November 14, 2011 admin

ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਉੱਭਰਦੇ ਕਲਾਕਾਰਾਂ ਲਈ ਮੱਕਾ ਸਾਬਤ ਹੋਵੇਗਾ-ਬਾਦਲ

ਲੁਧਿਆਣਾ, 14 ਨਵੰਬਰ –  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਉੱਭਰਦੇ ਕਲਾਕਾਰਾਂ ਲਈ ਮੱਕਾ ਸਾਬਤ ਹੋਵੇਗਾ।ਸ. ਬਾਦਲ ਨੇ ਇਹ ਵਿਚਾਰ ਰਾਜਗੁਰੂ ਨਗਰ ਵਿਖੇ 2.15 ਏਕੜ ‘ਚ ਗਲਾਡਾ ਵੱਲੋਂ ਤਿਆਰ ਕੀਤੇ ਗਏ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦਾ ਉਦਘਾਟਨ ਕਰਨ ਮੌਕੇ ਕਰਵਾਏ ਸਮਾਗਮ ਦੌਰਾਨ  ਪ੍ਰਗਟਾਏ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਯਤਨ ਹੈ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੂੰ ਸੰਗੀਤ ਸਿਖਲਾਈ ਖੇਤਰ ਦਾ ਹੱਬ ਬਣਾਇਆ ਜਾਵੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਸਿਖਿਆਰਥੀ ਇੱਥੋਂ ਸੰਗੀਤ ਦੀ ਸਿਖਲਾਈ ਲੈ ਕੇ ਇਸ਼ਮੀਤ ਸਿੰਘ ਵਾਂਗ ਪੰਜਾਬ ਦਾ ਨਾਂ ਵਿਸ਼ਵ ਪੱਧਰ ‘ਤੇ ਚਮਕਾਉਣ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦਾ ਸੱਭਿਆਚਾਰ ਤੇ ਵਿਰਸਾ ਬੁਹਤ ਅਮੀਰ ਹੈ ਅਤੇ ਇਸ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਪ੍ਰਤੀਬੱਧਤਾ ਨਾਲ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਪਟਿਆਲਾ ਵਿਖੇ ਰੰਗਮੰਚ ਅਦਾਕਾਰ ਹਰਪਾਲ ਟਿਵਾਣਾ ਦੀ ਯਾਦ ‘ਚ ਬਣਾਏ ਹਰਪਾਲ ਟਿਵਾਣਾ ਕਲਾ ਕੇਂਦਰ ਦਾ ਵੀ ਉਦਘਾਟਨ ਕੀਤਾ ਗਿਆ ਹੈ।
             ਸ. ਬਾਦਲ ਨੇ ਦੱਸਿਆ ਕਿ ਪਹਿਲੇ ਫੇਜ਼ ‘ਚ 11 ਕਰੋੜ ਰੁਪਏ ਦੀ ਲਾਗਤ ਨਾਲ ਇਹ ਵਿਸ਼ਵ ਪੱਧਰੀ ਸੰਗੀਤ ਇੰਸਟੀਚਿਊਟ ਬਣਾਇਆ ਗਿਆ ਹੈ, ਜਿਸ ‘ਚ ਮਿਲਣ ਵਾਲੀਆਂ ਸਹੂਲਤਾਂ ਭਾਰਤ ਦੇ ਬਹੁਤੇ ਮੋਢੀ ਸੰਗੀਤ ਸਕੂਲਾਂ ‘ਚ ਵੀ ਨਹੀਂ ਹਨ। ਦੂਸਰੇ ਦੌਰ ਵਿਚ ਡੇਢ ਕਰੋੜ ਰੁਪਏ ਦੀ ਲਾਗਤ ਨਾਲ 25 ਸਿਖਿਆਰਥੀਆਂ ਦੇ ਰਹਿਣ ਲਈ ਹੋਸਟਲ ਤਿਆਰ ਕੀਤਾ ਜਾ ਰਿਹਾ ਹੈ ਜਿਸਦੇ ਨਿਰਮਾਣ ‘ਤੇ ਤਕਰੀਬਨ 6 ਮਹੀਨੇ ਦਾ ਸਮਾਂ ਲੱਗੇਗਾ। ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ‘ਚ 180 ਸੀਟਾਂ ਦਾ ਅਤਿ ਆਧੁਨਿਕ ਆਡੀਟੋਰੀਅਮ ਬਣਾਇਆ ਗਿਆ ਹੈ ਜਿਸ ‘ਚ ਵੀਡੀਓਗ੍ਰਾਫੀ ਦੀ ਖਾਸ ਸਹੂਲਤ ਹੈ।ਇਸ ਤੋਂ ਇਲਾਵਾ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਇਕ ਰਿਕਾਰਡਿੰਗ ਸਟੂਡੀਓ, ਲਾਇਬ੍ਰੇਰੀ, ਆਡੀਓ ਸਾਫਟਵੇਅਰ ਟਰੇਨਿੰਗ ਰੂਮ, ਰਿਆਜ਼ ਲਈ ਵੱਖਰੇ-ਵੱਖਰੇ ਕੈਬਿਨ ਅਤੇ ਡਿਜੀਟਲ ਟੈਕਨੋਲਜੀ ਨਾਲ ਲੈਸ ਸਾਰਾ ਢਾਂਚਾ ਤਿਆਰ ਕੀਤਾ ਗਿਆ ਹੈ। ਸਾਰੀ ਇਮਾਰਤ ਏਅਰ ਕੰਡੀਸ਼ਨਡ ਹੈ ਅਤੇ ਸਿਖਿਆਰਥੀਆਂ ਲਈ ਖੁੱਲ੍ਹੇ-ਡੁੱਲੇ ਕਲਾਸ ਰੂਮ, ਫੂਡ ਕੋਰਟ ਅਤੇ ਸਭ ਪ੍ਰਕਾਰ ਦੀਆਂ ਸਹੂਲਤਾਂ ਹਨ। ਪੰਜਾਬ ਸਰਕਾਰ ਦੇ ਉਪਰਾਲੇ ਨਾਲ ਇਹ ਭਾਰਤ ਦਾ ਅਜਿਹਾ ਪਹਿਲਾ ਮਿਊਜ਼ਿਕ ਇੰਸਟੀਚਿਊਟ ਹੈ ਜਿੱਥੇ ਸਾਰੀਆਂ ਸਹੂਲਤਾਂ ਇਕੋ ਛੱਤ ਹੇਠ ਮਿਲਣਗੀਆਂ।
            ਘੱਟ ਖਰਚ ‘ਤੇ ਸੰਗੀਤ ਸਿੱਖਣ ਵਾਲੇ ਸਿਖਿਆਰਥੀਆਂ ਲਈ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਇਕ ਵਿਲੱਖਣ ਕਿਸਮ ਦਾ ਇੰਸਟੀਚਿਊਟ ਹੋਵੇਗਾ ਜਿੱਥੇ ਕੋਈ ਵੀ ਉਮਰ ਦਾ ਵਿਅਕਤੀ ਦਾਖਲਾ ਲੈ ਸਕੇਗਾ ਅਤੇ ਦਾਖਲੇ ਲਈ ਕੋਈ ਵਿੱਦਿਅਕ ਯੋਗਤਾ ਦਾ ਆਧਾਰ ਨਹੀਂ ਮਿੱਥਿਆ ਗਿਆ ਹੈ।ਇੰਸਟੀਚਿਊਟ ਵਿਚ ਇਕ ਸਾਲ ਦੇ ਸਰਟੀਫਿਕੇਟ ਕੋਰਸ ਤੋਂ ਇਲਾਵਾ ਇਕ ਸਾਲ ਦਾ ਪਲੇਅਬੈਕ ਸਿੰਗਿੰਗ ਦਾ ਕੋਰਸ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਸਿਖਿਆਰਥੀਆਂ ਨੂੰ ਪ੍ਰੋਫੈਸ਼ਨਲ ਸਿੰਗਿੰਗ ‘ਚ ਪ੍ਰਵੇਸ਼ ਕਰਨ ਲਈ ਵੀ ਪੂਰੀ ਮਦਦ ਕੀਤੀ ਜਾਵੇਗੀ।ਇੰਸਟੀਚਿਊਟ ‘ਚ 500 ਸਿਖਿਆਰਥੀਆਂ ਨੂੰ ਸੰਗੀਤ ਟ੍ਰੇਨਿੰਗ ਦੇਣ ਦੀ ਵਿਵਸਥਾ ਹੈ।
           ਉੱਧਰ ਦੂਜੇ ਪਾਸੇ ਇੰਸਟੀਚਿਊਟ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਗੁਰਮਿਤ ਸੰਗੀਤ ਦੀ ਸਿਖਲਾਈ ‘ਤੇ ਤਾਂ ਤਵੱਜੋਂ ਦਿੱਤੀ ਹੀ ਜਾਵੇਗੀ ਇਸਦੇ ਨਾਲ-ਨਾਲ ਸੂਫੀ, ਕਲਾਸਿਕ, ਬਾਲੀਵੁੱਡ ਸੰਗੀਤ, ਗਜ਼ਲ, ਲੋਕ ਸੰਗੀਤ ਅਤੇ ਇੰਸਟਰੂਮੈਂਟਲ ਸੰਗੀਤ ਦੀ ਵੀ ਖਾਸ ਸਿਖਲਾਈ ਦਿੱਤੀ ਜਾਵੇਗੀ। ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ‘ਚ ਸੰਗੀਤ ਅਤੇ ਸਾਜ਼ਾਂ ਦੀ ਸਿਖਲਾਈ ਦੇਣ ਲਈ ਬਹੁਤ ਹੀ ਤਜ਼ਰਬੇਕਾਰ ਅਤੇ ਪੋਸਟ-ਗ੍ਰੈਜੂਏਟ ਸਟਾਫ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਤਕਨੀਕੀ ਸਟਾਫ ਵੀ ਪ੍ਰੋਫੈਸ਼ਨਲੀ ਕੁਆਲੀਫਾਈਡ ਹੋਵੇਗਾ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਚਲਾਉਣ ਲਈ ਇਸ਼ਮੀਤ ਸਿੰਘ  ਸੁਸਾਇਟੀ ਦਾ ਗਠਨ ਕੀਤਾ ਗਿਆ ਹੈ ਜਿਸ ‘ਚ ਗਵਰਨਿੰਗ ਬਾਡੀ ਅਤੇ ਪ੍ਰਬੰਧਕੀ ਕਮੇਟੀ ਬਣਾਈ ਗਈ ਹੈ ਅਤੇ ਸਰਕਾਰੀ ਤੇ ਗੈਰ-ਸਰਕਾਰੀ ਦੋਵਾਂ ਤਰ੍ਹਾਂ ਦੇ ਵਿਅਕਤੀ ਇਸ ‘ਚ ਸ਼ਾਮਲ ਕੀਤੇ ਗਏ ਹਨ।
          ਇੱਥੇ ਦੱਸਣਯੋਗ ਹੈ ਕਿ ਇਸ਼ਮੀਤ ਸਿੰਘ ਦਾ ਨਾਂ ਉਦੋਂ ਚਰਚਾ ਵਿਚ ਆਇਆ ਸੀ ਜਦੋਂ ਉਸਨੇ ਮਹਿਜ਼ 18 ਸਾਲ ਦੀ ਉਮਰ ‘ਚ 24 ਨਵੰਬਰ 2007 ਨੂੰ ਇਕ ਨੈਸ਼ਨਲ ਹਿੰਦੀ ਚੈਨਲ (ਸਟਾਰ ਟੀਵੀ) ਦੇ ਸੰਗੀਤਕ ਪ੍ਰੋਗਰਾਮ (ਵਾਇਸ ਆਫ ਇੰਡੀਆ) ‘ਚ ਜਿੱਤ ਹਾਸਲ ਕੀਤੀ ਸੀ। ਪੂਰਣ ਗੁਰਸਿੱਖ ਰੂਪ ‘ਚ ਕੌਮੀ ਪੱਧਰ ‘ਤੇ ਅਜਿਹਾ ਮੁਕਾਬਲਾ ਜਿੱਤਣ ਵਾਲਾ ਇਸ਼ਮੀਤ ਪਹਿਲਾ ਪੰਜਾਬੀ ਸੀ। ਬਹੁਤ ਘੱਟ ਸਮੇਂ ਦੀ ਸ਼ੋਹਰਤ ਮਾਣ ਕੇ ਇਕ ਮੰਦਭਾਗੀ ਘਟਨਾ ਦੌਰਾਨ 29 ਜੁਲਾਈ 2008 ਨੂੰ ਮਾਲਦੀਵ ‘ਚ ਇਸ਼ਮੀਤ ਦਾ ਦਿਹਾਂਤ ਹੋ ਗਿਆ ਸੀ।
             ਇਸ ਮੌਕੇ ਹੋਰਨਾਂ ਤੋਂ ਇਲਾਵਾ ਜੇਲ੍ਹ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ, ਇਸ਼ਮੀਤ ਸਿੰਘ ਦੇ ਪਿਤਾ ਗੁਰਪਿੰਦਰ ਸਿੰਘ, ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ, ਪੁਲਿਸ ਕਮਿਸ਼ਨਰ ਡਾ. ਐਸ.ਐਸ. ਚੌਹਾਨ, ਕਮਿਸ਼ਨਰ ਨਗਰ ਨਿਗਮ ਏ.ਕੇ.ਸਿਨਹਾ, ਗਲਾਡਾ ਦੀ ਮੁੱਖ ਪ੍ਰਬੰਧਕ ਸ੍ਰੀਮਤੀ ਇੰਦੂ ਮਲਹੋਤਰਾ,  ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਮੇਅਰ ਹਾਕਮ ਸਿੰਘ ਗਿਆਸਪੁਰਾ, ਚੇਅਰਮੈਨ ਨਗਰ ਸੁਧਾਰ ਟਰੱਸਟ ਮਦਨ ਮੋਹਨ ਵਿਆਸ, ਵਿਜੈ ਦਾਨਵ, ਅਮਰਜੀਤ ਸਿੰਘ ਚਾਵਲਾ, ਅਮਰਜੀਤ ਸਿੰਘ ਭਾਟੀਆ, ਸਖਵਿੰਦਰਪਾਲ ਸਿੰਘ ਗਰਚਾ, ਕੁਲਵਿੰਦਰ ਸਿੰਘ ਦਹੀ, ਕੰਵਲਇੰਦਰ ਸਿੰਘ ਠੇਕੇਦਾਰ, ਰਣਜੀਤ ਸਿੰਘ ਢਿੱਲੋਂ, ਕੁਲਦੀਪ ਖਾਲਸਾ, ਬੀਬੀ ਸੁਰਿੰਦਰ ਕੌਰ ਦਿਆਲ, ਹਰਪ੍ਰੀਤ ਸਿੰਘ ਬੇਦੀ, ਡਾ. ਅਸ਼ਵਨੀ ਪਾਸੀ, ਪ੍ਰੀਤਮ ਸਿੰਘ ਭਰੋਵਾਲ, ਗੁਰਭਜਨ ਸਿੰਘ ਗਿੱਲ ਸਮੇਤ ਵੱਡੀ ਗਿਣਤੀ ‘ਚ ਇਲਾਕਾਵਾਸੀ ਹਾਜ਼ਰ ਸਨ।

Translate »