ਹੁਸ਼ਿਆਰਪੁਰ – ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ 72624 ਕਰੋੜ ਰੁਪਏ ਦੀ ਲਾਗਤ ਨਾਲ 12104 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ 7 ਵੱਡੇ ਪ੍ਰੋਜੈਕਟ ਲਗਾਏ ਗਏ ਹਨ ਅਤੇ 8000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਨਾਲ ਬਿਜਲੀ ਟਰਾਂਸਮਿਸ਼ਨ ਅਤੇ ਡਿਸਟ੍ਰਿਬਿਊਨ (ਵੰਡ) ਪ੍ਰਣਾਲੀ ਦੀ ਮਜ਼ਬੂਤੀ ਅਤੇ ਸੁਧਾਰ ਲਈ ਵਿਸ਼ੇਸ਼ ਪਹਿਲ ਕਦਮੀਆਂ ਕੀਤੀਆਂ ਹਨ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਪਿੰਡ ਅੱਜੋਵਾਲ ਵਿਖੇ ਸ਼ਹਿਰੀ ਮੰਡਲ ਅਧੀਨ 363. 84 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ 66 ਕੇ ਵੀ ਸਬ ਸਟੇਸ਼ਨ ਦਾ ਉਦਘਾਟਨ ਕਰਨ ਉਪਰੰਤ ਕੀਤਾ।
ਸ੍ਰੀ ਸੂਦ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਅੱਜੋਵਾਲ ਵਿਖੇ ਆਏ ਸਨ। ਉਸ ਸਮੇਂ ਉਨ੍ਹਾਂ ਨੇ ਕੰਢੀ ਇਲਾਕੇ ਨੂੰ ਬਿਜਲੀ ਦੀ ਘਾਟ ਹੋਣ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਜਾਣੂ ਕਰਵਾਇਆ ਗਿਆ ਸੀ ਜਿਸ ਤੇ ਉਨ੍ਹਾਂ ਨੇ ਪਿੰਡ ਅੱਜੋਵਾਲ ਵਿਖੇ 66 ਕੇ ਵੀ ਸਬ- ਸਟੇਸ਼ਨ ਮਨਜ਼ੂਰ ਕੀਤਾ ਸੀ ਅਤੇ ਉਸ ਦਾ ਨੀਂਹ ਪੱਥਰ ਵੀ ਰੱਖਿਆ ਸੀ। ਪਾਵਰਕਾਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਉਦਮ ਸਦਕਾ ਇਹ ਬਿਜਲੀ ਘਰ ਰਿਕਾਰਡ ਸਮੇਂ ਵਿੱਚ ਤਿਆਰ ਹੋਇਆ ਹੈ ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਹੈ। ਇਸ ਦੇ ਬਣਨ ਨਾਲ ਕੰਢੀ ਇਲਾਕੇ ਦੇ ਪਿੰਡਾਂ ਦੇ ਖਪਤਕਾਰਾਂ ਨੂੰ ਫਾਇਦਾ ਹੋਵੇਗਾ ਅਤੇ ਸ਼ਹਿਰੀ ਅਤੇ ਪੇਂਡੂ ਇਲਾਕੇ ਲੋਕਾਂ ਨੂੰ ਨਿਰਵਿਘਨ ਅਤੇ ਵਧੀਆ ਮਿਆਰ ਦੀ ਬਿਜਲੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਲੋਕਲ ਓਵਰ ਲੋਡਿੰਗ ਅਤੇ ਲੰਬੀਆਂ ਲਾਈਨਾਂ ਹੋਣ ਕਾਰਨ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਵਿੱਚ ਜੋ ਮੁਸ਼ਕਲ ਆਉਂਦੀ ਸੀ, ਉਹ ਦੂਰ ਹੋਵੇਗੀ ਅਤੇ ਇਸ ਬਿਜਲੀ ਘਰ ਦੇ ਬਣਨ ਨਾਲ 11 ਕੇ.ਵੀਂ ਲਾਈਨਾਂ ਛੋਟੀਆਂ ਹੋਣ ਕਾਰਨ ਬਿਜਲੀ ਜਾਇਆ ਹੋਣ ਦੇ ਨੁਕਸਾਨ ਵੀ ਘੱਟਣਗੇ।
ਇਸ ਮੌਕੇ ਤੇ ਪਾਵਰਕਾਮ ਦੇ ਮੁੱਖ ਇੰਜੀਨੀਅਰ ਉਤਰੀ ਜੌਨ ਜਲੰਧਰ ਇੰਜੀ: ਐਸ ਐਸ ਸਰਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਿਜਲੀ ਘਰ ਬਣਾਉਣ ਲਈ ਗਰਾਮ ਪੰਚਾਇਤ ਵੱਲੋਂ 3 ਏਕੜ ਜ਼ਮੀਨ ਪੀ.ਐਸ.ਪੀ.ਸੀ.ਐਲ. ਨੂੰ ਮੁਫ਼ਤ ਦਿੱਤੀ ਗਈ ਹੈ ਅਤੇ ਇਸ ਦੀ ਸਮਰੱਥਾ 12. 5 ਐਮ.ਵੀ.ਏ. ਹੈ। ਉਨ੍ਹਾਂ ਦੱਸਿਆ ਕਿ ਇਸ ਬਿਜਲੀ ਘਰ ਦੇ ਬਣਨ ਨਾਲ 132 ਕੇ.ਵੀ. ਸਬ-ਸਟੇਸ਼ਨ ਹੁਸ਼ਿਆਰਪੁਰ ਅਤੇ 33 ਕੇ.ਵੀ. ਸਬ-ਸਟੇਸ਼ਨ ਹਰਿਆਣਾ ਅੰਡਰ ਲੋਡ ਹੋ ਜਾਣਗੇ। ਇਸ ਨਾਲ ਹੁਸ਼ਿਆਰਪੁਰ ਦੇ ਸ਼ਹਿਰੀ ਖਪਤਕਾਰਾਂ ਅਤੇ ਕੰਢੀ ਇਲਾਕੇ ਦੇ ਪਿੰਡਾਂ ਕੱਕੋ, ਮੁਗਲਪੁਰਾ, ਸੱਜਨਾਂ, ਨਵੀਂ ਬੱਸੀ, ਸੈਚਾਂ, ਬਰੱਮਜੀਤ, ਨਵੇਂ ਘਰ, ਹੁਸੈਨਪੁਰ, ਬਾਗਪੁਰ, ਬੱਸੀ ਮਰੂਫ ਸਿਆਲਾ, ਬੱਸੀ ਮਰੂਫ, ਖਾਖਲੀ, ਕਾਂਟੀਆਂ, ਮੁਸਤਫਾਪੁਰ, ਕਪਾਹਟ ਆਦਿ ਦੇ ਖਪਤਕਾਰਾਂ ਨੂੰ ਸਿੱਧੇ ਤੌਰ ਤੇ ਅਤੇ 35 ਪਿੰਡਾਂ ਦੇ ਖੱਪਤਕਾਰਾਂ ਨੂੰ ਅਸਿੱਧੇ ਤੌਰ ਤੇ ਫਾਇਦਾ ਹੋਵੇਗਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਵਿਨੇ ਬੁਬਲਾਨੀ, ਸ੍ਰੀਮਤੀ ਰਾਕੇਸ਼ ਸੂਦ ਧਰਮਪਤਨੀ ਸ੍ਰੀ ਤੀਕਸ਼ਨ ਸੂਦ, ਐਡਵੋਕੇਟ ਜਵੇਦ ਸੂਦ, ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਹਲਕਾ ਹੁਸ਼ਿਆਰਪੁਰ ਇੰਜੀ: ਜਗਮੋਹਨ ਸਿੰਘ, ਵਧੀਕ ਨਿਗਰਾਨ ਇੰਜੀ: ਪੀ ਐਸ ਖਾਂਬਾ, ਵਧੀਕ ਇੰਜੀ: (ਸਬ) ਐਚ ਐਸ ਸੈਣੀ, ਸੀਨੀਅਰ ਕਾਰਜਕਾਰੀ ਇੰਜੀਨੀਅਰ ਸੰਭਾਲ ਮੰਡਲ ਅਮਿਤ ਸ਼ਰਮਾ, ਨਿਗਰਾਮ ਇੰਜੀਨੀਅਰ ਪ੍ਰਿਤਪਾਲ ਸਿੰਘ, ਇੰਜੀ: ਸਿਕੰਦਰ ਸਿੰਘ, ਇੰਜੀ: ਯੁਵਰਾਜ ਸਿੰਘ, ਇੰਜੀ: ਐਸ ਐਸ ਜੋਸ਼ਨ, ਪ੍ਰਧਾਨ ਭਾਜਪਾ ਪੰਜਾਬ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਪੰਜਾਬ ਕਮਲ ਸ਼ਰਮਾ, ਕੌਮੀ ਜਨਰਲ ਸਕੱਤਰ ਭਾਜਪਾ ਜੇ ਪੀ ਨੱਡਾ, ਕੌਮੀ ਜਨਰਲ ਸਕੱਤਰ ਆਰਗੇਨਾਈਜ਼ੇਸ਼ਨ ਅਜੇ ਜਾਮਵਾਲ, ਸਕੱਤਰ ਪੰਜਾਬ ਭਾਜਪਾ ਰਾਜੇਸ਼ ਬਾਹਗਾ, ਮੀਤ ਪ੍ਰਧਾਨ ਪੰਜਾਬ ਭਾਜਪਾ ਵਿਨੋਦ ਸ਼ਰਮਾ, ਜਨਰਲ ਸਕੱਤਰ ਪੰਜਾਬ ਭਾਜਪਾ ਮਨਜੀਤ ਸਿੰਘ ਰਾਏ, ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਮੀਤ ਪ੍ਰਧਾਨ ਭਾਜਪਾ ਹੁਸ਼ਿਆਰਪੁਰ ਅਨੰਦਵੀਰ ਸਿੰਘ, ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ, ਪਿੰਡ ਅੱਜੋਵਾਲ ਦੇ ਸਰਪੰਚ ਜ਼ਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਸਤੀਸ਼ ਕੁਮਾਰ ਬਾਵਾ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆ, ਰਮੇਸ਼ ਜ਼ਾਲਮ, ਡਾ. ਇੰਦਰਜੀਤ ਸ਼ਰਮਾ, ਯਸ਼ਪਾਲ ਸ਼ਰਮਾ, ਮਦਨ ਗੋਪਾਲ, ਕ੍ਰਿਸ਼ਨ ਲਾਲ ਕਤਨਾ, ਵਿਜੇ ਸੂਦ, ਸੰਮਤੀ ਮੈਂਬਰ ਅੱਜੋਵਾਲ ਜਸਬੀਰ ਸਿੰਘ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਤੇ ਹਾਜ਼ਰ ਸਨ।