ਬਠਿੰਡਾ, 14 ਨਵੰਬਰ – ਸਵਿਸ ਬੈਂਕਾਂ ਵਿਚਲੇ ਕਾਲੇ ਧਨ ਦੇ ਮੁੱਦੇ ਉੱਪਰ ਬੋਲਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਸਵਿਸ ਬੈਂਕਾਂ ਵਿਚਲਾ ਧਨ ਭਾਰਤ ਵਾਪਸ ਲਿਆਂਦਾ ਜਾਵੇ ਤਾਂ ਇਸ ਨਾਲ ਮੁਲਕ ਦੇ ਹਰ ਪਿੰਡ ਦਾ ਸਰਵਪੱਖੀ ਵਿਕਾਸ ਹੋ ਸਕਦਾ ਹੈ। ਬੀਬੀ ਬਾਦਲ ਨੇ ਕਿਹਾ ਕਿ ਜੇਕਰ ਇਹ ਕਾਲਾ ਧਨ ਵਾਪਸ ਲਿਆਂਦਾ ਜਾਵੇ ਤਾਂ ਹਰ ਪਿੰਡ ਵਿੱਚ ਸਿੱਖਿਆ, ਸਿਹਤ ਤੇ ਹੋਰ ਸਹੂਲਤਾਂ ਸੰਭਵ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਨ ‘ਤੇ ਇਹ ਧਨ ਵਾਪਸ ਲਿਆਕੇ ਮੁਲਕ ਦੇ ਵਿਕਾਸ ਲਈ ਖਰਚਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਘੁਟਾਲਿਆ ਨਾਲ ਘਿਰੀ ਹੋਈ ਹੈ ਅਤੇ ਮੁਲਕ ਦੇ ਲੋਕਾਂ ਦਾ ਇਸ ਉਪਰੋ ਵਿਸ਼ਵਾਸ ਖਤਮ ਹੋ ਚੁਕਿਆ ਹੈ। ਇਹ ਗੱਲ ਉਨ੍ਹਾਂ ਨੇੜਲੇ ਪਿੰਡ ਕੋਟ ਸ਼ਮੀਰ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਆਖੀ।
ਇਸ ਤੋਂ ਪਹਿਲਾਂ ਉਨ੍ਹਾਂ ਜ਼ਿਲ੍ਹੇ ਦੇ ਪਿੰਡ ਨਰ ਸਿੰਘ ਕਲੋਨੀ ਵਿਖੇ ਸੀਵਰੇਜ ਡਿਸਪੋਜਲ ਅਤੇ ਜੱਸੀ ਪੌ ਵਾਲੀ ਵਿਖੇ ਤੁੰਗਵਾਲੀ ਮਾਈਨਰ ‘ਤੇ ਟੇਲਾਂ ਦੇ ਮੋਘਿਆਂ ਉੁੱਪਰ ਟਿਊੁਬਵੈਲਾਂ ਦੇ ਨੀਂਹ ਪੱਥਰ ਰੱਖੇ। ਕੋਟ ਸ਼ਮੀਰ ਵਿਖੇ ਉਨ੍ਹਾਂ 46 ਪੰਚਾਇਤਾ ਨੂੰ ਵਿਕਾਸ ਕਾਰਜਾਂ ਲਈ 3.47 ਕਰੋੜ ਰੁਪਏ ਦੇ ਚੈੱਕ ਵੰਡੇ। ਉਨ੍ਹਾਂ ਕਿਹਾ ਕਿ ਟੇਲਾਂ ‘ਤੇ ਟਿਊਬਵੈਲ ਲੱਗਣ ਨਾਲ ਕਿਸਾਨਾਂ ਨੂੰ ਸਿੰਚਾਈ ਦੀ ਵੱਡੀ ਸਹੂਲਤ ਮਿਲੇਗੀ।
ਪਿੰਡ ਨਰ ਸਿੰਘ ਕਲੋਨੀ ਵਿਖੇ ਮੀਡੀਏ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਸਵਿਸ ਬੈਂਕਾ ਪਾਸੋਂ ਕੇਂਦਰ ਸਰਕਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਦੇਸ਼ੀ ਖਾਤਿਆਂ ਵਿੱਚ ਕਰੋੜਾਂ ਰੁਪਇਆ ਪੰਜਾਬ ਦੇ ਇੱਕ ਕਾਂਗਰਸੀ ਐਮ.ਪੀ ਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਵਿਸ ਬੈਂਕਾਂ ਵਿੱਚਲੇ ਇਸ ਕਾਲੇ ਧਨ ਬਾਰੇ ਸਚਾਈ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਦਿੱਤੇ ਜਾ ਰਹੇ ਤਰ੍ਹਾਂ-ਤਰ੍ਹਾਂ ਦੇ ਬਿਆਨ ਆਪਣੇ ਆਪ ਬੰਦ ਹੋ ਜਾਣਗੇ।
ਮੈਂਬਰ ਪਾਰਲੀ ਮੈਂਟ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਦਿਨ ਤੋਂ ਹੀ ਲੋਕਾਂ ਦੀਆਂ ਤਕਲੀਫਾਂ ਦੂਰ ਕਰਨ ਤੇ ਪੰਜਾਬ ਦੇ ਵਿਕਾਸ ਲਈ ਕੰਮ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੁਣ ਤੱਕ ਪੂਰੀ ਸੇਵਾ ਭਾਵਨਾਂ ਨਾਲ ਪੰਜਾਬ ਦਾ ਵਿਕਾਸ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਦੇ ਵੀ ਇਹ ਵੇਖ ਕੇ ਕੰਮ ਨਹੀਂ ਕੀਤਾ ਕਿ ਚੋਣਾਂ ਦਾ ਸਮਾਂ ਹੈ ਸਗੋਂ ਹਮੇਸ਼ਾ ਹੀ ਇਸ ਸਰਕਾਰ ਦਾ ਏਜੰਡਾ ਵਿਕਾਸ ਦਾ ਰਿਹਾ ਹੈ। ਕੇਂਦਰ ਸਰਕਾਰ ਦੀ ਆਲੋਚਨਾਂ ਕਰਦਿਆਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਇਸ ਸਰਕਾਰ ਦੀਆਂ ਨੀਤੀਆਂ ਨੇ ਅੱਜ ਆਮ ਆਦਮੀ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਰਜਕਾਲ ਦੌਰਾਨ ਮਹਿੰਗਾਈ ਲਗਾਤਾਰ ਵਧਦੀ ਰਹੀ ਹੈ ਪਰ ਇਸ ਸਰਕਾਰ ਨੇ ਸਿਵਾਏ ਬਿਆਨਾਂ ਦੇ ਇਸ ਮਹਿੰਗਾਈ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਜਿਸ ਨੇ ਮਹਿੰਗਾਈ ਵਿੱਚ ਹੋਰ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਇਨੇ ਜ਼ਿਆਦਾ ਘਪਲੇ ਸਾਹਮਣੇ ਆਏ ਕਿ ਮੁਲਕ ਦੇ ਲੋਕਾਂ ਦਾ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਖਤਮ ਹੋ ਚੁੱਕਿਆ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰੀ ਦਰਸ਼ਨ ਸਿੰਘ ਕੋਟ ਫੱਤਾ, ਡਿਪਟੀ ਕਮਿਸ਼ਨਰ ਸ੍ਰੀ ਕੇ.ਕੇ.ਯਾਦਵ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਭਿਨਵ ਤ੍ਰਿਖਾ, ਐਸ.ਡੀ.ਐਮ ਸ੍ਰੀ ਸੰਦੀਪ ਰਿਸ਼ੀ. ਜ਼ਿਲ੍ਹਾ ਸਿਹਤ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਓਮ ਪ੍ਰਕਾਸ਼ ਸ਼ਰਮਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।