November 17, 2011 admin

ਪੰਜਾਬ ਸਰਕਾਰ ਦੀ ਮਾਈ ਭਾਗੋ ਵਿਦਿਆ ਸਕੀਮ ਤਹਿਤ 4 ਸਕੂਲਾਂ ਦੀਆਂ 762 ਲੋੜਵੰਦ ਵਿਦਿਆਰਥਣਾਂ ਨੂੰ ਮੁਫਤ ਸਾਈਕਲ ਦਿੱਤੇ

ਨਾਭਾ, ਭਾਦਸੋਂ (ਪਟਿਆਲਾ), 17 ਨਵੰਬਰ –   ” ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਰਾਜ ਵਿੱਚ ਲੜਕੀਆਂ ਦੀ ਸਾਖਰਤਾ ਦਰ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਵਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਮਾਈ ਭਾਗੋ ਵਿਦਿਆ ਸਕੀਮ ਗਰੀਬ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ । ਰਾਜ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਲੜਕੀਆਂ ਨੂੰ ਬਿਲਕੁਲ ਮੁਫਤ ਵਿਦਿਆ ਦੇਣ ਦੀ ਸਹੂਲਤ ਤੋਂ ਬਾਅਦ 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲ ਪ੍ਰਦਾਨ ਕੀਤੇ ਜਾਣਾ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ । ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਅੱਜ ਨਾਭਾ, ਭਾਦਸੋਂ, ਪਿੰਡ ਢੀਂਗੀ ਅਤੇ ਪਿੰਡ ਕਕਰਾਲਾ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 762 ਲੋੜਵੰਦ ਲੜਕੀਆਂ ਨੂੰ ਸਾਈਕਲ ਦਿੱਤੇ ਜਾਣ ਮੌਕੇ ਆਯੋਜਿਤ ਸਮਾਗਮ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਰਾਜ ਸਰਕਾਰ ਆਉਂਦੇ ਸਮੇਂ ਵਿੱਚ 8ਵੀਂ ਤੋਂ ਲੈ ਕੇ 10ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੂੰ ਵੀ ਮੁਫਤ ਸਾਈਕਲ ਸਹੂਲਤ ਪ੍ਰਦਾਨ ਕਰਨ ‘ਤੇ ਵਿਚਾਰ ਕਰ ਰਹੀ ਹੈ ।

         ਸ਼੍ਰੀ ਗਰਗ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ 5066 ਵਿਦਿਆਰਥਣਾਂ ਨੂੰ ਸਾਈਕਲ ਮੁਹੱਈਆ ਕਰਵਾਏ ਜਾ ਰਹੇ ਹਨ ਜਿਸ ਨਾਲ ਦੂਰੋਂ ਆਉਣ ਵਾਲੀਆਂ ਲੜਕੀਆਂ ਨੂੰ ਸਕੂਲ ਜਾਣ ਲਈ ਇੱਕ ਵੱਡੀ ਸਹੂਲਤ ਪ੍ਰਾਪਤ ਹੋ ਜਾਵੇਗੀ । ਸ਼੍ਰੀ ਗਰਗ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਚੰਗੀ ਤਰ੍ਹਾਂ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਪਰਿਵਾਰਾਂ ਤੇ ਸਕੂਲ ਦਾ ਨਾਮ ਰੌਸ਼ਨ ਕਰ ਸਕਣ । ਉਨ੍ਹਾਂ ਇਹ ਵੀ ਕਿਹਾ ਕਿ ਲੜਕੀਆਂ ਅੱਜ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਹਨ ਅਤੇ ਕਿੱਤਾਮੁਖੀ ਕੋਰਸਾਂ ਵਿੱਚ ਦਾਖਲ ਹੋਣ ਵਾਲੀਆਂ ਲੜਕੀਆਂ ਦੀ ਵਧਦੀ ਦਰ ਵੀ ਇਹ ਸਾਬਿਤ ਕਰਦੀ ਹੈ ਕਿ ਰਾਜ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਇਨ੍ਹਾਂ ਲੜਕੀਆਂ ਲਈ ਕਾਫੀ ਲਾਹੇਵੰਦ ਸਾਬਿਤ ਹੋਣਗੀਆਂ । ਇਸ ਮੌਕੇ ਸ਼੍ਰੀ ਗਰਗ ਨੇ ਨਾਭਾ ਵਿਖੇ 419, ਭਾਦਸੋਂ ਵਿਖੇ 216, ਢੀਂਗੀ ਵਿਖੇ 81 ਅਤੇ ਕਕਰਾਲਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ 46 ਸਾਈਕਲ ਲੋੜਵੰਦ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੇ । ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਦੀਆਂ 2207 ਵਿਦਿਆਰਥਣਾਂ ਨੂੰ ਸਾਈਕਲ ਪ੍ਰਦਾਨ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਲੋੜਵੰਦ ਵਿਦਿਆਰਥਣਾਂ ਨੂੰ ਵੀ ਜਲਦੀ ਹੀ ਸਾਈਕਲ ਦੇ ਦਿੱਤੇ ਜਾਣਗੇ ।  
         ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼੍ਰੀ ਮੱਖਣ ਸਿੰਘ ਲਾਲਕਾ, ਸਾਬਕਾ ਵਿਧਾਇਕ ਸ਼੍ਰੀ ਬਲਵੰਤ ਸਿੰਘ ਸ਼ਾਹਪੁਰ, ਸਰਕਲ ਪ੍ਰਧਾਨ ਸ਼੍ਰੀ ਪ੍ਰਿਥੀ ਰਾਜ ਸਿੰਘ ਢਿੱਲੋਂ, ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਗੁਰਬਖਸ਼ ਸਿੰਘ ਭੱਟੀ, ਸ਼੍ਰੀ ਰਣਜੀਤ ਸਿੰਘ ਘੁੰਡਰ, ਸ਼੍ਰੀ ਰਜਨੀਸ਼ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਪਰਮੋਦ ਕੁਮਾਰ, ਐਸ.ਡੀ.ਐਮ. ਨਾਭਾ ਸ਼੍ਰੀਮਤੀ ਪੂਨਮਦੀਪ ਕੌਰ, ਨਾਇਬ ਤਹਿਸੀਲਦਾਰ ਸ਼੍ਰੀ ਦੀਪਕ ਭਾਰਦਵਾਜ, ਪ੍ਰਿੰਸੀਪਲ ਸਰਕਾਰੀ ਸਕੂਲ ਭਾਦਸੋਂ ਸ਼੍ਰੀ ਗੁਰਜਿੰਦਰ ਸਿੰਘ ਗਰੇਵਾਲ, ਪ੍ਰਿੰਸੀਪਲ ਸਰਕਾਰੀ ਸਕੂਲ ਨਾਭਾ ਸ਼੍ਰੀਮਤੀ ਨਿਸ਼ੀ ਜਲੋਟਾ, ਪ੍ਰਿੰਸੀਪਲ ਸਰਕਾਰੀ ਸਕੂਲ ਕਕਰਾਲਾ ਸ਼੍ਰੀਮਤੀ ਕਮਲਾ ਕੁਮਾਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ, ਅਧਿਆਪਕ ਤੇ ਪਤਵੰਤੇ ਹਾਜ਼ਰ ਸਨ ।

Translate »