ਪਟਿਆਲਾ – ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦੇ ਨਾਲ ਨਾਲ ਗਰੀਬ ਵਿਦਿਆਰਥਣਾਂ ਨੂੰ ਉਚੇਰੀ ਸਿੱਖਿਆ ਦਿਵਾਉਣ ਲਈ ਕਾਰਜਸ਼ੀਲ ‘ਆਸਥਾ ਵੈਲਫੇਅਰ ਸੁਸਾਇਟੀ’ ਵੱਲੋਂ ਪਟਿਆਲਾ ਦੇ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨਜ਼ ਦੀ ਇੱਕ ਲੋੜਵੰਦ ਅਤੇ ਹੋਣਹਾਰ ਵਿਦਿਆਰਥਣ ਗੁਰਮੀਤ ਕੌਰ ਪੁੱਤਰੀ ਸ਼੍ਰੀ ਬਲਵਿੰਦਰ ਸਿੰਘ ਨੂੰ ਲਗਾਤਾਰ ਮਦਦ ਦਿੱਤੀ ਜਾ ਰਹੀ ਹੈ । ਇਸ ਵਿਦਿਆਰਥਣ ਨੂੰ ਥਾਪਰ ਬਹੁ-ਤਕਨੀਕੀ ਕਾਲਜ ਵਿੱਚ ਕੰਪਿਊਟਰ ਇੰਜੀਨੀਅਰਿੰਗ ਦੇ ਕੋਰਸ ਵਿੱਚ ਦਾਖਲਾ ਦਿਵਾ ਕੇ ਇਸ ਦੇ ਵਿਦਿਅਕ ਕੈਰੀਅਰ ਨੂੰ ਧਿਆਨ ਵਿੱਚ ਰੱਖਦਿਆਂ ਸੰਸਥਾ ਵੱਲੋਂ ਇਸ ਨੂੰ ਕੰਪਿਊਟਰ ਉਪਲਬਧ ਕਰਵਾਇਆ ਗਿਆ ਹੈ ।
ਇਸ ਲੋੜਵੰਦ ਵਿਦਿਆਰਥਣ ਨੂੰ ਕੰਪਿਊਟਰ ਦੇਣ ਸਮੇਂ ਸੰਸਥਾ ਦੇ ਚੇਅਰਮੈਨ ਸ਼੍ਰੀ ਸੰਜੀਵ ਸਿੰਗਲਾ ਨੇ ਦੱਸਿਆ ਕਿ ਗੁਰਮੀਤ ਕੌਰ ਦੀ ਪੜ੍ਹਾਈ ਦਾ ਸਾਰਾ ਖਰਚਾ ਅਤੇ ਟਿਊਸ਼ਨ ਫੀਸ ਵੀ ਸੁਸਾਇਟੀ ਵੱਲੋਂ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਵਿਦਿਆਰਥਣਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਆਸਥਾ ਵੈਲਫੇਅਰ ਸੁਸਾਇਟੀ ਲਗਾਤਾਰ ਜੁਟੀ ਹੋਈ ਹੈ । ਇਸ ਮੌਕੇ ਸਕੂਲ ਦੀ ਪਿੰ੍ਰਸੀਪਲ ਸ਼੍ਰੀਮਤੀ ਨਸ਼ਿੰਦਰ ਕੌਰ ਨੇ ਸੁਸਾਇਟੀ ਦੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਸਾਇਟੀ ਦੇ ਅਜਿਹੇ ਉਪਰਾਲਿਆਂ ਨਾਲ ਜਿਥੇ ਲੋੜਵੰਦਾਂ ਨੂੰ ਆਪਣਾ ਭਵਿੱਖ ਬਿਹਤਰ ਬਣਾਉਣ ਦਾ ਸੁਨਹਿਰਾ ਮੌਕਾ ਮਿਲ ਜਾਂਦਾ ਹੈ ਉਥੇ ਹੀ ਸਮਾਜ ਵਿੱਚ ਗਿਆਨ ਦਾ ਚਾਨਣ ਵੀ ਹੋ ਰਿਹਾ ਹੈ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ੍ਰ੍ਰੀ ਸੁਭਾਸ਼ ਗੁਪਤਾ, ਪ੍ਰੋਜੈਕਟ ਡਾਇਰੈਕਟਰ ਸ਼੍ਰੀ ਕੇ.ਸੀ. ਸ਼ਰਮਾ, ਵਿੱਤ ਸਕੱਤਰ ਸ਼੍ਰੀ ਵਿਨੈ ਕਪੂਰ, ਮੀਤ ਪ੍ਰਧਾਨ ਸ਼੍ਰੀ ਰਾਜੀਵ ਗੁਪਤਾ ਤੇ ਪ੍ਰਚਾਰ ਸਕੱਤਰ ਰਾਕੇਸ਼ ਠਾਕੁਰ ਤੋਂ ਇਲਾਵਾ ਵਿਦਿਆਰਥਣ ਦੇ ਮਾਪੇ, ਸਕੂਲ ਦਾ ਸਟਾਫ ਤੇ ਵੱਡੀ ਗਿਣਤੀ ‘ਚ ਵਿਦਿਆਰਥਣਾਂ ਹਾਜ਼ਰ ਸਨ ।