿਜ਼ਾਈਨਰ ਸ. ਭੁਪਿੰਦਰ ਸਿੰਘ ਤੇ ਸ. ਪਰਮਜੀਤ ਸਿੰਘ ਹਾਜ਼ਰ ਸਨ।
ਗੁਰਦੁਆਰਿਆਂ ਦੇ ਘਾਟੇ ਸਬੰਧੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਝੂਠ ਦਾ ਪੁਲੰਦਾ- ਜਥੇ. ਅਵਤਾਰ ਸਿੰਘ
*ਗੁੰਮਰਾਹਕੁਨ ਬਿਆਨਾਂ ਤੋਂ ਸੰਗਤਾਂ ਸੁਚੇਤ ਰਹਿਣ
ਅੰਮ੍ਰਿਤਸਰ – ਪੰਜਾਬ ਦੀਆਂ ਵੱਖ-ਵੱਖ ਅਖ਼ਬਾਰਾਂ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਛਪੀ ਖ਼ਬਰ ਕਿ ‘ਸਿੱਖ ਇਤਿਹਾਸ ‘ਚ ਪਹਿਲੀ ਵਾਰ ਹੋਇਆ ਗੁਰਦੁਆਰੇ ਘਾਟੇ ‘ਚ ਹਨ’ ‘ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਪੰਜਾਬ ਸਰਕਾਰ ‘ਚ ਮੁੱਖ ਮੰਤਰੀ ਦੇ ਸਨਮਾਨਜਨਕ ਅਹੁਦੇ ‘ਤੇ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਤੱਥਾਂ ਤੋਂ ਵਿਹੂਣੇ ਅਤੇ ਸੱਚਾਈ ਤੋਂ ਕੋਹਾਂ ਦੂਰ ਗੁੰਮਰਾਹਕੁਨ ਤੇ ਸਸਤੀ ਸ਼ੋਹਰਤ ਲਈ ਗੁਰੂ ਘਰ ਦੇ ਪ੍ਰਬੰਧ ਵਿਰੁੱਧ ਬਿਆਨ ਦੇ ਕੇ ਸੰਗਤਾਂ ਦੇ ਮਨਾ ਵਿਚ ਭਾਰੀ ਠੇਸ ਪਹੁੰਚਾ ਰਹੇ ਹਨ ਤੇ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰੰਤੂ ਪੰਜਾਬ ਦੇ ਲੋਕ ਕਾਂਗਰਸ ਦੀ ਇਸ ਚਾਲ ਨੂੰ ਭਲੀ-ਭਾਂਤ ਸਮਝਦੇ ਹਨ।
ਅੰਮ੍ਰਿਤਸਰ ਤੋਂ ਜਾਰੀ ਪ੍ਰੈਸ ਬਿਆਨ ‘ਚ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸਮੇਂ ਵੀ ਕਾਂਗਰਸ ਪਾਰਟੀ ਨੇ ਆਪਣੇ ਚਹੇਤਿਆਂ ਦੀ ਮਦਦ ਕਰਦੇ ਹੋਏ ‘ਗੁਰਦੁਆਰੇ ਘਾਟੇ ‘ਚ ਹਨ’ ਦੀ ਰੱਟ ਲਗਾਈ ਹੋਈ ਸੀ, ਪੰਜਾਬ ਦੇ ਸੂਝਵਾਨ ਲੋਕਾਂ ਨੇ ਕਾਂਗਰਸ ਤੇ ਉਸ ਦੇ ਪਿੱਠੂਆਂ ਦੀ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ।
ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਜਿੱਥੋਂ ਤੱਕ ਗੁਰਦੁਆਰਿਆਂ ਦੇ ਘਾਟੇ ਦਾ ਸਵਾਲ ਹੈ ‘ਅਜਿਹਾ ਇੱਕ ਪ੍ਰਤੀਸ਼ਤ ਵੀ ਨਹੀਂ, ਬਲਕਿ ਗੁਰੂ-ਘਰਾਂ ਦੀ ਆਮਦਨ ਲਗਾਤਾਰ ਵਧ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਬਿਲਕੁਲ ਨਿਯਮਤ, ਪਾਰਦਰਸ਼ੀ ਹੈ ਤੇ ਬਕਾਇਦਾ ਹਿਸਾਬ-ਕਿਤਾਬ ਨਾਲ ਦੀ ਨਾਲ ਹੀ ਸਰਕਾਰੀ ਆਡਿਟਰ ਆਡਿਟ ਕਰ ਰਹੇ ਹਨ। ਉਹਨਾਂ ਕਿਹਾ ਕਿ ਕੈਪੀਟਲ ਇਨਵੈਸਟਮੈਂਟ ‘ਚ ਗੁਰਦੁਆਰਾ ਸਾਰਾਗੜ੍ਹੀ ਵਿਖੇ ਨਵੀਂ ਬਣ ਰਹੀ ਆਧੁਨਿਕ ਕਿਸਮ ਦੀ ਯਾਤਰੂ ਸਰਾਂ ਲਈ ਚਾਲੂ ਮਾਲੀ ਸਾਲ ‘ਚ 10 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ ਤੇ ਇਸੇ ਤਰ੍ਹਾਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 14 ਕਰੋੜ 75 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਅਕਾਊਂਟਸ ਦੇ ਕੰਮਾਂ ਤੋਂ ਜਾਣੂ ਹਰੇਕ ਵਿਅਕਤੀ ਇਹ ਜਾਣਦਾ ਹੈ ਕਿ ਹਮੇਸ਼ਾਂ ਜਦੋ ਵੀ ਕੋਈ ਬਜ਼ਟ ਤਿਆਰ ਹੁੰਦਾ ਹੈ ਤਾਂ ਉਸ ਵਿਚ ਸਾਰੀਆਂ ਰਕਮਾਂ ਅਨੁਮਾਨਤ ਹੀ ਰੱਖੀਆਂ ਹੁੰਦੀਆਂ ਹਨ ਕਿਉਂ ਕਿ ਉਹ ਖਰਚਾ ਅਜੇ ਹੋਣਾ ਹੁੰਦਾ ਹੈ। ਗੁਰੂ-ਘਰ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਤੇ ਸੁੱਖ-ਸਹੂਲ਼ਤ ਲਈ ਅਗਾਊਂ ਪ੍ਰਬੰਧ ਕਰਦਿਆਂ ਜ਼ਮੀਨ ਦੀ ਖ਼ਰੀਦ ਕਰਨ ਲਈ ਤਕਰੀਬਨ 10 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਤੇ ਮੁਰੰਮਤ ਜਾਇਦਾਦਾਂ ਲਈ 2 ਕਰੋੜ 10 ਲੱਖ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਇਹ ਸਾਰੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਸਿਕ ਪੱਤਰ ‘ਗੁਰਦੁਆਰਾ ਗਜ਼ਟ’ ‘ਚ ਬਕਾਇਦਾ ਪ੍ਰਕਾਸ਼ਿਤ ਹੋ ਚੁੱਕੀ ਹੈ।
ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਜੇਕਰ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਭਰਮ-ਭੁਲੇਖਾ ਹੋਵੇ ਤਾਂ ਉਹ ਆਪ ਆ ਜਾਣ, ਉਹਨਾਂ ਨੂੰ ਸਾਰਾ ਕੁਝ ਸਮਝਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕੈਪਟਨ ਨੂੰ ਆਪਣੀ ‘ਪੰਜਾਬ ਬਚਾਉ ਯਾਤਰਾ’ ਨਾਮ ਦੀ ਬਜਾਏ ‘ਪੰਜਾਬੀਆਂ ਨੂੰ ਭੁਲੇਖਾ ਪਾਉ ਯਾਤਰਾ’ ਨਾਮ ਰੱਖ ਲੈਣਾ ਚਾਹੀਦਾ ਹੈ।