ਫ਼ਤਿਹਗੜ੍ਹ ਸਾਹਿਬ, 14 ਨਵੰਬਰ – ਬਚਪਨ ਤੋਂ ਹੀ ਮਾਤਾ ਪਿਤਾ ਵਲੋਂ ਔਲਾਦ ਨੂੰ ਦਿੱਤੇ ਉਚੇ ਅਤੇ ਸੁੱਚੇ ਆਦਰਸ਼ ਹੀ ਬੱਚਿਆਂ ਨੂੰ ਸਹੀ ਰਾਹ ‘ਤੇ ਤੋਰ ਕੇ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾਉਂਦੇ ਹਨ। ਅੱਜ ਦੇ ਆਧੁਨਿਕ ਯੁਗ ਵਿਚ ਬੱਚਿਆਂ ਨੂੰ ਮਾਤਾ ਪਿਤਾ ਵਲੋਂ ਉਚ ਵਿਦਿਆ ਦੇ ਨਾਲ ਨਾਲ ਆਪਣੇ ਧਰਮ, ਵਿਰਸੇ ਤੇ ਕੌਮ ਬਾਰੇ ਵੀ ਜਾਣਕਾਰੀ ਦੇਣਾ ਸਮੇਂ ਦੀ ਮੁੱਖ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਥੋਂ ਨੇੜਲੇ ਪਿੰਡ ਲਟੌਰ ਵਿਖੇ ਸ. ਸ਼ਲਿੰਦਰ ਸਿੰਘ ਦੇ ਘਰ ਇਕ ਨਿੱਜੀ ਸਮਾਗਮ ਵਿਚ ਸ਼ਾਮਲ ਹੋਣ ਮੌਕੇ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਆਖਿਆ ਕਿ ਅੱਜ ਦੇ ਸਮੇਂ ਵਿਚ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਵਿਦਿਆ, ਵਧੀਆ ਪਾਲਣ ਪੋਸ਼ਣ ਤੇ ਚੰਗੀ ਖੁਰਾਕ ਦੇ ਕੇ ਹੀ ਮਾੜੀਆਂ ਕੁਰਹਿਤਾਂ ਤੋਂ ਬਚਾ ਸਕਦੇ ਹਨ। ਉਨ੍ਹਾਂ ਆਖਿਆ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਮਾਪਿਆਂ ਨੂੰ ਬੱਚਿਆਂ ਦੀ ਰਾਖੀ ਇਕ ਮਾਲੀ ਦੀ ਤਰ੍ਹਾਂ ਕਰਨੀ ਪੈਂਦੀ ਹੈ ਤਾਂ ਹੀ ਸਮਾਂ ਆਉਣ ‘ਤੇ ਉਸ ਛੋਟੇ ਜਿਹੇ ਲਗਾਏ ਪੌਦੇ ਦੀ ਛਾਂ ਮਾਣੀ ਜਾਂਦੀ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣ ਲਈ ਸਿਰਤੋੜ ਯਤਨ ਕਰ ਰਿਹੈ, ਇਸੇ ਲੜੀ ਤਹਿਤ ਪੰਜਾਬ ਸਰਕਾਰ ਸੂਬੇ ਅੰਦਰ ਵਿਸ਼ਵ ਕਬੱਡੀ ਕੱਪ ਕਰਕੇ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਨਿੱਜੀ ਸਮਾਗਮ ਦੌਰਾਨ ਕਾਂਗਰਸੀ ਆਗੂ ਹਰਬੰਸ ਲਾਲ, ਸੁਖਦੇਵ ਸਿੰਘ ਪੰਜੌਲੀ, ਹਰਮੋਹਿੰਦਰ ਸਿੰਘ, ਅਵਤਾਰ ਸਿੰਘ ਟਿਵਾਣਾ, ਬੂਟਾ ਸਿੰਘ ਸਰਪੰਚ ਸਣੇ ਹੋਰ ਵੀ ਕਈ ਅਕਾਲੀ ਤੇ ਕਾਂਗਰਸੀ ਆਗੂ ਹਾਜ਼ਰ ਸਨ।