*ਫਿਰੋਜ਼ਪੁਰ ਵਿਖੇ ਅੱਜ ਖੇਡੇ ਜਾਣਗੇ ਚਾਰ ਮੈਚ
* ਮਹਿਲਾ ਵਰਗ ਵਿੱਚ ਭਾਰਤ ਤੇ ਇੰਗਲੈਂਡ ਵਿਚਾਲੇ ਹੋਵੇਗਾ ਮੁਕਾਬਲਾ
* ਪੁਰਸ਼ ਵਰਗ ਵਿੱਚ ਕੈਨੇਡਾ ਤੇ ਨੇਪਾਲ, ਆਸਟਰੇਲੀਆ ਤੇ ਅਫਗਾਨਸਿਤਾਨ ਅਤੇ ਇੰਗਲੈਂਡ ਤੇ ਜਰਮਨੀ ਦੀ ਹੋਵੇਗੀ ਟੱਕਰ
ਫਿਰੋਜ਼ਪੁਰ/ਚੰਡੀਗੜ੍ਹ,- ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਭਲਕੇ 12 ਨਵੰਬਰ ਨੂੰ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਚਾਰ ਮੈਚ ਖੇਡੇ ਜਾਣਗੇ। ਮਹਿਲਾ ਵਰਗ ਵਿੱਚ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਮੈਚ ਖੇਡਿਆ ਜਾਵੇਗਾ ਜਦੋਂ ਕਿ ਪੁਰਸ਼ ਵਰਗ ਵਿੱਚ ਪੂਲ ‘ਏ’ ਦੀਆਂ ਟੀਮਾਂ ਕੈਨੇਡਾ ਤੇ ਨੇਪਾਲ, ਆਸਟਰੇਲੀਆ ਤੇ ਅਫਗਾਨਸਿਤਾਨ ਅਤੇ ਇੰਗਲੈਂਡ ਤੇ ਜਰਮਨੀ ਆਹਮੋ-ਸਾਹਮਣੇ ਹੋਣਗੀਆਂ।
ਪੂਲ ‘ਏ’ ਵਿਚੋਂ ਭਾਰਤੀ ਟੀਮ ਪਹਿਲਾਂ ਹੀ ਪੰਜ ਮੈਚ ਜਿੱਤ ਕੇ ਸੈਮੀ ਫਾਈਨਲ ਵਿੱਚ ਪਹੁੰਚ ਚੁੱਕੀ ਹੈ। ਸੈਮੀ ਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਲਈ ਤਿੰਨ ਮੁਕਾਬਲਾ ਕੈਨੇਡਾ, ਇੰਗਲੈਂਡ, ਆਸਟਰੇਲੀਆ ਤੇ ਜਰਮਨੀ ਵਿਚਾਲੇ ਟੱਕਰ ਹੈ। ਤਿੰਨਾਂ ਟੀਮਾਂ ਵਿੱਚੋਂ ਕੈਨੇਡਾ ਦੀ ਟੀਮ ਦਾ ਪਲੜਾ ਭਾਰੀ ਹੈ ਜਿਸ ਨੇ ਹੁਣ ਤੱਕ ਚਾਰ ਮੈਚ ਖੇਡ ਕੇ ਤਿੰਨ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਕੈਨੇਡਾ ਨੇ ਇੰਗਲੈਂਡ ਨੂੰ ਹਰਾ ਕੇ ਆਪਣਾ ਦਾਅਵਾ ਮਜ਼ਬੂਤ ਕੀਤਾ ਹੈ।
ਦੂਜੇ ਪਾਸੇ ਆਸਟਰੇਲੀਆ, ਇੰਗਲੈਂਡ ਤੇ ਜਰਮਨੀ ਦੀ ਟੀਮ ਨੇ ਹੁਣ ਤੱਕ ਦੋ-ਦੋ ਮੈਚ ਜਿੱਤੇ ਹਨ। ਆਸਟਰੇਲੀਆ ਨੇ ਪੰਜ ਮੈਚ ਖੇਡ ਕੇ ਦੋ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਅਤੇ ਤਿੰਨ ਵਿੱਚ ਹਾਰ ਮਿਲੀ ਹੈ ਜਦੋਂ ਕਿ ਇੰਗਲੈਂਡ ਤੇ ਜਰਮਨੀ ਦੀਆਂ ਟੀਮਾਂ ਨੇ ਚਾਰ-ਚਾਰ ਮੈਚ ਖੇਡ ਕੇ ਦੋ-ਦੋ ਹੀ ਜਿੱਤੇ ਹਨ ਅਤੇ ਦੋ-ਦੋ ਵਿੱਚ ਹੀ ਹਾਰ ਮਿਲੀ ਹੈ। ਇਨ੍ਹਾਂ ਤਿੰਨੇ ਟੀਮਾਂ ਨੂੰ ਇਕ ਹੋਰ ਹਾਰ ਸੈਮੀ ਫਾਈਨਲ ਦੀ ਦੌੜ ਵਿੱਚੋਂ ਬਾਹਰ ਕਰ ਸਕਦੀ ਹੈ।
ਕੈਨੇਡਾ ਤੇ ਨੇਪਾਲ ਵਿਚਾਲੇ ਮੈਚ ਵਿੱਚ ਕੈਨੇਡਾ ਦੀ ਹੀ ਪਲੜਾ ਭਾਰੀ ਹੈ। ਨੇਪਾਲ ਦੀ ਟੀਮ ਹਾਲੇ ਪਹਿਲੀ ਜਿੱਤ ਨੂੰ ਤਰਸ ਰਹੀ ਹੈ। ਨੇਪਾਲ ਨੇ ਹੁਣ ਤੱਕ ਖੇਡੇ ਸਾਰੇ ਚਾਰ ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ। ਦੂਜੇ ਮੈਚ ਵਿੱਚ ਆਸਟਰੇਲੀਆ ਦੀ ਟੀਮ ਨੂੰ ਅਫਗਾਨਸਿਤਾਨ ਤੋਂ ਕੁਝ ਟੱਕਰ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਅਫਗਾਨਸਿਤਾਨ ਦੀ ਟੀਮ ਨੇਪਾਲ ਵਿਰੁੱਧ ਜਿੱਤ ਤੋਂ ਬਹੁਤ ਉਤਸ਼ਾਹਤ ਹੈ ਅਤ ਉਸ ਨੇ ਜਰਮਨੀ ਵਿਰੁੱਧ ਵੀ ਚੰਗੀ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਤੀਜਾ ਮੈਚ ਇੰਗਲੈਂਡ ਤੇ ਜਰਮਨੀ ਵਿਚਾਲੇ ਖੇਡਿਆ ਜਾਵੇਗਾ ਜਿਹੜਾ ਕਾਫੀ ਫਸਵਾਂ ਰਹਿਣ ਦੇ ਆਸਾਰ ਹਨ। ਦੋਵੇਂ ਟੀਮਾਂ ਨੇ ਹੁਣ ਤੱਕ ਦੋ-ਦੋ ਮੈਚ ਜਿੱਤੇ ਹਨ। ਜਰਮਨੀ ਦੇ ਤਿੰਨ ਖਿਡਾਰੀ ਫੱਟੜ ਹੋਣ ਕਾਰਨ ਇਸ ਟੀਮ ਨੂੰ ਝਟਕਾ ਵੀ ਲੱਗਿਆ ਹੈ।
ਕਬੱਡੀ ਮੈਚਾਂ ਦਾ ਰੋਮਾਂਚ ਨੂੰ ਦੋਗੁਣਾ ਕਰ ਰਹੇ ਕੁਮੈਂਟੇਟਰਾਂ ਦੇ ਬੋਲ
ਚੰਡੀਗੜ੍ਹ, – ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿੱਚ ਖੇਡੇ ਜਾ ਰਹੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੌਰਾਨ ਜਿੱਥੇ ਫਸਵੇਂ ਕਬੱਡੀ ਮੁਕਾਬਲੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ ਉਥੇ ਦਰਸ਼ਕਾਂ ਵਿੱਚ ਅਥਾਹ ਜੋਸ਼ ਭਰਨ ਵਾਲੇ ਕੁਮੈਂਟੇਟਰਾਂ ਦੇ ਬੋਲ ਵੀ ਕਬੱਡੀ ਮੈਚਾਂ ਦੇ ਰੋਮਾਂਚ ਨੂੰ ਦੁਗਾਣਾ ਕਰ ਰਹੇ ਹਨ। ਕੁਮੈਂਟੇਟਰ ਕਬੱਡੀ ਖੇਡ ਦੇ ਤਕਨੀਕੀ ਦਾਅ ਪੇਚਾਂ ਅਤੇ ਠੇਠ ਪੰਜਾਬੀ ਸ਼ਬਦਾਬਲੀ ਅਤੇ ਵਿਸ਼ੇਸ਼ਣਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ।
ਕਬੱਡੀ ਮੈਚਾਂ ਦੌਰਾਨ ਪ੍ਰੋ. ਮੱਖਣ ਸਿੰਘ ਹਕੀਮਪੁਰ, ਮੱਖਣ ਅਲੀ, ਗੁਰਪ੍ਰੀਤ ਸਿੰਘ ਬੇਰਕਲਾਂ, ਅਰਵਿੰਦਰ ਸਿੰਘ ਕੋਛੜ, ਬੀ.ਐਸ. ਰੰਧਾਵਾ ਆਦਿ ਕੁਮੈਂਟਰੀ ਦੀ ਸੇਵਾ ਨਿਭਾ ਰਹੇ ਹਨ ਜਦੋਂ ਕਿ ਪ੍ਰਿੰਸੀਪਲ ਸਰਵਣ ਸਿੰਘ ਤੇ ਡਾ. ਸੁਖਦਰਸ਼ਨ ਚਹਿਲ ਵਿਸ਼ਲੇਸ਼ਣ ਕਰ ਰਹੇ ਹਨ। ਕੁਮੈਂਟੇਟਰ ਦਰਸ਼ਕਾਂ ਨੂੰ ਹਰ ਖਿਡਾਰੀ ਦੇ ਪਿਛੋਕੜ, ਉਸ ਦੇ ਤਲਖੱਸ, ਪੁਰਾਣੇ ਰਿਕਾਰਡ ਅਤੇ ਖੇਡਣ ਦੀ ਸ਼ੈਲੀ ਬਾਰੇ ਜਾਣਕਾਰੀ ਦਿੰਦੇ ਹਨ। ਕੁਮੈਂਟੇਟਰ ਸ਼ੇਅਰਾਂ, ਪੰਜਾਬੀ ਅਖਾਣਾਂ ਤੇ ਮੁਹਾਵਰਿਆਂ ਦੀ ਵੀ ਖੂਬ ਵਰਤੋਂ ਕਰਦੇ ਹਨ।
ਖਿਡਾਰੀਆਂ ਦਾ ਵੱਖਰਾ ਹੀ ਹੈ ਸਟਾਈਲ:
ਕਬੱਡੀ ਮੈਚਾਂ ਦੌਰਾਨ ਕਈ ਖਿਡਾਰੀ ਅੰਕ ਲੈਣ ਤੋਂ ਬਾਅਦ ਆਪਣੇ ਵੱਖਰੇ ਹੀ ਸਟਾਈਲ ਵਿੱਚ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਭਾਰਤ ਦਾ ਕਪਤਾਨ ਸੁਖਬੀਰ ਸਿੰਘ ਸਰਾਵਾਂ ਅੰਕ ਹਾਸਲ ਕਰਨ ਤੋਂ ਬਾਅਦ ਪੱਟਾਂ ਦੇ ਥਾਪੀ ਮਾਰ ਕੇ ਹੱਥ ਉਪਰ ਖੜ੍ਹਾ ਕਰਦਾ ਹੈ। ਭਾਰਤ ਦਾ ਉਪ ਕਪਤਾਨ ਹਰਦਵਿੰਦਰਜੀਤ ਸਿੰਘ ਦੁੱਲਾ ਸੁਰਖਪੁਰੀਆ ਅੰਕ ਲੈਣ ਤੋਂ ਬਾਅਦ ਹੰਧਿਆਂ ਨੂੰ ਪਾਰ ਕਰ ਕੇ ਉਂਗਲ ਖੜ੍ਹੀ ਕਰ ਦਿੰਦਾ ਹੈ ਜਿਸ ਬਾਰੇ ਕੁਮੈਂਟੇਟਰ ਅਕਸਰ ਬੋਲਦੇ ਹਨ, ‘ਅਰਜੁਨ ਦੇ ਤੀਰ ਵਾਂਗ ਖੜ੍ਹੀ ਕਰ ਦਿੱਤੀ ਉਂਗਲੀ।’
ਕੈਨੇਡਾ ਦਾ ਸੰਦੀਪ ਲੱਲੀਆਂ ਅੰਕ ਲੈਣ ਤੋਂ ਬਾਅਦ ਲਾਈਨ ਕੋਲ ਆ ਕੇ ਛਾਲ ਮਾਰ ਕੇ ਆਪਣੇ ਦੋਵੇਂ ਹੱਥ ਪੈਰਾਂ ਕੋਲ ਲਿਜਾਂਦਾ ਹੈ। ਭਾਰਤ ਦਾ ਧਾਵੀ ਗੁਲਜ਼ਾਰੀ ਮੂਣਕ ਰੇਡ ਸਫਲ ਹੋਣ ਤੋਂ ਬਾਅਦ ਛਾਲਾਂ ਮਾਰਦਾ ਵਾਪਸ ਪਾਲੇ ਵਿੱਚ ਆਉਂਦਾ ਹੈ। ਇੰਗਲੈਂਡ ਦਾ ਮੰਗਾ ਮਿੱਠਾਪੁਰੀਆ ਆਰਾਮ ਨਾਲ ਤੁਰਦਾ ਹੋਇਆ ਹੱਥ ਖਿਲਾਰਦਾ ਹੈ। ਕੈਨੇਡਾ ਦਾ ਜਾਫੀ ਬਲਜੀਤ ਸੈਦੋਕੇ ਰੇਡਰ ਨੂੰ ਜੱਫਾ ਪਾਉਣ ਤੋਂ ਬਾਅਦ ਅੰਕ ਲੈਣ ਦੀ ਖੁਸ਼ੀ ਹੱਥ ਪਿੱਛੇ ਖਿਲਾਰ ਕੇ ਮਨਾਉਂਦਾ ਹੈ।