November 13, 2011 admin

ਪੁਰਾਣੇ ਕਾਗਜ ਦਾ ਅਗਰ 50 ਪ੍ਰਤੀਸ਼ਤ ਵੀ ਰੀਸਾਈਕਲ ਕਰ ਲਿਆ ਜਾਵੇ ਤਾਂ 200 ਲੱਖ ਏਕੜ ਜੰਗਤਾਲ ਦੀ ਰਖਿਆ ਕੀਤੀ ਜਾ ਸਕਦੀ ਹੈ

ਨਵੇਂ ਕਾਗਜ਼ ਨਾਲੋਂ ਰੀਸਾਈਕਲਡ ਕਾਗਜ਼ ਬਣਾਉਣ ਵਿੱਚ 60 ਫਿਸਦੀ ਘੱਟ ਉਰਜਾ ਦੀ ਖਪਤ
ਕਾਗਜ਼ ਅੱਜ ਇਨਸਾਨ ਦੀਆਂ ਮੁੱਖ ਜਰੂਰਤਾਂ ਚੋਂ ਵਿੱਚੋਂ ਇੱਕ ਬਣ ਚੁੱਕਿਆ  ਹੈ। ਆਪਣੇ ਰੋਜਮਰਾ੍ਹ ਦੇ ਜੀਵਨ ਵਿੱਚ ਅਸੀਂ ਕਈ ਰੂਪਾਂ ਵਿੱਚ ਕਾਗਜ਼ ਦੀ ਵਰਤੋਂ ਕਰਦੇ ਹਾਂ ਭਾਵੇਂ ਇਹ ਕਿਤਾਬਾਂ ਹੋਣ, ਅਖ਼ਬਾਰ ਹੋਵੇ, ਟੀਸ਼ੂ ਪੇਪਰ, ਕਾਪੀਆਂ ਜਾਂ ਫਿਰ ਹੋਰ ਕੁਝ। ਕਾਗਜ਼ ਦਾ ਉਤਪਾਦਨ ਤੇ ਕਾਗਜ਼ ਦੀ ਵਰਤੋਂ ਵਾਤਾਵਰਣ ਤੇ ਬੁਰਾ ਪ੍ਰਭਾਅ ਪਾਉਂਦੀ ਹੈ ਜਿਸਨੂੰ ਅਸੀਂ ਕਾਗਜ਼ ਦੇ ਪ੍ਰਦੂਸ਼ਨ ਵਜੋਂ ਜਾਣਦੇ ਹਾਂ। ਰੇਸ਼ੇ ਬਣਾਉਣ ਦੀਆਂ ਮਿਲਾਂ ਹਵਾ, ਪਾਣੀ ਤੇ ਜਮੀਨ ਦੇ ਪ੍ਰਦੂਸ਼ਨ ਵਿੱਚ ਵਾਧਾ ਕਰਦੀਆਂ ਹਨ। ਲਕੜੀ ਦੇ ਰੇਸ਼ਿਆਂ ਨੂੰ ਸਾਫ ਕਰਣ ਲਈ ਕਲੋਰੀਨ ਦੀ ਵਰਤੋਂ ਕੀਤੀ ਜਾਂਦੀ ਹੈ। ਜਿਹੜੀਆਂ ਇਕਾਈਆਂ ਐਲੀਮੈਨਟਲ ਕਲੋਰੀਨ ਦੀ ਵਰਤੋਂ ਕਰਦੀਆਂ ਹਨ ਉਹ ਭਾਰੀ ਮਾਤਰਾ ਵਿੱਚ ਡਾਓਕਸਿਨ ਛੱਡਦੀਆਂ ਹਨ ਜੋਕਿ ਮਨੁੱਖੀ ਜੀਵਨ ਤੇ ਬੁਰਾ ਅਸਰ ਪਾਉਂਦਾ ਹੈ। ਰੇਸ਼ਿਆਂ ਦੀ ਮਿਲ ਚੋਂ ਵਰਤੇ ਗਏ ਗੰਦਲੇ ਪਾਣੀ ਵਿੱਚ ਲਿਗਨਿਨ ਵਰਗੇ ਰਸਾਇਣ ਤੇ ਹੋਰ ਜੈਵਿਕ ਅਵਸ਼ੇਸ਼ ਹੁੰਦੇ ਹਨ ਤੇ ਜੇਕਰ ਇਹ ਪਾਣੀ ਬਿਨਾਂ ਸੰਸ਼ੋਧਿਤ ਕਿਤਿਆਂ ਸਿੱਧਾ ਹੀ ਪਾਣੀ ਦੇ ਸੋਮਿਆ ਵਿੱਚ ਸੁੱਟ ਦਿੱਤਾ ਜਾਵੇ ਤਾਂ ਇਹ ਪਾਣੀ ਦੇ ਜਨਜੀਵਨ ਤੇ ਬੁਰਾ ਪ੍ਰਭਾਅ ਪਾਉਂਦਾ ਹੈ। ਇਸੇ ਤਰਾਂ੍ਹ ਇਹਨਾਂ ਮਿਲਾਂ ਵਲੋਂ ਹਾਈਡਰੋਜਨ ਸਲਫਾਈਡ, ਕਾਰਬਨ ਮੋਨੋਕਸਾਈਡ, ਅਮੋਨੀਆ, ਮਰਕਰੀ, ਮੇਥਾਨੋਲ ਵਰਗੇ ਰਸਾਇਣ ਵੀ ਹਵਾ ਨੂੰ ਪ੍ਰਦੂਸ਼ਤ ਕਰਦੇ ਹਨ। ਕਾਗਜ਼ ਦੀ ਬੇਫਾਲਤੁ ਦੀ ਵਰਤੋਂ ਸਾਡੇ ਵਾਤਾਵਰਣ ਤੇ ਮਾੜਾ ਅਸਰ ਪਾਉਂਦੀ ਹੈ ਕਿਉਂਕਿ ਕਾਗਜ਼ ਦੀ ਬਰਬਾਦੀ ਦਾ ਸਿੱਧਾ ਪ੍ਰਭਾਅ  ਰੁੱਖਾਂ ਦੀ ਕਟਾਈ ਤੇ ਪੈਂਦਾ ਹੈ। ਜਦੋਂ ਕੰਪਉਟਰ ਦੀ ਇਜਾਦ ਹੋਈ ਤਾਂ ਇਹ ਮੰਨਿਆ ਗਿਆ ਕਿ ਇਸ ਨਾਲ ਕਾਗਜ਼ ਦੀ ਵਰਤੋਂ ਘਟੇਗੀ ਪਰ ਉਲਟਾ ਕਾਗਜ਼ ਦੀ ਮੰਗ ਦੂਨੀ ਤਿਗੁਣੀ ਹੋ ਗਈ। ਕਾਗਜ਼ ਦੀ ਬਰਬਾਦੀ ਨੂੰ ਰੋਕਣਾ ਬਹੁਤ ਜਰੂਰੀ ਹੈ। ਇਸ ਦੀ ਸ਼ੁਰੂਆਤ ਅਸੀਂ ਆਪਣੇ ਦਫਤਰਾਂ ਤੋਂ ਕਰ ਸਕਦੇ ਹਾਂ। ਥੋੜੇ ਜਿਹੇ ਜਤਨ ਨਾਲ ਹੀ ਅਸੀਂ ਆਪਣੇ ਵਾਤਾਵਰਣ ਦੀ ਸੰਭਾਲ ਵੱਲ ਇੱਕ ਵੱਡਾ ਕਦਮ ਚੁੱਕ ਸਕਦੇ ਹਾਂ।  
‘ਬਿਨਾਂ ਕਾਗਜ਼ ਦੇ ਦਫਤਰ’ ਦੇ ਯੁੱਗ ਵਿੱਚ ਵੀ ਕਾਗਜ਼ ਦੀ ਵਰਤੋਂ ਬੇਹਿਸਾਬ ਹੁੰਦੀ ਹੈ। ਆਸਟ੍ਰੇਲਿਆ ਵਾਸੀ ਸਾਲ ਵਿੱਚ 35 ਲੱਖ ਟਨ ਕਾਗਜ਼ ਦੀ ਵਰਤੋਂ ਕਰਦੇ ਹਨ ਤੇ ਦਫਤਰਾਂ ਵਿੱਚ ਵਰਤਿਆ ਜਾਂਦਾ 11 ਫਿਸਦੀ ਕਾਗਜ਼ ਹੀ ਰੀਸਾਈਕਲ ਕੀਤਾ ਜਾਂਦਾ ਹੈ ਤੇ 10 ਚੋਂ 9 ਕਾਗਜ਼ ਤੇ ਇੰਝ ਹੀ ਸੁੱਟ ਦਿੱਤੇ ਜਾਂਦੇ ਹਨ। ਭਾਰਤ ਵਿੱਚ ਰੋਜ ਲਗਭੱਗ ਇੰਕ ਲੱਖ ਟਨ ਯਾਨੀ ਸਾਲ ਦਾ 365 ਲੱਖ ਟਨ ਕੂੜਾ ਕਰਕਟ ਨਿਕਲਦਾ ਹੈ ਜਿਸ ਚੋਂ 40 ਫਿਸਦੀ ਕਾਗਜ਼ ਹੀ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਭਾਰਤੀ ਲੋਕ 146 ਲੱਖ ਟਨ ਕਾਗਜ਼ ਆਏ ਸਾਲ ਬੇਕਾਰ ਕਰਦੇ ਹਨ।
ਪਹਿਲੇ ਸਮੇਂ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਵਰਤੋਂ ਤੋਂ ਬਾਦ ਕਾਗਜ਼ ਬੇਕਾਰ ਹੋ ਗਿਆ ਤੇ ਸੁੱਟ ਦਿੱਤਾ ਜਾਂਦਾ ਸੀ ਜਾਂ ਹੋਰ ਸਮਾਨ ਪਾਉਣ ਲਈ ਲਿਫਾਫੇ ਬਣਾਉਣ ਦੇ ਕੰਮ ਆਉਂਦਾ ਸੀ ਪਰ ਹੁਣ ਵਰਤਿਆ ਕਾਗਜ ਵੀ ਰੀਸਾਈਕਲ ਕਰਣ ਤੋਂ ਬਾਦ ਦੋਬਾਰਾ ਵਰਤੋਂ ਦੇ ਕੰਮ ਆ ਸਕਦਾ ਹੈ ਤੇ ਇਸ ਤੋਂ ਕਈ ਕੁੱਝ ਹੋਰ ਵੀ ਬਣਾਇਆ ਜਾ ਸਕਦਾ ਹੈ। ਭਾਰਤੀ ਐਗਰੋ ਤੇ ਰੀਸਾਈਕਲਡ ਪੇਪਰ ਮਿਲ ਐਸੋਸੀਏਸ਼ਨ ਦੇ ਅਨੁਮਾਨ ਮੁਤਾਬਕ ਭਾਰਤ ਵਿੱਚ ਬੇਕਾਰ ਕਾਗਜ਼ ਦੀ ਰਿਸਾਈਕਲਿੰਗ ਸਿਰਫ 26 ਫਿਸਦੀ ਹੈ ਜੱਦ ਕਿ ਇਹ ਜਰਮਨੀ ਵਿੱਚ 80 ਫਿਸਦੀ, ਥਾਈਲੈਂਡ ਵਿੱਚ 45 ਫਿਸਦੀ, ਸਵੀਡਨ ਵਿੱਚ 69 ਫਿਸਦੀ, ਜਪਾਨ ਵਿੱਚ 60 ਫਿਸਦੀ, ਪੱਛਮੀ ਯੁਰੋਪ ਵਿੱਚ 56 ਫਿਸਦੀ, ਯੂ ਐਸ ਏ ਵਿੱਚ 49 ਫਿਸਦੀ, ਇਟਲੀ ਵਿੱਚ 45 ਫਿਸਦੀ ਤੇ ਚੀਨ ਵਿੱਚ 38 ਫਿਸਦੀ ਹੈ।। ਇਸਦਾ ਮਤਲਬ ਭਾਰਤੀਆਂ ਵਲੋਂ ਵਰਤੇ ਜਾਂਦੇ 83 ਲੱਖ ਟਨ ਕਾਗਜ਼ ਚੋਂ ਬੱਸ 20 ਲੱਖ ਟਨ ਕਾਗਜ਼ ਹੀ ਮੁੜ ਵਰਤੋਂ ਲਈ ਪ੍ਰਾਪਤ ਹੁੰਦਾ ਹੈ। ਭਾਰਤੀ ਐਗਰੋ ਤੇ ਰੀਸਾਈਕਲਡ ਪੇਪਰ ਮਿਲ ਐਸੋਸੀਏਸ਼ਨ ਦੇ ਮੁਤਾਬਕ ਭਾਰਤ ਦੀ ਕਾਗਜ਼ ਦੀ ਮੰਗ 2015 ਤੱਕ 150 ਲੱਖ ਟਨ ਤੱਕ ਪਹੁੰਚ ਜਾਵੇਗੀ ਜੱਦਕਿ ਰੀਸਾਈਕਲਡ ਕਾਗਜ਼ ਦਾ ਉਤਪਾਦਨ 13 ਫਿਸਦੀ ਤੋਂ ਵੱਧ ਕੇ 40 ਫਿਸਦੀ ਹੀ ਹੋਇਆ ਹੈ ਜੱਦਕਿ ਨਵੇਂ ਕਾਗਜ਼ ਨਾਲੋਂ ਰੀਸਾਈਕਲਡ ਕਾਗਜ਼ ਦੇ ਉਤਪਾਦਨ ਤੇ ਲਾਗਤ ਵੀ 40 ਫਿਸਦੀ ਤੱਕ ਘੱਟ ਆਉਂਦੀ ਹੈ।
ਕਾਗਜ਼ ਦੀ ਬਚਤ ਕੋਈ ਬਹੁਤੀ ਮਿਹਨਤ ਵਾਲਾ ਕੰਮ ਨਹੀਂ ਹੈ। ਨਿੱਕੀ ਜਿਹੇ ਜਤਨਾਂ ਸਧਕਾ ਕਾਗਜ਼ ਦੀ ਦੁਰਵਰਤੋਂ ਕਾਫੀ ਹੱਦ ਤੱਕ ਰੋਕੀ ਜਾ ਸਕਦੀ ਹੈ। ਕਾਗਜ਼ ਦੇ ਦੋਵੇਂ ਪਾਸੇ ਵਰਤਣੇ ਚਾਹੀਦੇ ਹਨ। ਕਾਗਜ਼ ਦੀ ਵਰਤੋਂ ਘਟਾਉਣ ਲਈ ਈ-ਮੇਲ ਤੇ ਇਨਟਰਨੈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਅਖ਼ਬਾਰਾਂ ਵਿੱਚ ਆਉਂਦੇ ਇਸ਼ਤਿਹਾਰਾਂ ਵਾਲੇ ਕਾਗਜ਼ ਛੋਟੇ ਇੱਕਸਾਰ ਕੱਟ ਦੇ ਨੋਟਪੈਡ ਬਣਾਕੇ ਵਰਤੇ ਜਾ ਸਕਦੇ ਹਨ। ਜਿੱਥੇ ਹੋ ਸਕੇ ਰੀਸਾਈਕਲ ਕੀਤੇ ਗਏ ਕਾਗਜ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਵਰਤੇ ਗਏ ਬੇਕਾਰ ਕਾਗਜ਼ ਸੁਟਣ ਦੀ ਥਾਂ ਅਜਿਹੀ ਕਿਸੀ ਕੰਪਨੀ ਨੂੰ ਵੇਚੇ ਜਾ ਸਕਦੇ ਹਨ ਜੋ ਕਿ ਇਹਨਾਂ ਨੂੰ ਰੀਸਾਈਕਲ ਕਰਕੇ ਇਸਤੋਂ ਹੋਰ ਸਮਾਨ ਬਣਾਉਂਦੇ ਹਨ। ਬੇਕਾਰ ਕਾਗਜ਼ ਨੂੰ ਦੋਬਾਰਾ ਵਰਤਣ ਨਾਲ ਨਾ ਸਿਰਫ ਕਾਗਜ਼ ਦੀ ਬਚਤ ਹੁੰਦੀ ਹੈ ਸਗੋਂ ਲਾਗਤ ਮੁੱਲ ਵਿੱਚ ਵੀ ਕਮੀ ਆਉਂਦੀ ਹੈ। ਜਿਵੇਂਕਿ ਆਈ ਟੀ ਸੀ ਪੇਪਰਬੋਰਡ ਅਤੇ ਸਪੈਸ਼ੇਲਟੀ ਪੇਪਰ ਡਵੀਜ਼ਨ ਵਲੋਂ ਹੈਦਰਾਬਾਦ, ਬੰਗਲੌਰ, ਕੋਅਮਬਟੂਰ ਤੇ ਚੇਨੰਈ ਸਮੇਤ ਦੱਖਣ ਭਾਰਤ ਦੇ ਕਈ ਇਲਾਕਿਆਂ ਵਿੱਚ ਬੇਕਾਰ ਕਾਗਜ਼ ਨੂੰ ਇੱਕਠਾ ਕਰਣ ਲਈ ਖਾਸ ਪ੍ਰੋਗਰਾਮ ਚਲਾਇਆ ਗਿਆ ਹੈ ”ਵੈਲਥ ਆਉਟ ਆਫ ਵੇਸਟ”। ਚੇਨੰਈ ਵਿੱਚ ਇਸਨੇ 30-40 ਆਈ ਟੀ ਕੰਪਨੀਆਂ ਨਾਲ ਸਮਝੋਤਾ ਕੀਤਾ ਹੈ ਕਿ ਉਹ ਆਪਣਾ ਬੇਕਾਰ ਕਾਗਜ਼ ਰੀਸਾਈਕਲ ਕਰਣ ਲਈ ਆਈ ਟੀ ਸੀ ਕੋਲ ਵੇਚਣਗੀਆਂ। ਆਈ ਟੀ ਸੀ ਸਥਾਨਕ ਪੱਧਰ ਤੇ ਵੀ ਸਮਾਜ ਸੇਵੀ ਸੰਸਥਾਵਾਂ ਤੇ ਹੋਰਾਂ ਨਾਲ ਸੰਪਰਕ ਕਰ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਬੇਕਾਰ ਕਾਗਜ਼ ਨੂੰ ਮੁੜ ਇੱਕਠਾ ਕੀਤਾ ਜਾ ਸਕੇ।
ਕਾਗਜ਼ ਦੇ ਸੰਬੰਧ ਵਿੱਚ ਤੱਥ ਜਿਹਨਾ ਨੂੰ ਪਾਠਕਾਂ ਦੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹੇ ਹਾਂ – ਕਾਗਜ਼ ਦੇ ਉਤਪਾਦਨ ਵਿੱਚ ਸਭ ਤੋਂ ਵਧ ਪਾਣੀ ਦੀ ਵਰਤੋਂ ਹੁੰਦੀ ਹੈ। ਇੱਕ ਕਿਲੋ ਕਾਗਜ਼ ਬਣਾਉਣ ਲਈ ਤਕਰੀਬਨ 324 ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ। ਦੁਨੀਆਂ ਵਿੱਚ ਪ੍ਰਤੀ ਵਿਅਕਤੀ ਕਾਗਜ਼ ਦੀ ਵਰਤੋਂ ਦਾ ਅਨੁਪਾਤ 48 ਕਿਲੋ ਹੈ। ਜੱਦਕਿ ਯੂ ਐਸ ਏ ਦਾ ਇਹ ਅਨੁਪਾਤ 333 ਕਿਲੋ ਪ੍ਰਤੀ ਵਿਅਕਤੀ ਹੈ। ਇੱਕ ਅਨੁਮਾਨ ਮੁਤਾਬਕ 95 ਫਿਸਦੀ ਕਾਰੋਬਾਰੀ ਜਾਣਕਾਰੀਆਂ ਅਜੇ ਵੀ ਕਾਗਜ਼ੀ ਰੂਪ ਵਿੱਚ ਹੀ ਸੰਭਾਲੀਆਂ ਜਾਂਦੀਆਂ ਹਨ। ਪੜਨ ਲਿਖਣ ਤੇ ਆਪਸੀ ਸੰਪਰਕ ਲਈ ਵਰਤੋਂ ਤੋਂ ਇਲਾਵਾ ਕਾਗਜ ਦੀ ਇੱਕ ਹੋਰ ਮੁੱਖ ਵਰਤੋਂ ਹੈ ਪੈਕਿੰਗ ਲਈ   ਇਸ ਦੀ ਵਰਤੋਂ। ਇਸ ਵਿੱਚ ਕਾਗਜ਼ ਦੀ ਕੁੱਲ ਵਰਤੋਂ ਦਾ 41 ਫਿਸ਼ਦੀ ਹਿੱਸਾ ਵਰਤਿਆ ਜਾਂਦਾ ਹੈ। 54 ਕਿਲੋ ਕਾਗਜੀ ਅਖ਼ਬਾਰ ਰੀਸਾਈਕਲ ਕਰਕੇ ਇੱਕ ਪੇੜ ਬਚਾਇਆ ਜਾ ਸਕਦਾ ਹੈ ਤੇ ਇੱਕ ਟਨ ਰੀਸਾਈਕਲਡ ਕਾਗਜ਼ ਨਾਲ 17 ਪੇੜ ਬਚਾਏ ਜਾਂਦੇ ਹਨ। ਦੁਨੀਆਂ ਦੇ ਕਾਗਜੀ ਉਦਪਾਦਾਂ ਦਾ 25 ਫਿਸਦੀ ਯੂ ਐਸ ਵਿੱਚ ਵਰਤਿਆ ਜਾਂਦਾ ਹੈ। ਹਰ ਸਾਲ 1150 ਲੱਖ ਕਾਗਜ਼ ਨਿਜੀ ਕੰਪਉਟਰ ਲਈ ਵਰਤੇ ਜਾਂਦੇ ਹਨ। ਚੀਨ ਵਿੱਚ ਹੀ ਹਰ ਸਾਲ ਛੁੱਟੀਆਂ ਦੇ ਕਾਰਡ ਬਣਾਉਣ ਲਈ 10 ਹਜਾਰ ਪੇੜ ਕੱਟੇ ਦਿੱਤੇ ਜਾਂਦੇ ਹਨ। ਨਵੇਂ ਕਾਗਜ਼ ਨਾਲੋਂ ਰੀਸਾਈਕਲਡ ਕਾਗਜ਼ ਬਣਾਉਣ ਵਿੱਚ 60 ਫਿਸਦੀ ਘੱਟ ਉਰਜਾ ਦੀ ਖਪਤ ਹੁੰਦੀ ਹੈ। ਦੁਨੀਆਂ ਵਿੱਚ ਵਰਤੇ ਜਾਂਦੇ ਕਾਗਜ਼ ਦਾ ਜੇਕਰ 50 ਫਿਸਦੀ ਵੀ ਰੀਸਾਈਕਲ ਕਰ ਲਿਆ ਜਾਵੇ ਤਾਂ ਲਗਭੱਗ 200 ਲੱਖ ਏਕੜ ਜੰਗਤਾਲ ਦੀ ਰਖਿਆ ਹੋ ਸਕਦੀ ਹੈ।

ਲੇਖਕ
ਅਕੇਸ਼ ਕੁਮਾਰ
ਗੁਰੂ ਨਾਨਕ ਨਗਰ ਗਲੀ ਨੰਬਰ 2
ਬੈਕਸਾਇਡ ਰਾਮ ਬਾਗ ਰੋਡ ਬਰਨਾਲਾ


 

Translate »