November 17, 2011 admin

ਏ.ਡੀ.ਸੀ. ਵਿਕਾਸ ਦੀ ਪ੍ਰਧਾਨਗੀ ਹੇਠ ਜਨ ਸਿਹਤ ਅਤੇ ਪੁਲਿਸ ਵਿਭਾਗ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ

ਫਤਹਿਗੜ੍ਹ ਸਾਹਿਬ, 17 ਨਵੰਬਰ – ਏ.ਡੀ.ਸੀ. ਵਿਕਾਸ ਸ: ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਜ਼ਿਲ੍ਹਾ ਪੱਧਰ ਦੀਆਂ ਸਲਾਹਕਾਰ ਕਮੇਟੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਜਨ ਸਿਹਤ ਵਿਭਾਗ ਨਾਲ ਸਬੰਧਤ ਮੀਟਿੰਗ ਦੌਰਾਨ ਏ.ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹੇ ਦੇ 435 ਪਿੰਡਾਂ ਵਿੱਚ ਜਨ ਸਿਹਤ ਵਿਭਾਗ ਵੱਲੋਂ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਜਦੋਂ ਕਿ ਬਾਕੀ ਰਹਿੰਦੇ 7 ਪਿੰਡਾਂ ਵਿੱਚ ਵੀ ਦਸੰਬਰ ਮਹੀਨੇ ਦੇ ਅੰਤਰ ਤੱਕ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਹਿਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਰਿਊਣਾ ਉੱਚਾ ਅਤੇ ਰਿਊਣਾ ਨੀਵਾਂ ਵਿਖੇ ਪਾਣੀ ਵਿੱਚ ਫਲੋਰਾਈਡ ਦੀ ਮਾਤਰਾ ਅਧਿੱਕ ਹੋਣ ਕਰਕੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉੱਥੇ ਤੁਰੰਤ ਇਨ੍ਹਾਂ ਪਿੰਡਾਂ ਦੀਆਂ ਜਲ ਸਪਲਾਈ ਸਕੀਮਾਂ ਤੇ ਆਰ.ਓ ਸਿਸਟਮ ਲਗਾਇਆ ਜਾਵੇ ਤਾਂ ਜੋ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਸਿਹਤ ਤੇ ਫਲੋਰਾਈਡ ਦਾ ਮਾੜਾ ਪ੍ਰਭਾਵ ਨਾ ਪਵੇ।

               ਏ.ਡੀ.ਸੀ. ਵਿਕਾਸ ਨੇ ਦੱਸਿਆ ਕਿ ਪਿੰਡਾਂ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਜਨ ਸਿਹਤ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਆਧੁਨਿਕ ਸਹੂਲਤਾਂ ਵਾਲੇ 2200 ਲੋੜਵੰਦ ਪਰਿਵਾਰਾਂ ਦੇ ਘਰਾਂ ਵਿੱਚ 2 ਕਰੋੜ 64 ਲੱਖ ਰੁਪਏ ਦੀ ਲਾਗਤ ਨਾਲ 2200 ਪਖਾਨਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਹਨਾਂ ਵਿੱਚੋਂ ਹੁਣ ਤੱਕ ਸਾਢੇ ਅੱਠ ਸੌ ਪਖਾਨੇ ਬਣਾਏ ਜਾ ਚੁੱਕੇ ਹਨ। ਕੁਝ ਕਮੇਟੀ ਮੈਬਰਾਂ ਨੇ ਸੁਝਾਅ ਦਿੱਤਾ ਕਿ ਜਨ ਸਿਹਤ ਵਿਭਾਗ ਵੱਲੋਂ ਪਿੰਡਾਂ ਵਿੱਚ ਉਸਾਰੀਆਂ ਗਈਆਂ ਜਲ ਸਪਲਾਈ ਸਕੀਮਾਂ ਦੀਆਂ ਪੁਰਾਣੀਆਂ ਪਾਈਪਾਂ ਜੋ ਕਿ ਲੀਕੇਜ ਕਾਰਨ ਕੰਡਮ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਤੁਰੰਤ ਬਦਲਿਆਜਾਵੇ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਉਪਲਬਧ ਹੋ ਸਕੇ।

               ਪੁਲਿਸ ਵਿਭਾਗ ਨਾਲ ਸਬੰਧਤ ਜ਼ਿਲ੍ਹਾ ਪੱਧਰ ਦੀ ਸਲਾਹਕਾਰ ਕਮੇਟੀ ਦੇ ਮੈਬਰਾਂ ਨੇ ਸੁਝਾਅ ਦਿੱਤਾ ਕਿ ਜਿੱਥੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੜਕਾਂ ਤੇ ਜਿੱਥੇ ਕਿ ਸਕੂਲ ਬਣੇ ਹੋਏ ਹਨ ਅਤੇ ਬਾਜਾਰਾਂ ਦੀਆਂ ਸੜਕਾਂ  ਦੀਆਂ ਬਰਮਾਂ ਤੋਂ ਪਹਿਲ ਦੇ ਆਧਾਰ ਤੇ ਨਜਾਇਜ਼ ਕਬਜੇ ਹਟਾਏ ਜਾਣੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸੜਕ ਹਾਦਸੇ ਤੋਂ ਬਚਿਆ ਜਾ ਸਕੇ। ਇਸ ਸਬੰਧੀ ਏ.ਡੀ.ਸੀ. ਵਿਕਾਸ ਨੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਕੁਝ ਮੈਬਰਾਂ ਨੇ ਧਿਆਨ ਵਿੱਚ ਲਿਆਂਦਾ ਕਿ ਪ੍ਰਾਈਵੇਟ ਬੱਸ ਚਾਲਕ ਜਿਲ੍ਹੇ ਦੀਆਂ ਭੀੜ ਭੜੱਕੇ ਵਾਲੀਆਂ ਸੜਕਾਂ ਤੇ ਵੀ ਨਿਰਧਾਰਤ ਗਤੀ ਸੀਮਾਂ ਤੋਂ ਤੇਜ ਰਫਤਾਰ ਵਿੱਚ ਬੱਸਾਂ ਚਲਾ ਰਹੇ ਹਨ ਅਤੇ ਪ੍ਰੈਸ਼ਰ ਹਾਰਨਾਂ ਦੀ ਵੀ ਅੰਧਾ ਧੁੰਦ ਵਰਤੋਂ ਕੀਤੀ ਜਾਂਦੀ ਹੈ। ਇਸ ਸਬੰਧੀ ਏ.ਡੀ.ਸੀ. ਨੇ ਜ਼ਿਲ੍ਹਾ ਟਰਾਂਸਪੋਰਟ ਅਫਸਰ ਅਤੇ ਜ਼ਿਲ੍ਹਾ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ।  

               ਇਸ ਮੀਟਿੰਗ ਵਿੱਚ ਐਸ.ਪੀ.ਡੀ ਸ: ਗੁਰਪ੍ਰੀਤ ਸਿੰਘ, ਕਾਰਜ ਸਾਧਕ ਅਫਸਰ ਸਰਹਿੰਦ ਸ੍ਰੀ ਭੂਸ਼ਣ ਸਿੰਘ ਰਾਣਾ, ਜ਼ਿਲ੍ਹਾ ਟਰਾਂਸਪੋਰਟ ਅਫਸਰ ਸ: ਪ੍ਰੇਮ ਸਿੰਘ ਸੈਣੀ,  ਐਕਸੀਅਨ ਜਨ ਸਿਹਤ ਵਿਭਾਗ ਸ੍ਰੀ ਆਰ.ਪੀ. ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਜਗਪਾਲ ਸਿੰਘ,ਜ਼ਿਲ੍ਹਾ ਹੈਲਥ ਅਫਸਰ ਡਾ: ਗਰਜਾ ਸਿੰਘ, ਸ: ਹਰਿੰਦਰ ਸਿੰਘ ਸਿੱਧੂ, ਸ: ਸਰਬਜੀਤ ਸਿੰਘ,ਸ੍ਰੀ ਸ਼ਸ਼ੀ ਭੂਸ਼ਣ ਗੁਪਤਾ, ਸ੍ਰ: ਗੁਰਚਰਨ ਸਿੰਘ, ਸ੍ਰੀ ਸੁਰੇਸ਼ ਕੁਮਾਰ ਲੋਧੀ, ਸ੍ਰ: ਦਲਵੀਰ ਸਿੰਘ, ਸ੍ਰ: ਜਸਮੇਰ ਸਿੰਘ ਤੋਂ ਇਲਾਵਾ ਅਧਿਕਾਰੀ ਅਤੇ ਸਲਾਹਕਾਰ ਕਮੇਟੀ ਮੈਂਬਰ ਸ਼ਾਮਲ ਸਨ।

Translate »