November 13, 2011 admin

ਗਿਆਨੀ ਦਿੱਤ ਸਿੰਘ ਨੇ ਸਿੱਖੀ ਨੂੰ ਪ੍ਰਫੁਲਿਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ –ਸੇਖਵਾਂ

ਪਟਿਆਲਾ –  ” ਗਿਆਨੀ ਦਿੱਤ ਸਿੰਘ ਇੱਕ ਅਜਿਹੀ ਸਖਸ਼ੀਅਤ ਦੇ ਧਾਰਨੀ ਸਨ ਜਿਹਨਾਂ ਨੇ ਸਿੱਖੀ ਨੂੰ ਪ੍ਰਫੁਲਿਤ ਕਰਨ ਲਈ ਅਹਿਮ ਯੋਗਦਾਨ ਪਾਇਆ । ਗਿਆਨੀ ਜੀ ਨੇ ਉਸ ਸਮੇਂ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਸਿੰਘ ਸਭਾ ਲਹਿਰ ਚਲਾਈ ਜਦੋਂ ਸਿੱਖੀ ਵਿੱਚ ਪਤਿਤਪੁਣਾ ਆ ਰਿਹਾ ਸੀ ਅਤੇ ਆਰੀਆ ਲੋਕ ਸਿੱਖੀ ਨੂੰ ਖਤਮ ਕਰਨ ਵੱਲ ਤੁਰੇ ਹੋਏ ਸਨ ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਸ੍ਰ: ਸੇਵਾ ਸਿੰਘ ਸੇਖਵਾਂ ਨੇ ਨਗਰ ਨਿਗਮ ਦੇ ਆਡੀਟੋਰੀਅਮ ਵਿਖੇ ਭਾਰਤੀ ਘੱਟ ਗਿਣਤੀਆਂ ਅਤੇ ਦਲਿੱਤ ਫਰੰਟ ਪੰਜਾਬ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਲਿਆਂਦੀਆਂ ਇਨਕਲਾਬੀ ਤਬਦੀਲੀਆਂ ਕਾਰਨ ਸ੍ਰ: ਸੇਖਵਾਂ ਨੂੰ ਗਿਆਨੀ ਦਿੱਤ ਸਿੰਘ ਅਵਾਰਡ ਨਾਲ ਸਨਮਾਨਿਤ ਕਰਨ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗਿਆਨੀ ਦਿੱਤ ਸਿੰਘ ਜੀ ਦੀ ਸਿੱਖ ਪੰਥ ਨੂੰ ਦੇਣ ਇਸ ਗੱਲ ਤੋਂ ਪਤਾ ਚਲਦੀ ਹੈ ਕਿ ਉਨ੍ਹਾਂ ਨੇ ਆਪਣੀ 45 ਸਾਲ ਦੀ ਉਮਰ ਵਿੱਚ 54 ਕਿਤਾਬਾਂ ਲਿਖੀਆਂ ਜੋ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਸਨ। ਸ੍ਰ: ਸੇਖਵਾਂ ਨੇ ਹੋਰ ਕਿਹਾ ਕਿ ਗਿਆਨੀ ਦਿੱਤ ਸਿੰਘ ਉਚ ਕੋਟੀ ਦੇ ਵਿਦਵਾਨ, ਟੀਕਾਕਾਰ, ਕਵੀ ਅਤੇ ਲੇਖਕ ਸਨ ਅਤੇ ਉਨ੍ਹਾਂ ਨੇ ਸਿੰਘ ਸਭਾ ਲਹਿਰ ਚਲਾ ਕੇ ਸਿੱਖੀ ਨੂੰ ਮਜਬੂਤ ਕੀਤਾ। ਉਨ੍ਹਾਂ ਕਿਹਾ ਕਿ ਗਿਆਨੀ ਦਿੱਤ ਸਿੰਘ ਜੀ ਨੇ ਉਸ ਸਮੇਂ ਸਿੱਖੀ ਨੂੰ ਪ੍ਰਫੁਲਿਤ ਕਰਨ ਲਈ ਕਦਮ ਚੁੱਕੇ ਜਦੋਂ ਇੰਗਲੈਂਡ ਦੇ ਇੱਕ ਅਖ਼ਬਾਰ ਨੇ ਇਥੋਂ ਤੱਕ ਲਿਖ ਦਿੱਤਾ ਸੀ ਕਿ ਕੁਝ ਸਾਲਾਂ ਬਾਅਦ ਸਿੱਖ ਸ਼ਾਇਦ ਹੀ ਵੇਖਣ ਨੂੰ ਮਿਲਣ ਪਰ ਗਿਆਨੀ ਦਿੱਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਹਜ਼ਾਰਾਂ ਦੀ ਸੰਖਿਆ ਵਿੱਚ ਸਿੱਖ ਜੋ ਸਿੱਖ ਪੰਥ ਛੱਡ ਕੇ ਦੂਜੇ ਧਰਮਾਂ ਵਿੱਚ ਜਾ ਰਲੇ ਸਨ ਦੁਬਾਰਾ ਸਿੱਖੀ ਵੱਲ ਪਰਤੇ।
         ਸ੍ਰ: ਸੇਖਵਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ ਦੇ ਦੱਬੇ-ਕੁਚਲੇ ਅਤੇ ਘੱਟ ਗਿਣਤੀਆਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਦਾ ਜੋ ਸੰਦੇਸ਼ ਆਪਣੀ ਬਾਣੀ ਵਿੱਚ ਦਿੱਤਾ ਉਹ ਉਸ ਨੂੰ ਹੀ ਅੱਗੇ ਲੈ ਕੇ ਜਾਣ ਦੇ ਯਤਨ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸਮੂਹ ਗੁਰੂ ਨਾਨਕ ਨਾਮ ਲੇਵਾ ਲੋਕਾਂ ਦਾ ਇਹ ਮੁਢਲਾ ਫਰਜ਼ ਬਣਦਾ ਹੈ ਕਿ ਉਹ ਘੱਟ ਗਿਣਤੀਆਂ ਅਤੇ ਦੱਬੇ-ਕੁਚਲੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਕਦਮ ਚੁੱਕਣ। ਸ੍ਰ: ਸੇਖਵਾਂ ਨੇ ਦੱਸਿਆ ਕਿ ਘੱਟ ਗਿਣਤੀਆਂ ਅਤੇ ਦਲਿੱਤ ਵਰਗ ਨੂੰ ਉਚਾ ਚੁੱਕਣ ਲਈ ਸਭ ਤੋਂ ਪਹਿਲਾਂ ਉਹਨਾਂ ਦੇ ਪਿਤਾ ਜਥੇਦਾਰ ਉਜਾਗਰ ਸਿੰਘ ਸੇਖਵਾਂ ਨੇ ਇਸ ਫਰੰਟ ਦੀ ਸਥਾਪਨਾਂ ਕੀਤੀ ਸੀ ਅਤੇ ਹੁਣ ਲੋਕਾਂ ਦੇ ਹੁਕਮ ਅਨੁਸਾਰ ਉਹ ਆਪਣੇ ਪਿਤਾ ਵੱਲੋਂ ਪਾਏ ਪੂਰਨਿਆਂ ‘ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਘੱਟ ਗਿਣਤੀ ਅਤੇ ਦਲਿੱਤ ਫਰੰਟ ਪੰਜਾਬ ਦੇ ਕੌਮੀ ਜਨਰਲ ਸਕੱਤਰ ਸ੍ਰ: ਜੋਗਿੰਦਰ ਸਿੰਘ ਪੰਛੀ ਅਤੇ ਫਰੰਟ ਦੇ ਹੋਰ ਆਹੁਦੇਦਾਰਾਂ ਵੱਲੋਂ ਸ੍ਰ: ਸੇਖਵਾਂ ਨੂੰ ਗਿਆਨੀ ਦਿੱਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸ੍ਰ: ਸੇਖਵਾਂ ਨੇ ਕਿਹਾ ਕਿ ਗਿਆਨੀ ਦਿੱਤ ਸਿੰਘ ਬਹੁਤ ਮਹਾਨ ਸਖਸ਼ੀਅਤ ਸਨ ਭਾਵੇਂ ਉਹ ਆਪਣੇ ਆਪ ਨੂੰ ਇਸ ਲਾਇਕ ਨਹੀਂ ਮੰਨਦੇ ਪੰ੍ਰਤੂ ਫਰੰਟ ਵੱਲੋਂ ਜੋ ਭਰੋਸਾ ਉਹਨਾਂ ਵਿੱਚ ਵਿਖਾਇਆ ਗਿਆ ਹੈ ਉਸ ‘ਤੇ ਉਹ ਪੂਰਾ ਉਤਰਣ ਦੀ ਕੋਸ਼ਿਸ਼ ਕਰਨਗੇ।
         ਇਸ ਮੌਕੇ ਜ਼ਿਲ੍ਹਾ ਯੋਜਨਾਂ ਕਮੇਟੀ ਪਟਿਆਲਾ ਦੇ ਚੇਅਰਮੈਨ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸ੍ਰ: ਸੇਖਵਾਂ ਨੇ ਬਤੌਰ ਸਿੱਖਿਆ ਮੰਤਰੀ ਜੋ ਨੀਤੀਆਂ ਘੜੀਆਂ ਹਨ ਉਹ ਪਿਛਲੇ 65 ਸਾਲਾਂ ਵਿੱਚ ਕਿਸੇ ਨੇ ਵੀ ਨਹੀਂ ਬਣਾਈਆਂ । ਉਨ੍ਹਾਂ ਕਿਹਾ ਕਿ ਪੰਜਾਬੀ ਆਪਣੀ ਮਿਹਨਤ ਸਦਕਾ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ ਅਤੇ ਕਈ ਵਿਕਾਸਸ਼ੀਲ ਦੇਸ਼ਾਂ ਨੂੰ ਵਿਕਸਤ ਕਰਨ ਵਿੱਚ ਪੰਜਾਬੀਆਂ ਦਾ ਅਹਿਮ ਯੋਗਦਾਨ ਹੈ ਪ੍ਰੰਤੂ ਅਫਸੋਸ ਕਿ ਅਸੀਂ ਜਿੰਨੀ ਤਰੱਕੀ ਕਰਨੀ ਸੀ ਉਹ ਸਾਰੀ ਕਾਂਗਰਸ ਦੀ ਰਿਸ਼ਵਤਖੋਰੀ ਕਾਰਨ ਨਹੀਂ ਹੋ ਸਕੀ ਅਤੇ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ਘਪਲੇ ਆਪਣੇ ਆਪ ਵਿੱਚ ਰਿਕਾਰਡ ਬਣ ਗਏ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰ: ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜਿੰਦਗੀ ਦੇ ਫਲਸਫੇ ਵਿੱਚ ਬਹੁਤ ਘੱਟ ਸਖਸ਼ੀਅਤਾਂ ਅਜਿਹੀਆਂ ਹੁੰਦੀਆਂ ਹਨ ਜੋ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹੋਈਆਂ ਲੋਕਾਂ ਨੂੰ ਚੰਗੇ ਰਾਹ ‘ਤੇ ਤੁਰਨ ਦੀ ਪ੍ਰੇਰਨਾਂ ਦਿੰਦੀਆਂ ਹਨ ਅਤੇ ਸ੍ਰ: ਸੇਵਾ ਸਿੰਘ ਸੇਖਵਾਂ ਉਸੇ ਚਾਨਣ ਮੁਨਾਰੇ ਵਾਂਗ ਲੋਕਾਂ ਨੂੰ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕਰ ਰਹੇ ਹਨ।
         ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸ੍ਰ: ਇੰਦਰਮੋਹਨ ਸਿੰਘ ਬਜਾਜ ਨੇ ਇਸ ਮੌਕੇ ਕਿਹਾ ਕਿ ਆਪਣੇ ਪਿਤਾ ਦੀ ਪੱਗ ਨੂੰ ਹੋਰ ਵੀ ਉਚਾ ਲੈ ਜਾਣ ਦਾ ਕੰਮ ਜਿਸ ਵਧੀਆ ਢੰਗ ਨਾਲ ਸ੍ਰ: ਸੇਖਵਾਂ ਨੇ ਕੀਤਾ ਹੈ ਉਹ ਪ੍ਰੇਰਨਾ ਸਰੋਤ ਹੈ ਅਤੇ ਸਾਨੂੰ ਇਹਨਾਂ ਤੋਂ ਪ੍ਰੇਰਨਾਂ ਲੈ ਕੇ ਆਪਣੇ ਬਜੁਰਗਾਂ ਵੱਲੋਂ ਪਾਈਆਂ ਗਈਆਂ ਚੰਗੀਆਂ ਪੈੜ੍ਹਾਂ ‘ਤੇ ਚਲਣਾ ਚਾਹੀਦਾ ਹੈ। ਇਸ ਮੌਕੇ ਭਾਰਤੀ ਘੱਟ ਗਿਣਤੀ ਅਤੇ ਦਲਿੱਤ ਫਰੰਟ ਪਟਿਆਲਾ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਸਿੰਘ ਬੰਗੜ ਨੇ ਸ੍ਰ: ਸੇਖਵਾਂ ਅਤੇ ਸਮੂਹ ਸਖਸ਼ੀਅਤਾਂ ਦਾ ਉਥੇ ਪੁੱਜਣ ‘ਤੇ ਧੰਨਵਾਦ ਕੀਤਾ ਅਤੇ ਫਰੰਟ ਦੇ ਕੌਮੀ ਜਨਰਲ ਸਕੱਤਰ ਸ੍ਰ: ਜੋਗਿੰਦਰ ਸਿੰਘ ਪੰਛੀ ਨੇ ਜੀ ਆਇਆਂ ਨੂੰ ਕਿਹਾ । ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ: ਅਜੈਬ ਸਿੰਘ ਮੁਖਮੇਲਪੁਰ ਤੇ ਸ੍ਰ: ਬਲਵੰਤ ਸਿੰਘ ਸ਼ਾਹਪੁਰ (ਦੋਵੇਂ ਸਾਬਕਾ ਮੰਤਰੀ), ਸੀਨੀਅਰ ਡਿਪਟੀ ਮੇਅਰ ਸ਼੍ਰੀ ਅਨਿਲ ਬਜਾਜ, ਡਿਪਟੀ ਮੇਅਰ ਸ਼੍ਰੀਮਤੀ ਸੋਨੀਆ ਦੇਵੀ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸ੍ਰ: ਰਣਜੀਤ ਸਿੰਘ ਨਿੱਕੜਾ, ਪਨਸੀਡ ਪੰਜਾਬ ਦੇ ਚੇਅਰਮੈਨ ਸ੍ਰ: ਸੁਰਜੀਤ ਸਿੰਘ ਅਬਲੋਵਾਲ, ਪੰਜਾਬ ਮੁਲਾਜ਼ਮ ਭਲਾਈ ਬੋਰਡ ਦੇ ਚੇਅਰਮੈਨ ਸ੍ਰ: ਸੁਰਿੰਦਰ ਸਿੰਘ ਪਹਿਲਵਾਨ, ਐਸ.ਜੀ.ਪੀ.ਸੀ.ਮੈਂਬਰ ਸ੍ਰ: ਲਾਭ ਸਿੰਘ ਦੇਵੀਨਗਰ, ਸ੍ਰ: ਜਸਮੇਰ ਸਿੰਘ ਲਾਛੜੂ, ਸ੍ਰ: ਜਰਨੈਲ ਸਿੰਘ ਕਰਤਾਰਪੁਰ ਸਾਹਿਬ, ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਲਵਲੀਨ ਸਿੰਘ ਸਿੱਧੂ, ਸ੍ਰ: ਹਰਪਾਲ ਸਿੰਘ ਤੇਜਾ, ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਜਸਪਾਲ ਕੌਰ ਧਾਰਨੀ, ਸ੍ਰ: ਜੋਗਿੰਦਰ ਸਿੰਘ ਬਰਸਟ,ਬਲਾਕ ਸੰਮਤੀ ਮੈਂਬਰ ਸ੍ਰ: ਹਰਮਨਜੀਤ ਸਿੰਘ ਜੋਗੀਪੁਰ, ਸ੍ਰ: ਲਖਬੀਰ ਸਿੰਘ ਕਰਨਪੁਰ, ਸ੍ਰ: ਜਰਨੈਲ ਸਿੰਘ, ਸ੍ਰ: ਪਵਿੱਤਰ ਸਿੰਘ, ਸ੍ਰ: ਮਲਾਗਰ ਸਿੰਘ,  ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਪ੍ਰਮੋਦ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸ਼੍ਰੀਮਤੀ ਬਲਬੀਰ ਕੌਰ ਗਿੱਲ ਤੋਂ ਇਲਾਵਾ ਕਈ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਕੌਂਸਲਰ ਵੀ ਮੌਜੂਦ ਸਨ। ਇਸ ਮੌਕੇ ਸ੍ਰ: ਸੇਖਵਾਂ ਨੇ ਸਿੱਖਿਆ ਦੇ ਖੇਤਰ ਵਿੱਚ ਵਧੀਆ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਅਤੇ ਐਸ.ਜੀ.ਪੀ.ਸੀ. ਮੈਂਬਰਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ।

Translate »