ਤਲਵੰਡੀ ਸਾਬੋ ਹਲਕੇ ਦੇ ਪਿੰਡਾਂ ਵਿਚ ਕੀਤੇ ਸੰਗਤ ਦਰਸ਼ਨ
ਬਠਿੰਡਾ, 17 ਨਵੰਬਰ – ਦੇਸ਼ ਅੰਦਰ ਤੇਲ ਦੀਆਂ ਕੀਮਤਾਂ ਦੇ ਅਸਮਾਨੀਂ ਚੜ੍ਹਨ ਤੋਂ ਬਾਅਦ ਪੂਰੇ ਮੁਲਕ ਵਿੱਚ ਆਲੋਚਨਾ ਦਾ ਸ਼ਿਕਾਰ ਹੋਈ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਪੈਟਰੋਲ ਦੀਆਂ ਕੀਮਤਾਂ 2.22 ਰੁਪਏ ਪ੍ਰਤੀ ਲਿਟਰ ਘਟਾਉਣ ਨੂੰ ਮਾਮੂਲੀ ਕਰਾਰ ਦਿੰਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਵੱਲੋਂ ਪੈਟਰੋਲ ਦੀਆਂ ਘਟਾਈਆਂ ਇਹ ਕੀਮਤਾਂ ਅਸਲ ਵਿੱਚ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਵਧਕੇ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀਂ ਦਾ ਸਾਥ ਦੇਣ ਦੇ ਝੂਠੇ ਦਾਅਵੇ ਕਰਨ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਆਮ ਆਦਮੀ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਬੀਬੀ ਬਾਦਲ ਨੇ ਨਾਲ ਹੀ ਕਿਹਾ ਕਿ ਕੇਂਦਰ ਨੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਿਲਕੁਲ ਵੀ ਘਾਟ ਨਹੀਂ ਲਿਆਂਦੀ ਜਿਹੜੀ ਕਿ ਕਿਸਾਨੀ, ਟ੍ਰਾਂਸਪੋਰਟਰਾਂ ਤੇ ਆਮ ਜਨਤਾ ਲਈ ਲੋੜੀਂਦੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਆਮ ਆਦਮੀਂ ਦੇ ਦਰਦ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਇਹ ਗੱਲ ਮੈਂਬਰ ਪਾਰਲੀਮੈਂਟ ਨੇ ਅੱਜ ਤਲਵੰਡੀ ਸਾਬੋ ਅਤੇ ਇਸ ਹਲਕੇ ਦੇ ਪਿੰਡਾਂ ਵਿਖੇ ਕੀਤੇ ਪ੍ਰੋਗਰਾਮਾਂ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਆਖੀ।
ਇਨ੍ਹਾਂ ਪ੍ਰੋਗਰਾਮਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰੀ ਅਮਰਜੀਤ ਸਿੰਘ ਸਿੱਧੂ, ਸਾਬਕਾ ਵਿਧਾਇਕ ਸ੍ਰੀ ਗੁਰਜੰਟ ਸਿੰਘ ਕੁੱਤੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਭਿਨਵ ਤ੍ਰਿਖਾ, ਐਸ.ਡੀ.ਐਮ ਤਲਵੰਡੀ ਸਾਬੋ ਸ੍ਰੀ ਸੁਖਦੇਵ ਸਿੰਘ ਤੇ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ। ਅੱਜ ਦੇ ਪ੍ਰੋਗਰਾਮਾਂ ਦੌਰਾਨ ਉਨ੍ਹਾਂ ਤਲਵੰਡੀ ਸਾਬੋ, ਸੇਖਪੁਰਾ, ਲਹਿਰੀ, ਭਾਗੀਵਾਂਦਰ ਤੇ ਬੰਗੀ ਕਲਾਂ ਵਿਖੇ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਰਕਾਰੀ ਸਕੂਲਾਂ ਦੀਆਂ ਗਿਆਰਵੀਂ ਤੇ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਤੇ ਤਲਵੰਡੀ ਸਾਬੋ ਦੇ ਯਾਤਰੀ ਨਿਵਾਸ ਵਿਖੇ ਮੋਘਿਆਂ ਤੇ ਟਿਊਬਵੈਲਾਂ ਲਈ ਚੈੱਕ ਵੰਡੇ।
ਬੀਬੀ ਬਾਦਲ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵੱਧ ਰਹੀਆਂ ਹਨ ਜਿਨ੍ਹਾਂ ਕਰਕੇ ਜਿਥੇ ਆਮ ਲੋਕਾਂ ਦੀ ਜੇਬ ਉੱਪਰ ਸਿੱਧਾ ਬੋਝ ਪਿਆ ਹੈ ਉਥੇ ਟ੍ਰਾਂਸਪੋਰਟ ਦੇ ਖਰਚਿਆਂ ਕਾਰਨ ਅਸਿੱਧੇ ਰੂਪ ਵਧੀਆਂ ਘਰੇਲੂ ਵਸਤਾਂ ਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਗੁਜ਼ਾਰਾ ਹੋਰ ਵੀ ਔਖਾ ਕਰ ਦਿੱਤਾ ਹੈ। ਖਾਲਸਾ ਵਿਰਾਸਤ ਕੰਪਲੈਕਸ ਦਾ ਉਦਘਾਟਨ ਕਰਨ ਲਈ ਲਈ ਪ੍ਰਧਾਨ ਮੰਤਰੀ ਨੂੰ ਪੰਜਾਬ ਆਉਣ ਤੋਂ ਰੋਕੇ ਜਾਣ ਦੇ ਮੁੱਦੇ ਉੱਪਰ ਬੋਲਦਿਆਂ ਉਨ੍ਹਾਂ ਅੱਜ ਫੇਰ ਦੁਹਰਾਇਆ ਕਿ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਪਾਸ ਸ਼ਿਕਾਇਤ ਕਰਕੇ ਪ੍ਰਧਾਨ ਮੰਤਰੀ ਨੂੰ ਰੋਕ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸੌੜੀ ਸੋਚ ਦਾ ਵਿਖਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮੁਕੰਮਲ ਹੋਣਾ ਪੂਰੀ ਕੌਮ ਲਈ ਮਾਣ ਵਾਲੀ ਗੱਲ ਹੈ ਤੇ ਇਹ ਕੰਪਲੈਕਸ ਪੂਰੀ ਦੁਨੀਆ ਵਿੱਚ ਮਿਸਾਲ ਬਣੇਗਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਪ੍ਰਾਜੈਕਟ ਦਾ ਉਦਘਾਟਨ ਕਾਂਗਰਸ ਸਰਕਾਰ ਮੌਕੇ ਪਹਿਲਾਂ ਹੀ ਕੀਤੇ ਜਾ ਰਹੇ ਦਾਅਵੇ ਬਾਰੇ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਵੱਲੋਂ ਇਹ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਹੋਰਾਂ ਵੱਲੋਂ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਮੁੜ ਉਨ੍ਹਾਂ ਇਸ ਥਾਂ ਆਉਣ ਦੀ ਖੇਚਲ ਕਿਉੰ ਨਹੀਂ ਕੀਤੀ। ਮੈਂਬਰ ਪਾਰਲੀਮੈਂਟ ਨੇ ਇਹ ਵੀ ਕਿਹਾ ਸਵਿਸ ਬੈਂਕ ਵਿਚ ਪੰਜਾਬ ਦੇ ਇੱਕ ਕਾਂਗਰਸੀ ਮੈਂਬਰ ਪਾਰਲੀਮੈਂਟ ਦੇ ਪਏ ਕਰੋੜਾਂ ਰੁਪਏ ਦੇ ਕਾਲੇ ਧਨ ਦੇ ਮਸਲੇ ਸਪੱਸ਼ਟ ਕਰਨ ਲਈ ਕੇਂਦਰ ਨੂੰ ਅਜਿਹੇ ਆਗੂ ਦਾ ਨਾਂ ਲੋਕਾਂ ਅੱਗੇ ਜ਼ਾਹਰ ਕਰਨਾ ਚਾਹੀਦਾ ਹੈ।
ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਬਾਰੇ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਤੇ ਆਟਾ ਦਾਲ ਸਕੀਮ ਵਰਗੇ ਅਨੇਕਾ ਸਮਾਜ ਭਲਾਈ ਦੇ ਕੰਮ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਪੰਜਾਬ ਵਿੱਚ ਸਥਾਪਤ ਕਰਵਾ ਕੇ ਜਿਥੇ ਸੂਬਾ ਸਰਕਾਰ ਨੇ ਉਦਯੋਗਿਕ ਖੇਤਰ ਵਿੱਚ ਮੀਲ ਪੱਥਰ ਗੱਡਿਆ ਹੈ ਉਥੇ ਹਜ਼ਾਰਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਮੈਰਿਟ ਦੇ ਅਧਾਰ ਉੱਪਰ ਨੌਕਰੀਆਂ ਵੀ ਦਿੱਤੀਆਂ ਹਨ।