*ਫਿਰੋਜ਼ਪੁਰ ਵਿਖੇ ਬਣੇਗਾ ਫਲੱਡ ਲਾਈਟਾਂ ਵਾਲਾ ਕੌਮਾਂਤਰੀ ਪੱਧਰ ਦਾ ਸਟੇਡੀਅਮ: ਸੁਖਬੀਰ ਸਿੰਘ ਬਾਦਲ
* ਪੁਰਸ਼ ਵਰਗ ਵਿੱਚ ਕੈਨੇਡਾ ਨੇ ਵੀ ਸੈਮੀ ਫਾਈਨਲ ਦੀ ਟਿਕਟ ਕਟਾਈ
*ਪੰਜ ਖਿਡਾਰੀ ਡੋਪਿੰਗ ਵਿੱਚ ਫੜੇ ਜਾਣ ਕਾਰਨ ਆਸਟਰੇਲੀਆ ਨੂੰ ਕੀਤਾ ਵਿਸ਼ਵ ਕੱਪ ਵਿਚੋਂ ਬਾਹਰ ਅੱਜ ਦੇ ਮੈਚਾਂ ਦੇ ਨਤੀਜੇ
* ਭਾਰਤੀ ਕੁੜੀਆਂ ਨੇ ਇੰਗਲੈਂਡ ਨੂੰ 51-8 ਨਾਲ ਹਰਾਇਆ
* ਕੈਨੇਡਾ ਨੇ ਨੇਪਾਲ ਨੂੰ 64-22 ਨਾਲ ਹਰਾਇਆ
*ਇੰਗਲੈਂਡ ਨੇ ਜਰਮਨੀ ਨੂੰ 65-19 ਨਾਲ ਹਰਾਇਆ
*ਆਸਟਰੇਲੀਆ ਦੀ ਟੀਮ ਮੁਅੱਤਲ ਹੋਣ ਕਾਰਨ ਅਫਗਾਨਸਿਤਾਨ ਨੂੰ ਮਿਲੇ ਪੂਰੇ ਅੰਕ
ਫਿਰੋਜ਼ਪੁਰ- ਭਾਰਤੀ ਮਹਿਲਾ ਕਬੱਡੀ ਟੀਮ ਨੇ ਇੰਗਲੈਂਡ ਨੂੰ ਵੱਡੇ ਫਰਕ ਨਾਲ 51-8 ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਹਾਸਲ ਕਰਦਿਆਂ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਦਾਖਲਾ ਪਾ ਲਿਆ। ਫਾਈਨਲ ਵਿੱਚ ਪਹੁੰਚਣ ਵਾਲੀ ਭਾਰਤ ਪਹਿਲੀ ਟੀਮ ਹੈ। ਪੁਰਸ਼ ਵਰਗ ਵਿੱਚ ਪੂਲ ‘ਏ’ ਵਿੱਚੋਂ ਕੈਨੇਡਾ ਨੇ ਲੀਗ ਮੈਚ ਵਿੱਚ ਨੇਪਾਲ ਨੂੰ 64-22 ਨਾਲ ਹਰਾ ਕੇ ਆਪਣੀ ਚੌਥੀ ਜਿੱਤ ਦਰਜ ਕਰਦਿਆਂ ਸੈਮੀ ਫਾਈਨਲ ਵਿੱਚ ਦਾਖਲਾ ਪਾ ਲਿਆ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਅੱਜ ਖੇਡੇ ਗਏ ਮੈਚਾਂ ਦੌਰਾਨ ਪੁਰਸ਼ ਵਰਗ ਵਿੱਚ ਕੈਨੇਡਾ ਨੇ ਨੇਪਾਲ ਨੂੰ 64-22 ਅਤੇ ਇੰਗਲੈਂਡ ਨੇ ਜਰਮਨੀ ਨੂੰ 65-19 ਅਤੇ ਮਹਿਲਾ ਵਰਗ ਵਿੱਚ ਭਾਰਤ ਨੇ ਇੰਗਲੈਂਡ ਨੂੰ 51-8 ਨਾਲ ਹਰਾਇਆ।
ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਡੋਪ ਮੁਕਤ ਕਰਨ ਦੇ ਟੀਚੇ ਨਾਲ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਵੱਲੋਂ ਲਏ ਜਾ ਰਹੇ ਡੋਪ ਟੈਸਟਾਂ ਵਿੱਚ ਆਸਟੇਰਲੀਆ ਦੇ ਪੰਜ ਖਿਡਾਰੀ ਡੋਪਿੰਗ ਦੇ ਦੋਸ਼ੀ ਪਾਏ ਗਏ ਜਿਸ ਕਾਰਨ ਆਸਟਰੇਲੀਆ ਦੀ ਟੀਮ ਨੂੰ ਮੁਅੱਤਲ ਕਰ ਕੇ ਵਿਸ਼ਵ ਕੱਪ ਵਿੱਚੋਂ ਬਾਹਰ ਕਰ ਦਿੱਤਾ। ਆਸਟਰੇਲੀਆ ਨੂੰ ਬਾਹਰ ਕਰਨ ਕਰਕੇ ਉਸ ਵਿਰੁੱਧ ਖੇਡਣ ਵਾਲੀ ਅਫਗਾਨਸਿਤਾਨ ਦੀ ਟੀਮ ਨੂੰ ਪੂਰੇ ਅੰਕ ਦੇ ਦਿੱਤੇ।
ਇਸ ਤੋਂ ਪਹਿਲਾਂ ਅੱਜ ਦੇ ਮੈਚਾਂ ਵਿੱਚ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਪੁੱਜੇ। ਸ. ਬਾਦਲ ਨੇ ਖਚਾਖਚ ਭਰੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਫਿਰੋਜ਼ਪੁਰ ਵਿਖੇ ਅਗਲੇ ਸਾਲ ਵਿਸ਼ਵ ਕੱਪ ਮੁਕਾਬਲਿਆਂ ਤੋਂ ਪਹਿਲਾਂ ਫਲੱਡ ਲਾਈਟਾਂ ਵਾਲਾ ਕੌਮਾਂਤਰੀ ਪੱਧਰ ਦਾ ਅਤਿ ਆਧੁਨਿਕ ਸਟੇਡੀਅਮ ਬਣਾਇਆ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਮਰਦਾਂ ਦੀ ਕਬੱਡੀ ਨੂੰ ਤਾਂ ਪਿਛਲੇ ਸਾਲ ਹੀ ਮਾਣ ਮਿਲ ਗਿਆ ਸੀ ਜਦੋਂ ਕਿ ਹੁਣ ਮਹਿਲਾ ਵਿਸ਼ਵ ਕੱਪ ਦੀ ਵੀ ਸ਼ੁਰੂਆਤ ਹੋ ਗਈ ਹੈ।
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਨੂੰ ਉਪਰ ਉਠਾਉਣ ਦਾ ਕੀਤਾ ਯਤਨ ਅੱਜ ਸਫਲ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਦੀ ਸਫਲਤਾ ਨੂੰ ਦੇਖ ਕੇ ਹੋਰਨਾਂ ਕਈ ਮੁਲਕਾਂ ਵੱਲੋਂ ਕਬੱਡੀ ਖੇਡਣ ਦੀ ਫਰਮਾਇਸ਼ ਕੀਤੀ ਗਈ ਹੈ। ਅਗਲੇ ਸਾਲ ਮਹਿਲਾ ਵਿਸ਼ਵ ਕੱਪ ਵਿੱਚ ਹੋਰ ਨਵੀਆਂ ਟੀਮਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਨਾਮ ਰਾਸ਼ੀ ਵੀ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਬੱਡੀ ਖੇਡ ਨੂੰ ਓਲੰਪਿਕ ਖੇਡਾਂ ਵਿੱਚ ਲਿਜਾਣ ਲਈ ਇਹ ਵਿਸ਼ਵ ਕੱਪ ਬਹੁਤ ਅਹਿਮ ਰੋਲ ਨਿਭਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਬੱਡੀ ਤੇ ਹਾਕੀ ਤੋਂ ਇਲਾਵਾ ਹੋਰ ਖੇਡਾਂ ਦੇ ਅਜਿਹੇ ਕੌਮਾਂਤਰੀ ਮੁਕਾਬਲੇ ਕਰਵਾਏਗੀ ਤਾਂ ਜੋ ਪੰਜਾਬ ਪੂਰੀਆਂ ਦੁਨੀਆਂ ਵਿੱਚ ਵੱਡੀ ਖੇਡ ਸ਼ਕਤੀ ਬਣ ਜਾਵੇ।
ਇਸ ਤੋਂ ਪਹਿਲਾਂ ਮਹਿਲਾ ਵਰਗ ਦੇ ਮੁਕਾਬਲੇ ਵਿੱਚ ਭਾਰਤ ਨੇ ਇੰਗਲੈਂਡ ਨੂੰ 51-8 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕਰਦਿਆਂ ਫਾਈਨਲ ਵਿੱਚ ਦਾਖਲਾ ਪਾਇਆ। ਚਾਰ ਟੀਮਾਂ ਦੀ ਲੀਗ ਵਿੱਚ ਭਾਰਤੀ ਟੀਮ ਦੋ ਮੈਚ ਜਿੱਤ ਕੇ ਸਿਖਰ ‘ਤੇ ਹੈ ਅਤੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ। ਅੱਧੇ ਸਮੇਂ ਤੱਕ ਭਾਰਤੀ ਟੀਮ 28-4 ਨਾਲ ਅੱਗੇ ਸੀ। ਭਾਰਤ ਦੀਆਂ ਰੇਡਰਾਂ ਵਿੱਚੋਂ ਰਾਜਵਿੰਦਰ ਕੌਰ ਰਾਜੂ ਨੇ 6 ਅਤੇ ਪ੍ਰਿਅੰਕਾ ਦੇਵੀ ਨੇ 5 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਅਨੂ ਰਾਣੀ ਨੇ 6 ਜੱਫੇ ਅਤੇ ਜਤਿੰਦਰ ਕੌਰ ਤੇ ਜਸਬੀਰ ਕੌਰ ਜੱਸੂ ਨੇ 4-4 ਨੇ 4-4 ਜੱਫੇ ਲਾਏ। ਭਾਰਤ ਦੀ ਜਾਫ ਲਾਈਨ ਦੀ ਹਰ ਖਿਡਾਰਨ ਜੱਫੇ ਲਾਏ। ਇੰਗਲੈਂਡ ਵੱਲੋਂ ਲਾਉਮੀ ਮਿਨੀਅਮ ਨੇ 3 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਮਿਸ ਟਰੇਸੀਆ ਨੇ 2 ਜੱਫੇ ਲਾਏ ਅਤੇ ਇਕ ਰੇਡ ਰਾਹੀਂ ਵੀ ਅੰਕ ਲਿਆ।
ਪੁਰਸ਼ ਵਰਗ ਵਿੱਚ ਪੂਲ ‘ਏ’ ਦੇ ਮੁਕਾਬਲੇ ਵਿੱਚ ਕੈਨੇਡਾ ਨੇ ਨੇਪਾਲ ਨੂੰ 64-22 ਨਾਲ ਹਰਾਇਆ। ਅੱਧੇ ਸਮੇਂ ਤੱਕ ਕੈਨੇਡਾ ਦੀ ਟੀਮ 36-10 ਨਾਲ ਅੱਗੇ ਸੀ। ਕੈਨੇਡਾ ਦੀ ਇਹ ਚੌਥੀ ਜਿੱਤ ਹੈ ਅਤੇ ਉਸ ਨੇ ਸੈਮੀ ਫਾਈਨਲ ਦੀ ਟਿਕਟ ਪੱਕੀ ਕਰ ਲਈ। ਕੈਨੇਡਾ ਵੱਲੋਂ ਰੇਡਰ ਭੁਪਿੰਦਰ ਸਿੰਘ ਸੇਠੀ ਤੇ ਜਗਜੀਤ ਸਿੰਘ ਜੱਗਾ ਨੇ 12-12 ਅੰਕ ਅਤੇ ਕੁਲਵਿੰਦਰ ਸਿੰਘ ਕਿੰਦਾ ਬਿਹਾਰੀਪੁਰੀਆ ਨੇ 11 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਨਵਜਿੰਦਰ ਸਿੰਘ ਹੈਪੀ ਨੇ 10 ਤੇ ਵਰਿੰਦਰ ਭੂਰਾ ਨੇ 9 ਜੱਫੇ ਲਾਏ। ਨੇਪਾਲ ਦੇ ਰੇਡਰ ਸੰਜੇ ਸ਼ਰਮਾ ਨੇ 5 ਅੰਕ ਲਏ।
ਆਸਟਰੇਲੀਆ ਦੀ ਟੀਮ ਦੇ ਪੰਜ ਖਿਡਾਰੀ ਡੋਪਿੰਗ ਵਿੱਚ ਦੋਸ਼ੀ ਪਾਏ ਗਏ ਅਤੇ ਤਿੰਨ ਖਿਡਾਰੀ ਗੈਰ ਹਾਜ਼ਰ ਹੋ ਗਏ ਜਿਸ ਕਾਰਨ ਆਸਟਰੇਲੀਆ ਦੀ ਟੀਮ ਸਿਰਫ 7 ਖਿਡਾਰੀਆਂ ਨਾਲ ਹੀ ਮੈਦਾਨ ਵਿੱਚ ਆਈ। ਘੱਟੋ-ਘੱਟ 8 ਖਿਡਾਰੀਆਂ ਦਾ ਕੋਰਮ ਪੂਰਾ ਨਾ ਹੋਣ ਕਾਰਨ ਆਸਟਰੇਲੀਆ ਟੀਮ ਨੂੰ ਮੁਅੱਤਲ ਕਰ ਦਿੱਤਾ ਜਿਸ ਕਾਰਨ ਆਫਗਾਨਸਿਤਾਨ ਨੂੰ ਪੂਰੇ ਅੰਕ ਦਿੱਤੇ ਗਏ।
ਦਿਨ ਦੇ ਆਖਰੀ ਮੈਚ ਵਿੱਚ ਇੰਗਲੈਂਡ ਨੇ ਜਰਮਨੀ ਨੂੰ 65-33 ਨਾਲ ਹਰਾਇਆ। ਇੰਗਲੈਂਡ ਦੀ ਟੀਮ ਅੱਧੇ ਸਮੇਂ ਤੱਕ 19-8 ਨਾਲ ਅੱਗੇ ਸੀ। ਇੰਗਲੈਂਡ ਵੱਲੋਂ ਰੇਡਰ ਜਸਪਾਲ ਸਿੰਘ ਮਾਲੀ ਨੇ 17 ਤੇ ਰਾਜਵੀਰ ਸਿੰਘ ਰਾਜੂ ਨੇ 16 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਬਲਜੀਤ ਸਿੰਘ ਜੀਤੀ ਕੂੰਨਰ ਨੇ 9 ਅਤੇ ਅਮਨ ਜੌਹਲ ਨੇ 6 ਜੱਫੇ ਲਾਏ। ਜਰਮਨੀ ਦੇ ਰੇਡਰ ਰਣਜੀਤ ਬਾਠ ਨੇ 13 ਅੰਕ ਲਏ।
ਅੱਜ ਦੇ ਮੈਚਾਂ ਦੌਰਾਨ ਸਿੰਜਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ, ਮੁੱਖ ਸੰਸਦੀ ਸਕੱਤਰ ਸ. ਸੁਖਪਾਲ ਸਿੰਘ ਨੰਨੂੰ, ਸੰਸਦ ਮੈਂਬਰ ਸ. ਸ਼ੇਰ ਸਿੰਘ ਘੁਬਾਇਆ, ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪਰਗਟ ਸਿੰਘ, ਡਿਪਟੀ ਕਮਿਸ਼ਨਰ ਡਾ. ਐਸ. ਕੇ. ਰਾਜੂ, ਸੀਨੀਅਰ ਪੁਲਿਸ ਕਪਤਾਨ ਸ. ਸੁਰਜੀਤ ਸਿੰਘ, ਜ਼ਿਲ੍ਹਾ ਖੇਡ ਅਫਸਰ ਸ੍ਰੀ ਸੁਨੀਲ ਕੁਮਾਰ ਆਦਿ ਹਾਜ਼ਰ ਸਨ।