ਪਟਿਆਲਾ – ਜ਼ਿਲ੍ਹਾ ਪਟਿਆਲਾ ਪੁਲਿਸ ਨੂੰ ਨਸ਼ਾ ਵਿਰੋਧੀ ਅਨਸਰਾਂ ਵਿਰੁੱਧ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ .ਸੀ.ਆਈ.ਏ. ਸਟਾਫ ਪਟਿਆਲਾ ਵੱਲੋਂ 50 ਗ੍ਰਾਮ ਸਮੈਕ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਐਸ.ਪੀ. (ਡੀ) ਸ੍ਰ: ਪ੍ਰਿਤਪਾਲ ਸਿੰਘ ਥਿੰਦ ਅਤੇ ਡੀ.ਐਸ.ਪੀ. (ਡੀ) ਸ੍ਰ: ਮਨਜੀਤ ਸਿੰਘ ਬਰਾੜ ਦੀਆਂ ਹਦਾਇਤਾਂ ਅਨੁਸਾਰ ਸੀ.ਆਈ. ਏ. ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਸ੍ਰ: ਜਸਪਾਲ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਭਾਦਸੋਂ ਪਟਿਆਲਾ ਮੇਨ ਰੋਡ ਪਿੰਡ ਸਿਓਣਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਸਕੂਟਰ ਬਜਾਜ ਚੇਤਕ ਨੰ: ਪੀ.ਬੀ. 23 ਏ 6418 ‘ਤੇ ਆਇਆ ਅਤੇ ਜਦੋਂ ਪੁਲਿਸ ਪਾਰਟੀ ਵੱਲੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ 50 ਗ੍ਰਾਮ ਸਮੈਕ ਬਰਾਮਦ ਹੋਈ।
ਸ. ਗਿੱਲ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਆਪਣਾ ਨਾਂ ਪ੍ਰਦੀਪ ਕੁਮਾਰ ਪੁੱਤਰ ਰਾਜਕੁਮਾਰ ਵਾਸੀ ਪ੍ਰੇਮ ਨਗਰ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਹੈ ਅਤੇ ਉਸ ਦੇ ਵਿਰੁੱਧ ਥਾਣਾ ਤ੍ਰਿਪੜੀ ਪਟਿਆਲਾ ਵਿਖੇ ਮੁਕੱਦਮਾ ਨੰ: 360 ਮਿਤੀ 07/11/2011 ਨੂੰ ਨਸ਼ਾ ਰੋਕੂ ਐਕਟ ਦੀ ਧਾਰਾ 21//61/85 ਅਧੀਨ ਦਰਜ ਕੀਤਾ ਗਿਆ ਹੈ। ਸ. ਗਿੱਲ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਮੁਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸਦੇ ਕੋਲੋਂ ਪਹਿਲਾਂ ਵੀ 30 ਗ੍ਰਾਮ ਸਮੈਕ ਬਰਾਮਦ ਹੋਈ ਸੀ ਜਿਸ ਸਬੰਧੀ ਥਾਣਾ ਸਦਰ ਰਾਜਪੁਰਾ ਵਿਖੇ ਮੁਕੱਦਮਾ ਨੰ: 326 ਮਿਤੀ 30/12/2010 ਨੂੰ ਨਸ਼ਾ ਰੋਕੂ ਵਿਰੋਧੀ ਐਕਟ ਦੀ ਧਾਰਾ 21/61/85 ਦਰਜ਼ ਹੋਇਆ ਸੀ ਅਤੇ ਉਹ ਫਰਵਰੀ ਦੇ ਅਖੀਰ ਵਿੱਚ ਜਮਾਨਤ ‘ਤੇ ਆ ਗਿਆ ਸੀ। ਉਹਨਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਇਹ ਸਮੈਕ ਹਰਿਆਣਾ ਦੇ ਸਮੱਗਲਰ ਗੁਰਪਰਤਾਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸਲਪਾਣੀ ਕਲਾਂ ਜ਼ਿਲ੍ਹਾ ਕੁਰਕਛੇਤਰ ਹਰਿਆਣਾ ਤੋਂ ਲੈ ਕੇ ਆਉਂਦਾ ਸੀ ਅਤੇ ਇਹ ਇਹ ਸਮੈਕ ਸ਼ਹਿਰ ਦੀਆਂ ਬਾਹਰਲੀਆ ਕਲੌਨੀਆਂ ਅਤੇ ਪਿੰਡਾਂ ਦੇ ਆਸ ਪਾਸ ਸਮੈਕ ਪੀਣ ਵਾਲੇ ਵਿਕਤੀਆਂ ਨੂੰ ਵੇਚਣ ਦਾ ਕੰਮ ਕਰਦਾ ਸੀ। ਸ. ਗਿੱਲ ਨੇ ਦੱਸਿਆ ਕਿ ਉਕਤ ਗੁਰਪਰਤਾਪ ਸਿੰਘ ਦੇ ਵਿਰੁੱਧ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਵਿੱਚ ਨਸ਼ਾ ਰੋਕੂ ਐਕਟ ਦੀ ਧਾਰਾ ਅਧੀਨ ਕਈ ਮੁਕੱਦਮੇ ਦਰਜ ਹਨ। ਉਹਨਾਂ ਦੱਸਿਆ ਕਿ ਦੋਸ਼ੀ ਪ੍ਰਦੀਪ ਕੁਮਾਰ ਜਿਹੜੀ ਸਮੈਕ ਲੈ ਕੇ ਆਉਂਦਾ ਸੀ ਉਹ ਸਮੈਕ ਪੀਣ ਵਾਲਿਆਂ ਨੂੰ 100/- ਰੁਪਏ ਬਿੱਟ ਦੇ ਹਿਸਾਬ ਨਾਲ ਵੇਚਦਾ ਸੀ। ਉਹਨਾਂ ਦੱਸਿਆ ਕਿ ਕਥਿਤ ਦੋਸ਼ੀ ਕੋਲੋਂ ਹੋਰ ਢੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸ. ਗਿੱਲ ਨੇ ਦੱਸਿਆ ਕਿ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਦੇ ਖਿਲਾਫ ਸਖ਼ਤੀ ਨਾਲ ਨਜਿਠਿਆ ਜਾਵੇਗਾ।