ਸ੍ਰੀ ਹਰਿਮੰਦਰ ਸਾਹਿਬ ਨੂੰ ਵੋਟ ਦੀ ਸਿਆਸਤ ਲਈ ਵਰਤਣਾ ਮੰਦਭਾਗਾ
ਕੈਪਟਨ ”ਕਾਂਗਰਸ ਜਮਾਨਤ ਬਚਾਓ ਯਾਤਰਾ ਦੀ ਕਰ ਰਿਹੈ ਅਗਵਾਈ”
ਹੈਲੀਕਾਪਟਰ ਰਾਹੀਂ ਯਾਤਰਾ ਕਰਨੀ ਯਾਤਰਾ ਦਾ ਮਜ਼ਾਕ
ਮਨਪ੍ਰੀਤ ਵੱਲੋਂ ਕੀਤੇ ਐਲਾਨਾਂ ਨੇ ਉਸਦਾ ਦੋ ਪਾਸੜ ਚਿਹਰਾ ਨੰਗਾ ਕੀਤਾ
ਚੋਹਲਾ ਸਾਹਿਬ (ਤਰਨਤਾਰਨ) – ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਵਰਦਿਆਂ ਕੈਪਟਨ ਵੱਲੋਂ ਘਟੀਆ ਵੋਟ ਸਿਆਸਤ ਲਈ ਸਿੱਖਾਂ ਦੇ ਸਿਰਮੌਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਕਰੋੜਾਂ ਦੇ ਘਾਟੇ ਵਿਚ ਦੱਸਣ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਗੁਰੂ ਘਰ ਕਦੇ ਮੁਨਾਫੇ ਜਾਂ ਘਾਟੇ ਦੇ ਸਿਧਾਂਤਾ ‘ਤੇ ਨਹੀਂ ਚਲਾਏ ਜਾਂਦੇ।
ਦੂਸਰੇ ਵਿਸ਼ਵ ਕੱਪ ਕਬੱਡੀ ਦੇ ਪੂਲ ‘ਬੀ’ ਦੇ ਮੈਚਾਂ ਦੀ ਸ਼ੁਰੂਆਤ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਹੁਣ ਤੋਂ ਹੀ ਕਾਂਗਰਸ ਪਾਰਟੀ ਦੀ ਹਾਰ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਆਪਣਾ ਦਿਮਾਗੀ ਸੰਤੁਲਨ ਪੂਰੀ ਤਰ੍ਹਾਂ ਗੁਆ ਬੈਠੇ ਹਨ ਅਤੇ ਕਾਂਗਰਸ ਨੂੰ ਉਨ੍ਹਾਂ ਦਾ ਤੁਰੰਤ ਮੈਡੀਕਲ ਚੈੱਕਅੱਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਖਿਲਾਫ ਬੋਲਣਾ, ਸੂਬੇ ਅਤੇ ਕੌਮ ਨੂੰ ਬਦਨਾਮ ਕਰਨਾ ਹੈ, ਜੋ ਇਕ ਸਿੱਖ ਦੇ ਲਈ ਸ਼ੋਭਾਜਨਕ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜ ਭਾਗ ਦਾ ਮਾਲਿਕ ਬਨਾਉਣਾ ਲੋਕਾਂ ਦੇ ਹੱਥ ਹੈ ਪਰ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਸੱਤਾ ਦੀ ਪ੍ਰਾਪਤੀ ਲਈ ਇੰਨਾ ਹੇਠਲੀ ਪੱਧਰ ਤੱਕ ਜਾ ਸਕਦੇ ਹਨ ਕਿ ਗੁਰੂ ਘਰ ਦੇ ਖਿਲਾਫ ਹੀ ਬੋਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿਚ ਦਿਖਾਈ ਨਹੀਂ ਦਿੱਤੇ ਅਤੇ ਹੁਣ ਆ ਕੇ ਕਾਂਗਰਸ ਦੀ ‘ਜਮਾਨਤ ਬਚਾਓ ਯਾਤਰਾ’ ਸ਼ੁਰੂ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਸਿਟੀ ਸੈਂਟਰ ਇੰਪਰੂਵਮੈਂਟ ਟਰੱਸਟ ਅਤੇ ਹੋਰ ਕਈ ਘੋਟਾਲਿਆਂ ਵਿਚ ਫਸੇ ਹੋਏ ਹਨ, ਐਸੇ ਇਨਸਾਨ ਕੋਲੋਂ ਪੰਜਾਬ ਦੀ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਅੰਦਰ ਕਾਂਗਰਸ ਦਾ ਸ਼ਾਸਨ ਸੀ, ਉਸ ਵਕਤ ਸੂਬੇ ਦੀ ਆਮਦਨ 36 ਹਜ਼ਾਰ ਕਰੋੜ ਰੁਪਏ ਸੀ ਪਰ ਅਕਾਲੀ-ਭਾਜਪਾ ਸਰਕਾਰ ਨੇ ਆਮਦਨ ਦੇ ਵਸੀਲਿਆਂ ਨੂੰ ਵਧਾ ਕੇ ਸੂਬੇ ਦੀ ਆਮਦਨ 74,000 ਕਰੋੜ ਰੁਪਏ ਤੱਕ ਪਹੁੰਚਾਈ ਹੈ, ਜੋ ਇਕ ਵੱਡੀ ਪ੍ਰਾਪਤੀ ਹੈ।
ਉੱਪ ਮੁੱਖ ਮੰਤਰੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਪੀਪਲਜ਼ ਪਾਰਟੀ ਦੇ ਸਰਪ੍ਰਸਤ ਮਨਪ੍ਰੀਤ ਸਿੰਘ ਬਾਦਲ, ਜੋ ਸਬਸਿਡੀਆਂ, ਸ਼ਗਨ ਸਕੀਮ, ਆਟਾ-ਦਾਲ ਸਕੀਮ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਵਿਰੋਧਤਾ ਕਰਦੇ ਰਹੇ, ਹੁਣ ਆਪਣੇ ਘੌਸ਼ਨਾ ਪੱਤਰ ਵਿਚ ਲੋਕਾਂ ਲਈ ਇਨ੍ਹਾਂ ਸਕੀਮਾਂ ਨੂੰ ਲਾਗੂ ਕਰਨ ਦਾ ਐਲਾਨ ਕਰ ਰਹੇ ਹਨ, ਜਿਸਤੋਂ ਉਨ੍ਹਾਂ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਨੂੰ ਦੇਖਦਿਆਂ ਆਪ ਮੁਹਾਰੇ ਸ੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤੀ ਰੱਖਣ ਵਾਲੀ ਕੋਈ ਵੀ ਰਾਜਨੀਤਿਕ ਪਾਰਟੀ ਵੱਲੋਂ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਸਮੇਂ ਸਹਿਯੋਗ ਲਈ ਜੀ ਆਇਆਂ ਆਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਪੰਜਾਬ ਸਰਕਾਰ ਨੇ ਜੋ ਪਹਿਲਕਦਮੀਆਂ ਕੀਤੀਆਂ ਹਨ, ਉਹ ਬਹੁਤ ਹੀ ਇਤਿਹਾਸਕ ਹਨ ਅਤੇ ਕਬੱਡੀ ਵਰਗੀ ਮਾਂ ਖੇਡ ਨੂੰ ਵਿਸ਼ਵ ਵਿਆਪੀ ਬਨਾਉਣਾ ਇਕ ਬਹੁਤ ਹੀ ਸ਼ਲਾਂਘਾਯੋਗ ਉਪਰਾਲਾ ਹੈ, ਹੁਣ ਇਹ ਖੇਡ ਪਿੰਡਾਂ ਦੀਆਂ ਸੱਥਾਂ ਵਿਚੋਂ ਨਿਕਲ ਕੇ ਕੌਮਾਂਤਰੀ ਖੇਡ ਬਣ ਚੁੱਕੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਕਬੱਡੀ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਿਲ ਕਰ ਲਿਆ ਜਾਵੇਗਾ ਅਤੇ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੀ ਨਹੀਂ, ਸਗੋਂ ਵਿਸ਼ਵ ਦੀ ਮਾਂ ਖੇਡ ਬਣ ਜਾਵੇਗੀ।
ਡਿਪਟੀ ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਐਲਾਨ ਕੀਤਾ ਕਿ ਆਉਂਦੇ ਸਾਲ ਤੱਕ ਚੋਹਲਾ ਸਾਹਿਬ ਵਿਖੇ ਬਹੁਤ ਹੀ ਅਤਿਅਧੁਨਿਕ ਸਹੂਲਤਾਂ ਵਾਲਾ ਖੇਡ ਸਟੇਡੀਅਮ ਤਾਮੀਰ ਕੀਤਾ ਜਾਵੇਗਾ, ਤਾਂ ਜੋ ਇਸ ਪੱਛੜੇ ਹੋਏ ਇਲਾਕੇ ਵਿਚ ਖੇਡ ਸੱਭਿਆਚਾਰ ਪ੍ਰਫੂਲਿਤ ਕਰਨ ਲਈ ਸਹਾਈ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਕਬੱਡੀ ਦੀ ਖੇਡ ਲਈ ਵੱਖਰੇ ਖੇਡ ਸਟੇਡੀਅਮ ਬਣਾਏ ਜਾਣਗੇ।
ਇਸ ਮੌਕੇ ‘ਤੇ ਸ. ਰਣਜੀਤ ਸਿੰਘ ਬ੍ਰਹਮਪੁਰਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਪੰਜਾਬ ਨੇ ਕਿਹਾ ਕਿ ਮਾਝੇ ਦੇ ਲੋਕਾਂ ਲਈ ਇਹ ਬਹੁਤ ਮਾਨ ਵਾਲੀ ਗੱਲ ਹੈ ਕਿ ਚੋਹਲਾ ਸਾਹਿਬ ਕਸਬੇ ਵਿਚ ਕੌਮਾਂਤਰੀ ਕਬੱਡੀ ਮੈਚ ਕਰਵਾਉਣ ਲਈ ਸ. ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਦਿਲਚਸਪੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਟੂਰਨਾਮੈਂਟ ਵਿਚ ਸਪੇਨ, ਸ੍ਰੀਲੰਕਾ, ਅਮਰੀਕਾ, ਅਰਜਨਟਾਈਨਾ, ਪਾਕਿਸਤਾਨ ਅਤੇ ਇਟਲੀ ਦੀਆਂ ਵਿਸ਼ਵ ਪੱਧਰੀ ਕਬੱਡੀ ਟੀਮਾਂ ਦਰਮਿਆਨ ਖੇਡੇ ਗਏ ਕਬੱਡੀ ਦੇ ਮੈਚ ਇਲਾਕੇ ਦੇ ਨੌਜਵਾਨਾਂ ਲਈ ਖੇਡਾਂ ਨਾਲ ਜੁੜਣ ਦੇ ਮਾਰਗ ਦਰਸ਼ਨ ਦਾ ਕੰਮ ਕਰਨਗੇ ਅਤੇ ਪੰਜਾਬ ਵਿਚ ਫੈਲੀ ਘਾਤਕ ਨਸ਼ਿਆਂ ਦੀ ਬੀਮਾਰੀ ਤੋਂ ਦੂਰ ਰਹਿਣ ਲਈ ਇਕ ਚਾਨਣ ਮੁਨਾਰੇ ਦਾ ਕੰਮ ਕਰਨਗੇ। ਸ. ਬ੍ਰਹਮਪੁਰਾ ਨੇ ਉੱਪ ਮੁੱਖ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦਾ ਸ੍ਰੀ ਗੋਇੰਦਵਾਲ ਸਾਹਿਬ ਦੇ ਸਨਅਤਕਾਰਾਂ ਦਾ 44 ਕਰੋੜ ਰੁਪਏ ਮੁਆਫ ਕਰਨ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ ਦੇ ਉਦਯੋਗਿਕ ਵਿਕਾਸ ਨੂੰ ਬਲ ਮਿਲੇਗਾ।
ਇਸ ਮੌਕੇ ‘ਤੇ ਸ. ਸੁਖਬੀਰ ਸਿੰਘ ਬਾਦਲ ਨੂੰ ਸ. ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀਮੈਂਟ, ਸ੍ਰੀ ਨਰੇਸ਼ ਗੁਜ਼ਰਾਲ ਸਾਬਕਾ ਐੱਮ.ਪੀ., ਸ. ਤਰਲੋਚਨ ਸਿੰਘ ਤੁੜ ਸਾਬਕਾ ਐੱਮ.ਪੀ., ਸ. ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ, ਪ੍ਰੋ. ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਮੰਨਾ ਦੋਵੇਂ ਐੱਮ.ਐੱਲ.ਏ., ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਗੁਰਦੇਵ ਸਿੰਘ ਸਹੋਤਾ ਆਈ.ਜੀ., ਸ. ਸਤਵੰਤ ਸਿੰਘ ਜੌਹਲ ਡਿਪਟੀ ਕਮਿਸ਼ਨਰ, ਸ. ਮਨਮਿੰਦਰ ਸਿੰਘ ਐੱਸ.ਐੱਸ.ਪੀ., ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ. ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਾਇਸ ਚੇਅਰਮੈਨ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਸਾਧੂ ਸਿੰਘ ਉੱਪਲ ਚੇਅਰਮੈਨ, ਸ੍ਰੀ ਰਾਏ ਦਵਿੰਦਰ ਸਿੰਘ ਸਰਪੰਚ ਚੋਹਲਾ ਸਾਹਿਬ, ਸ. ਕੁਲਵੰਤ ਸਿੰਘ ਚੋਹਲਾ ਚੇਅਰਮੈਨ ਆਦਿ ਹਾਜਰ ਸਨ।