ਅੰਮ੍ਰਿਤਸਰ 14 ਨਵੰਬਰ – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ (ਪਰਕਸ) ਵੱਲੋਂ ਸਥਾਨਕ ਵਿਰਸਾ ਵਿਹਾਰ ਵਿਖੇ ”ਅਮਰੀਕਾ ਵਿਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਮੌਜੂਦਾ ਸਥਿਤੀ ਅਤੇ ਭਵਿੱਖ” ਬਾਰੇ ਵਿਚਾਰ ਪ੍ਰਗਟ ਕਰਦਿਆਂ, ਅਮਰੀਕਾ ਨਿਵਾਸੀ ਸ. ਚਰਨਜੀਤ ਸਿੰਘ ਪੰਨੂ ਨੇ ਕਿਹਾ ਕਿ ਅਮਰੀਕਾ ਵਿੱਚ ਪੰਜਾਬੀ ਅਤੇ ਪੰਜਾਬੀ ਪਿਆਰਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਕਰਕੇ ਉੱਥੇ ਪੰਜਾਬੀ ਅਖਬਾਰਾਂ ਅਤੇ ਪੰਜਾਬੀ ਲੇਖਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਇਸ ਵਾਧੇ ਦਾ ਰੁਝਾਨ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗਾ ਅਤੇ ਕਨੇਡਾ ਵਾਂਗ ਪੰਜਾਬੀ ਭਾਸ਼ਾ ਇੱਕ ਨਿਵੇਕਲਾ ਸਥਾਨ ਬਣਾ ਲਵੇਗੀ। ਸੈਕਰਾਮੈਂਟੋ ਵਿੱਚ ਇੱਕ ਚਾਰਟਰ ਸਕੂਲ ਖੋਲਿਆ ਗਿਆ ਹੈ, ਜਿੱਥੇ ਪੰਜਾਬੀ ਇਕ ਵਿਸ਼ੇ ਦੇ ਤੌਰ ‘ਤੇ ਪੜ੍ਹਾਈ ਜਾਂਦੀ ਹੈ। ਭਵਿੱਖ ਵਿੱਚ ਵੀ ਅਜਿਹੇ ਚਾਰਟਰ ਸਕੂਲ ਖੁੱਲਣ ਨਾਲ ਪੰਜਾਬੀ ਦਾ ਪਸਾਰ ਹੋਵੇਗਾ। ਤਵੱਕੋ ਵੀ ਕੀਤੀ ਜਾਂਦੀ ਹੈ ਕਿ ਇੱਕ ਸਮਾਂ ਆਵੇਗਾ ਜਦ ਪੰਜਾਬੀ ਬਹੁ-ਗਿਣਤੀ ਵਾਲੇ ਸੂਬਿਆਂ ਵਿੱਚ ਕਨੇਡਾ ਵਾਂਗ ਪੰਜਾਬੀ ਵੀ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾਈ ਜਾਵੇਗੀ। ਜਿੱਥੋਂ ਤੱਕ ਪੰਜਾਬੀ ਸਭਿਆਚਾਰ ਦਾ ਸਬੰਧ ਹੈ ਇਸ ਸਬੰਧੀ ਉਨ੍ਹਾਂ ਕਿਹਾ ਕਿ ਭਾਵੇਂ ਉੱਥੇ ਪੰਜਾਬੀ ਪਛਾਣ ਬਣਾਈ ਰੱਖਣੀ ਬਹੁਤ ਮੁਸ਼ਕਲ ਹੈ, ਪਰ ਫਿਰ ਵੀ ਉੱਥੇ ਨਗਰ ਕੀਰਤਨ, ਖੇਡ ਅਤੇ ਸਭਿਆਚਾਰਕ ਮੇਲਿਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਉੱਥੇ ਵੀ ਹੁਣ ਪੰਜਾਬੀ ਆਪਣੀ ਨਿਵੇਕਲੀ ਪਛਾਣ ਬਨਾਉਣ ਵਿੱਚ ਕਾਮਯਾਬ ਹੋ ਰਹੇ ਹਨ।
ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ਨੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਦਾ ਵਿਦੇਸ਼ਾਂ ਵਿੱਚ ਜਾਣਾ ਤੇ ਉੱਥੇ ਜਾ ਕੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਨਾਲ ਲਗਾਵ ਰੱਖਣਾ ਇੱਕ ਸ਼ੁੱਭ ਸ਼ਗਨ ਹੈ। ਸੋਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਅਮਰੀਕਾ ਵਿੱਚ ਜਿੰਦਗੀ ਬਹੁਤ ਕਠਿਨ ਹੈ। ਪਰ ਫਿਰ ਵੀ ਉੱਥੇ ਮਿਲਦੀਆਂ ਸੁੱਖ ਸਹੂਲਤਾਂ ਅਤੇ ਵਧੀਆ ਪ੍ਰਬੰਧਕੀ ਢਾਂਚੇ ਕਾਰਨ ਜਿਹੜਾ ਵੀ ਅਮਰੀਕਾ ਜਾਂਦਾ ਹੈ, ਉਸਦਾ ਵਾਪਸ ਆਉਣ ਨੂੰ ਦਿਲ ਨਹੀਂ ਕਰਦਾ। ਭਾਰਤੀਆਂ ਦੇ ਵਿਦੇਸ਼ਾਂ ਵੱਲ ਵਧਦੇ ਰੁਝਾਨ ਨੂੰ ਠੱਲ ਪਾਉਣ ਲਈ ਇੱਥੋਂ ਦੇ ਪੁਲਿਸ ਪ੍ਰਬੰਧ ਅਤੇ ਪ੍ਰਬੰਧਕੀ ਢਾਂਚੇ ਵਿੱਚ ਕ੍ਰਾਂਤੀਕਾਰੀ ਤਬਦੀਲੀ ਕਰਨ ਦੇ ਨਾਲ-ਨਾਲ ਇੱਥੇ ਵੀ ਉਹੋ ਜਿਹੀਆਂ ਸਿਹਤ, ਸਿੱਖਿਆ, ਰੁਜ਼ਗਾਰ ਸਹੂਲਤਾਂ ਮੁਹਈਆ ਕਰਨ ਅਤੇ ਉੱਥੋਂ ਵਰਗਾ ਪੁਲਿਸ ਪ੍ਰਬੰਧ ਕਰਨ ਦੀ ਲੋੜ ਹੈ।
ਮੰਚ ਸੰਚਾਲਨ ਕਰਦੇ ਹੋਏ ਪ੍ਰਿੰ: ਅੰਮ੍ਰਿਤ ਲਾਲ ਮੰਨਣ ਨੇ ਕਿਹਾ ਕਿ ਬਣੇ ਕਾਨੂੰਨਾਂ ਨੂੰ ਜੇ ਵਿਦੇਸ਼ਾਂ ਵਾਂਗ ਚੰਡੀਗੜ੍ਹ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਤਾਂ ਪੰਜਾਬ ਵਿੱਚ ਅਜਿਹੇ ਕਾਨੂੰਨਾਂ ਨੂੰ ਲਾਗੂ ਨਾ ਕਰਨਾ ਪੰਜਾਬ ਪ੍ਰਸ਼ਾਸਨ ਦੀ ਨਾਕਾਮੀ ਦਾ ਸਬੂਤ ਹੈ।
ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਜਨਰਲ ਸਕੱਤਰ ਪ੍ਰੋ: ਪ੍ਰਭਦਿਆਲ ਸਿੰਘ ਰੰਧਾਵਾ ਨੇ ਕਿਹਾ ਕਿ ਸਾਨੂੰ ਆਉਣ ਵਾਲੀ ਨਸਲ ਲਈ ਪੜ੍ਹਨ ਦੀਆਂ ਰੂਚੀਆਂ ਉਭਾਰਨੀਆਂ ਚਾਹੀਦੀਆਂ ਹਨ। ਅਮਰੀਕਾ, ਕਨੇਡਾ, ਇੰਗਲੈਂਡ ਵਰਗੇ ਤਰੱਕੀਸ਼ੁੱਦਾ ਦੇਸ਼ਾਂ ਨੇ ਆਪਣੀ ਆਉਣ ਵਾਲੀ ਨਸਲ ਵਿੱਚ ਇਹ ਰੂਚੀਆਂ ਉਭਾਰਨ ਲਈ ਛੋਟੇ ਹੁੰਦਿਆਂ ਤੋਂ ਫੋਟੋਗ੍ਰਾਫਰੀ ਵਾਲੀਆਂ ਕਿਤਾਬਾਂ ਤਿਆਰ ਕਰਵਾ ਕੇ ਲਾਇਬ੍ਰੇਰੀਆਂ ਵਿੱਚ ਵੱਡੀ ਗਿਣਤੀ ਵਿੱਚ ਉਪਲੱਭਧ ਕਰਵਾਈਆਂ ਹਨ। ਇਹ ਸਾਰੀਆਂ ਪੁਸਤਕਾਂ ਚੀਨ ਵਿੱਚ ਛੱਪਦੀਆਂ ਹਨ। ਸਾਡੇ ਦੇਸ਼ ਲਈ ਵੀ ਇਹਨਾਂ ਨੂੰ ਪ੍ਰਕਾਸ਼ਤ ਕਰਨਾ ਮੁਸ਼ਕਿਲ ਨਹੀਂ। ਭਾਰਤ ਸਰਕਾਰ ਨੂੰ ਇਸ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ।
ਸ਼੍ਰੋਮਣੀ ਪੰਜਾਬੀ ਕਵੀ ਸ. ਪਰਮਿੰਦਰਜੀਤ ਨੇ ਜਪਾਨ, ਅਮਰੀਕਾ, ਕਨੇਡਾ, ਇੰਗਲੈਂਡ ਆਦਿ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੂਲਿਤ ਕਰਨ ਲਈ ਯਤਨਸ਼ੀਲ ਲੇਖਕਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਮੋਹਨ ਸਿੰਘ ਨੇ ਪਰਵਾਸ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਇਹ ਵਿਸ਼ਵ ਵਿਆਪੀ ਵਰਤਾਰਾ ਹੈ ,ਇਸ ਲਈ ਅਸੀਂ ਪੰਜਾਬੀਆਂ ਨੂੰ ਬਾਹਰ ਜਾਣੋ ਰੋਕ ਨਹੀਂ ਸਕਦੇ। ਅਮਰੀਕਾ ਨਿਵਾਸੀ ਸ੍ਰੀ ਰਾਜ ਕੁਮਾਰ ਨੇ ਅਮਰੀਕਾ ਵਿੱਚ ਮੱਲਾਂ ਮਾਰਨ ਵਾਲੇ ਪੰਜਾਬੀਆਂ ‘ਤੇ ਚਾਨਣਾ ਪਾਇਆ। ਡਾ. ਹਜ਼ਾਰਾ ਸਿੰਘ ਚੀਮਾ ਨੇ ਕਾਨੂੰਨਾਂ ਦੀ ਪਾਲਣਾ ਕਰਨ ਨੂੰ ਇਕ ਪਵਿੱਤਰ ਕਾਰਜ ਸਮਝਦੇ ਹੋਏ ਇਹਨਾਂ ਦੀ ਪਾਲਣਾ ਕਰਨ ਤੇ ਜੋਰ ਦਿੱਤਾ ਤੇ ਪੰਜਾਬ ਦਾ ਅਜਿਹਾ ਵਾਤਾਵਰਣ ਉਸਾਰਨ ਲਈ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਤਾਂ ਜੋ ਸਾਡੇ ਬੱਚਿਆਂ ਨੂੰ ਵਿਦੇਸ਼ਾਂ ਅਤੇ ਦੂਜੇ ਸੁਬਿਆਂ ਵਿੱਚ ਜਾਣ ਦੀ ਲੋੜ ਹੀ ਨਾ ਪਵੇ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਿੰ. ਅਨੂਪ ਸਿੰਘ, ਪ੍ਰੋ. ਜੋਗਿੰਦਰ ਸਿੰਘ ਜੋਗੀ,ਮਾਸਟਰ ਅਜੀਤ ਸਿੰਘ, ਸ੍ਰ. ਹਰਭਜਨ ਸਿੰਘ ਖੇਮਕਰਨੀ,ਸ. ਨਿਰਮਲ ਸਿੰਘ ਧੀਰ, ਸ. ਬਿਕਰਮਜੀਤ ਸਿੰਘ, ਸ੍ਰ. ਨਰਿੰਦਰ ਸਿੰਘ, ਸ੍ਰੀ ਗੁਰਜਿੰਦਰ ਮਾਹਲ, ਸੰਤੋਖ ਸਿੰਘ ਤਪੱਸਵੀ, ਰੇਸ਼ਮ ਸਿੰਘ,ਸ੍ਰ. ਅਜਾਇਬ ਸਿੰਘ, ਸ੍ਰ. ਮਨਪ੍ਰੀਤ ਸਿੰਘ, ਸ੍ਰੀ ਰਾਜਵੀਰ ਰਾਜਪੂਤ ਸ਼ਾਮਿਲ ਸਨ।