November 14, 2011 admin

ਹੁਸ਼ਿਆਰਪੁਰ ਵਿਖੇ ਅੱਜ ਹੋਣਗੇ ਚਾਰ ਕਬੱਡੀ ਮੈਚ

ਹੁਸ਼ਿਆਰਪੁਰ, 14 ਨਵੰਬਰ –  ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਮੈਚਾਂ ਦੌਰਾਨ ਅੱਜ ਦੇ ਆਰਾਮ ਦੇ ਦਿਨ ਤੋਂ ਬਾਅਦ ਭਲਕੇ ਹੁਸ਼ਿਆਰਪੁਰ ਵਿਖੇ ਚਾਰ ਮੁਕਾਬਲੇ ਖੇਡੇ ਜਾਣਗੇ।
ਦਿਨ ਵੇਲੇ ਸਾਢੇ ਬਾਰਾਂ ਵਜੇ ਤੋਂ ਸ਼ਾਮ ਸਵਾ ਪੰਜ ਤੱਕ ਖੇਡੇ ਜਾਣ ਵਾਲੇ ਮੁਕਾਬਲਿਆਂ ਵਿੱਚੋਂ ਅਮਰੀਕਾ ਤੇ ਤੁਰਕਮੇਸਿਤਾਨ ਵਿਚਾਲੇ ਖੇਡਿਆ ਜਾਣ ਵਾਲਾ ਮਹਿਲਾ ਵਰਗ ਦਾ ਇਕਲੌਤਾ ਮੈਚ ਫਸਵੀਂ ਟੱਕਰ ਵਾਲਾ ਅਹਿਮ ਹੋਵੇਗਾ। ਪੁਰਸ਼ ਵਰਗ ਵਿੱਚ ਪੂਲ ‘ਬੀ’ ਦੇ ਤਿੰਨ ਮੁਕਾਬਲਿਆਂ ਵਿੱਚ ਅਮਰੀਕਾ ਤੇ ਸ੍ਰੀਲੰਕਾ, ਅਰਜਨਟਾਈਨਾ ਤੇ ਸਪੇਨ ਅਤੇ ਇਟਲੀ ਤੇ ਨਾਰਵੇ ਵਿਚਾਲੇ ਟੱਕਰ ਹੋਵੇਗੀ।
ਮਹਿਲਾ ਵਰਗ ਦਾ ਮੈਚ ਬਹੁਤ ਅਹਿਮ ਹੋਵੇਗਾ ਕਿਉਂਕਿ ਲੀਗ ਵਿੱਚ ਖੇਡ ਰਹੀਆਂ ਚਾਰ ਟੀਮਾਂ ਵਿੱਚੋਂ ਭਾਰਤੀ ਟੀਮ ਦੋ ਮੈਚ ਜਿੱਤ ਕੇ ਪਹਿਲਾਂ ਹੀ ਫਾਈਨਲ ਵਿੱਚ ਦਾਖਲਾ ਪਾ ਚੁੱਕੀ ਹੈ। ਤੁਰਕਮੇਸਿਤਾਨ ਦੀ ਟੀਮ ਪਹਿਲੇ ਮੈਚ ਵਿੱਚ ਭਾਰਤ ਹੱਥੋਂ ਹਾਰ ਚੁੱਕੀ ਹੈ ਜਦੋਂ ਕਿ ਅਮਰੀਕਾ ਦੀ ਟੀਮ ਪਹਿਲਾ ਮੈਚ ਖੇਡ ਰਹੀ ਹੈ। ਲੀਗ ਦੀ ਚੌਥੀ ਟੀਮ ਇੰਗਲੈਂਡ ਵੀ ਭਾਰਤ ਹੱਥੋਂ ਹਾਰ ਚੁੱਕੀ ਹੈ। ਇਸ ਤਰ੍ਹਾਂ ਅਮਰੀਕਾ, ਤੁਰਕਮੇਸਿਤਾਨ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਫਾਈਨਲ ਲਈ ਜਬਰਦਸਤ ਮੁਕਾਬਲਾ ਦੇਖਣ ਨੂੰ ਮਿਲੇਗਾ।
ਪੁਰਸ਼ ਵਰਗ ਵਿੱਚ ਪੂਲ ‘ਬੀ’ ਦੇ ਪਹਿਲੇ ਮੁਕਾਬਲੇ ਵਿੱਚ ਅਮਰੀਕਾ ਤੇ ਸ੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਅਮਰੀਕਾ ਦੀ ਟੀਮ ਸਾਰੇ ਮੈਚ ਜਿੱਤ ਕੇ ਸੈਮੀ ਫਾਈਨਲ ਵਿੱਚ ਪਹੁੰਚ ਚੁੱਕੀ ਹੈ ਜਦੋਂ ਕਿ ਸ੍ਰੀਲੰਕਾ ਟੀਮ ਆਪਣੀ ਪਹਿਲੀ ਜਿੱਤ ਨੂੰ ਤਰਸ ਰਹੀ ਹੈ। ਦੂਜੇ ਮੁਕਾਬਲੇ ਵਿੱਚ ਅਰਜਨਟਾਈਨਾ ਵਿਰੁੱਧ ਭਾਵੇਂ ਸਪੇਨ ਦਾ ਪਲੜਾ ਭਾਰੀ ਹੈ ਪਰ ਫਿਰ ਵੀ ਅਰਜਨਟਾਈਨਾ ਦੀ ਟੀਮ ਸ੍ਰੀਲੰਕਾ ਵਿਰੁੱਧ ਜਿੱਤ ਤੋਂ ਬਾਅਦ ਹੌਸਲੇ ਨਾਲ ਭਰਪੂਰ ਹੈ। ਦਿਨ ਦਾ ਆਖਰੀ ਮੈਚ ਇਟਲੀ ਤੇ ਨਾਰਵੇ ਵਿਚਾਲੇ ਖੇਡਿਆ ਜਾਵੇਗਾ ਜਿਹੜਾ ਕਾਫੀ ਫਸਵਾਂ ਰਹਿਣ ਦੇ ਆਸਾਰ ਹਨ। ਦੋਵੇਂ ਟੀਮਾਂ ਪੂਲ ਵਿੱਚ ਦੂਜੇ ਤੇ ਤੀਜੇ ਨੰਬਰ ‘ਤੇ ਚੱਲ ਰਹੀਆਂ ਹਨ ਅਤੇ ਸੈਮੀ ਫਾਈਨਲ ਵਿੱਚ ਪਹੁੰਚਣ ਦੀ ਥੋੜੀ ਬਹੁਤੀ ਆਸ ਨੂੰ ਕਾਇਮ ਰੱਖਣ ਲਈ ਹਰ ਹੀਲੇ ਜਿੱਤਣ ਦੀ ਕੋਸ਼ਿਸ਼ ਕਰਨਗੀਆਂ

Translate »