– ਅਕਸ਼ੈ ਕੁਮਾਰ ਤੇ ਦੀਪਿਕਾ ਪਾਦੂਕੋਣ ਪੇਸ਼ ਕਰਨਗੇ ਰੰਗਾਰੰਗ ਪ੍ਰੋਗਰਾਮ
– ਪੁਲਿਸ ਅਤੇ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਵੱਲੋਂ ਮੈਦਾਨ ਦਾ ਦੌਰਾ
ਲੁਧਿਆਣਾ, 17 ਨਵੰਬਰ – ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਦੂਜੇ ਵਿਸ਼ਵ ਕਬੱਡੀ ਕੱਪ ਦੇ ਲੁਧਿਆਣਾ ‘ਚ 20 ਨਵੰਬਰ ਨੂੰ ਹੋਣ ਵਾਲੇ ਫਾਈਨਲ ਮੈਚਾਂ ਅਤੇ ਸਮਾਪਤੀ ਸਮਾਗਮ ਸਬੰਧੀ ਸਭ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਵਧੇਰੇ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ 17 ਨਵੰਬਰ ਸ਼ਾਮ ਤੱਕ ਗੁਰੂ ਨਾਨਕ ਸਟੇਡੀਅਮ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੋਵੇਗਾ। ਉਨ੍ਹਾਂ ਸਟੇਡੀਅਮ ਵਿਖੇ ਪ੍ਰਸਾਸ਼ਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਤਿਵਾੜੀ ਨੇ ਦੱਸਿਆ ਕਿ ਸਮਾਪਤੀ ਸਮਾਗਮ ਵਾਲੇ ਦਿਨ ਸਟੇਡੀਅਮ ‘ਚ ਖਾਸ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਟੇਡੀਅਮ ‘ਚ 25 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਪੀਣ ਵਾਲੇ ਪਾਣੀ ਲਈ ਪੂਰੇ ਸਟੇਡੀਅਮ ‘ਚ 10 ਟੈਂਕਰ ਲਗਾਏ ਜਾਣਗੇ। ਦਰਸ਼ਕਾਂ ਲਈ 40 ਅਸਥਾਈ ਟਾਇਲਟਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ‘ਤੇ 12 ਵੱਡੀਆਂ ਸਕਰੀਨਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਰਾਹਗੀਰ ਵੀ ਕਬੱਡੀ ਮੈਚਾਂ ਅਤੇ ਰੰਗਾਰੰਗ ਸਮਾਗਮ ਦਾ ਆਨੰਦ ਮਾਣ ਸਕਣ।
ਸ੍ਰੀ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਿਕ ਸਮਾਪਤੀ ਸਮਾਗਮ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ ਲਈ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੂਕੋਣ ਸਮੇਤ ਹੋਰ ਨਾਮੀਂ ਕਲਾਕਾਰ ਤੇ ਗਾਇਕ ਪ੍ਰੋਗਰਾਮ ਪੇਸ਼ ਕਰਨਗੇ। ਇੱਥੇ ਦੱਸਣਯੋਗ ਹੈ ਕਿ ਸਮਾਪਤੀ ਸਮਾਗਮ ਦੇ ਰੰਗਾਰੰਗ ਸਮਾਗਮ ਦਾ ਪ੍ਰਬੰਧ ਉਸੇ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ ਜਿਸਨੇ ਨਵੀਂ ਦਿੱਲੀ ਵਿਖੇ ਸਾਲ 2010 ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਸਮਾਗਮਾਂ ਦਾ ਪ੍ਰਬੰਧ ਕੀਤਾ ਸੀ।
ਪੁਲਿਸ ਕਮਿਸ਼ਨਰ ਡਾ. ਐਸ.ਐਸ. ਚੌਹਾਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਸੁਰੱਖਿਆ ਦੇ ਲਿਹਾਜ਼ ਨਾਲ ਵੀ ਪ੍ਰਬੰਧ ਪੂਰੇ ਪੁਖਤਾ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੈਦਾਨ ‘ਚ ਖਾਸ ਬੈਰੀਕੇਡ ਲਗਾਏ ਗਏ ਹਨ ਅਤੇ ਟ੍ਰੈਫਿਕ ਨੂੰ ਸੁਚਾਰੂ ਤਰੀਕੇ ਨਾਲ ਚੱਲਦੀ ਰੱਖਣ ਲਈ ਤੇ ਪਾਰਕਿੰਗ ਲਈ ਥਾਂਵਾਂ ਨਿਸ਼ਚਿਤ ਕਰ ਲਈਆਂ ਗਈਆਂ ਹਨ। ਵਿਸ਼ੇਸ਼ ਮਹਿਮਾਨਾਂ, ਮੀਡੀਆ ਕਰਮੀਆਂ ਅਤੇ ਆਮ ਦਰਸ਼ਕਾਂ ਦੇ ਬੈਠਣ ਲਈ ਸੀਟਾਂ ਵੀ ਤੈਅ ਕਰ ਲਈਆਂ ਗਈਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਡ ਵਿਭਾਗ ਦੇ ਡਾਇਰੈਕਟਰ ਪਰਗਟ ਸਿੰਘ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਵਧੀਕ ਡਿਪਟੀ ਕਮਿਸ਼ਨਰ ਐਸ.ਆਰ. ਕਲੇਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰਦੀਪ ਅਗਰਵਾਲ, ਡੀ.ਸੀ.ਪੀ. ਆਸ਼ੀਸ਼ ਚੌਧਰੀ, ਐਸ.ਡੀ.ਐਮ. (ਪੂਰਬੀ ) ਅਜੈ ਸੂਦ, ਜਾਇੰਟ ਕਮਿਸ਼ਨਰ ਐਮ.ਐਸ. ਜੱਗੀ, ਮੈਡਮ ਬਬੀਤਾ ਕਲੇਰ, ਵੀ.ਕੇ. ਗੁਪਤਾ, ਸਿਵਲ ਸਰਜਨ ਡਾ. ਸੁਭਾਸ਼ ਬੱਤਾ, ਡਿਪਟੀ ਸਿਵਲ ਸਰਜਨ ਡਾ. ਯਸ਼ ਪਾਲ ਮਹਿਤਾ, ਜ਼ਿਲ੍ਹਾ ਖੇਡ ਅਫਸਰ ਸੁਰਜੀਤ ਸਿੰਘ ਸਮੇਤ ਜ਼ਿਲ੍ਹੇ ਦੇ ਸਾਰੇ ਉੱਚ ਪ੍ਰਸਾਸ਼ਨਿਕ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ।