November 17, 2011 admin

ਸ਼੍ਰੋਮਣੀ ਕਮੇਟੀ ਵੱਲੋਂ 8ਵਾਂ ਖ਼ਾਲਸਈ ਖੇਡ ਮੇਲਾ ਗੁਰੂ ਨਾਨਕ ਕਾਲਜ ਬੁੱਢਲਾਡਾ ਵਿਖੇ ਕਰਵਾਇਆ ਜਾਵੇਗਾ- ਦਲਮੇਘ ਸਿੰਘ

ਅੰਮ੍ਰਿਤਸਰ: 17 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਗੁਰੂ ਨਾਨਕ ਕਾਲਜ ਬੁੱਢਲਾਡਾ ਵਿਖੇ 8ਵਾਂ ਖ਼ਾਲਸਈ ਖੇਡ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਜਾਵੇਗਾ। ਪ੍ਰੈੱਸ ਰਲੀਜ ਰਾਹੀਂ ਜਾਣਕਾਰੀ ਦੇਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਦਸਿਆ ਹੈ ਕਿ 21, 22, 23 ਨਵੰਬਰ ਨੂੰ ਗੁਰੂ ਨਾਨਕ ਕਾਲਜ ਬੁੱਢਲਾਡਾ ਵਿਖੇ ਕਰਵਾਏ ਜਾ ਰਹੇ ਖ਼ਾਲਸਈ ਖੇਡ ਮੇਲੇ ਵਿਚ ਧਾਰਮਿਕ ਸ਼ਖ਼ਸੀਅਤਾਂ ਵਿਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਬਾਕੀ ਸਿੰਘ ਸਾਹਿਬਾਨ ਵੀ ਦਰਸ਼ਨ ਦੇਣਗੇ।
ਇਸ ਖ਼ਾਲਸਈ ਖੇਡ ਮੇਲੇ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ 21 ਨਵੰਬਰ ਨੂੰ ਸਵੇਰੇ 8:30 ਵਜੇ ਕਰਨਗੇ। ਇਸ ਸਮੇਂ ਰਾਜ ਸਭਾ ਮੈਂਬਰ ਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਸ. ਬਲਵਿੰਦਰ ਸਿੰਘ ਭੂੰਦੜ ਬਤੌਰ ਮੁੱਖ ਮਹਿਮਾਨ ਹੋਣਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਕਾਲਜਾਂ ਚੋਂ ਤਕਰੀਬਨ 30 ਕਾਲਜਾਂ ਦੇ ਵੱਖ-ਵੱਖ ਗੇਮਾਂ ਨਾਲ ਸਬੰਧਤ 1600 ਖਿਡਾਰੀ ਭਾਗ ਲੈਣਗੇ, ਜਿਸ ਵਿਚ 1000 ਲੜਕੀਆਂ ਤੇ 600 ਲੜਕੇ ਹੋਣਗੇ। ਸਾਰੇ ਕਾਲਜਾਂ ਦੇ ਮਾਰਚ ਪਾਸਟ ਉਪਰੰਤ ਖੇਡਾਂ ਸ਼ੁਰੂ ਹੋਣਗੀਆਂ। ਤਿੰਨ ਦਿਨ ਚਲਣ ਵਾਲੇ ਇਸ ਖਾਲਸਈ ਖੇਡ ਮੇਲੇ ਵਿਚ ਪੰਜਾਬ ਦੀ ਮਾਂ ਖੇਡ ਵਜੋਂ ਜਾਣੀ ਜਾਂਦੀ ਪੰਜਾਬ ਸਟਾਈਲ ਕੱਬਡੀ ਤੇ ਨੈਸ਼ਨਲ ਸਟਾਈਲ ਕੱਬਡੀ ਤੋਂ ਇਲਾਵਾ ਵਾਲੀਬਾਲ, ਬੈਡਮਿੰਟਨ, ਗਤਕਾ, ਬੋਕਸਿੰਗ, ਬਾਸਕਟਬਾਲ, ਹੈਂਡਬਾਲ, ਚੈਸ, ਟੇਬਲ ਟੈਨਿਸ, ਹਾਕੀ, ਖੋ-ਖੋ, ਫੁਟਬਾਲ, ਐਥਲੈਟਿਕਸ, 100, 400, 800, 1500 ਮੀਟਰ ਰੇਸ, ਜੈਬਲਿੰਗ ਥਰੋ, ਡਿਸਕਸ ਥਰੋ ਆਦਿ ਖੇਡਾਂ ਕਰਵਾਈਆਂ ਜਾਣਗੀਆਂ। ਉਕਤ ਖੇਡਾਂ ਕਰਵਾਉਣ ਲਈ 50 ਦੇ ਕਰੀਬ ਮੈਚ ਰੈਫਰੀ ਹੋਣਗੇ ਤੇ ਹਾਕੀ ਨੂੰ ਛਡ ਕੇ ਬਾਕੀ ਸਾਰੀਆਂ ਖੇਡਾਂ ਗੁਰੂ ਨਾਨਕ ਕਾਲਜ ਦੀ ਗਰਾਊਂਡ ਵਿਚ ਹੀ ਹੋਣਗੀਆਂ। ਹਾਕੀ ਮੈਚ ਗੋਰਮੈਂਟ ਸੀਨੀਅਰ ਸੈਕਡੰਰੀ ਸਕੂਲ ਬੁੱਢਲਾਡਾ ਦੀ ਗਰਾਊਂਡ ਵਿਚ ਕਰਵਾਇਆ ਜਾਵੇਗਾ।
ਐਥਲੈਟਿਕਸ ‘ਚ ਪਹਿਲੇ ਸਥਾਨ ‘ਤੇ ਆਉਣ ਵਾਲੇ ਖਿਡਾਰੀ/ਖਿਡਾਰਨ ਨੂੰ 3100/-ਰੁਪਏ, ਦੂਜੇ ਸਥਾਨ ‘ਤੇ ਆਉਣ ਵਾਲੇ ਨੂੰ 2100/-ਰੁਪਏ ਤੇ ਤੀਜੇ ਸਥਾਨ ‘ਤੇ ਆਉਣ ਵਾਲੇ ਖਿਡਾਰੀ ਨੂੰ 1100/-ਰੁਪਏ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸੇ ਤਰ੍ਹਾਂ ਓਵਰਆਲ ਪਹਿਲੇ ਸਥਾਨ ‘ਤੇ ਆਉਣ ਵਾਲੇ ਕਾਲਜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 101000/-ਰੁਪਏ, ਦੂਜੇ ਸਥਾਨ ‘ਤੇ ਆਉਣ ਵਾਲੇ ਕਾਲਜ ਨੂੰ 51000/-ਰੁਪਏ ਤੇ ਤੀਜੇ ਸਥਾਨ ‘ਤੇ ਆਉਣ ਵਾਲੇ ਕਾਲਜ ਨੂੰ 31000/-ਰੁਪਏ ਇਨਾਮ ਵਜੋਂ ਨਕਦ ਰਾਸ਼ੀ ਦਿੱਤੀ ਜਾਵੇਗੀ।
ਖ਼ਾਲਸਈ ਖੇਡ ਮੇਲੇ ‘ਚ ਗੇਮ ਵਾਈਜ਼ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 31000/-ਰੁਪਏ, ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 21000/-ਰੁਪਏ ਤੇ ਤੀਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 11000/-ਰੁਪਏ ਨਕਦ ਰਾਸ਼ੀ ਦਿੱਤੀ ਜਾਵੇਗੀ। ਇਸੇ ਤਰ੍ਹਾਂ 23 ਨਵੰਬਰ ਨੂੰ ਖ਼ਾਲਸਈ ਖੇਡ ਮੇਲੇ ਦੀ ਸਮਾਪਤੀ ਸਮਾਰੋਹ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਟੀਮਾਂ ਨੂੰ ਉਕਤ ਅਨੁਸਾਰ ਇਨਾਮ ਵੰਡਣਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਸੁਖਚੈਨ ਸਿੰਘ ਧਰਮਪੁਰਾ, ਬੀਬੀ ਜਸਵੀਰ ਕੌਰ, ਸ. ਬੂਟਾ ਸਿੰਘ, ਮਾਸਟਰ ਮਿੱਠੂ ਸਿੰਘ ਕਾਹਨੀਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ, ਐਡੀ. ਸਕੱਤਰ ਸ. ਤਰਲੋਚਨ ਸਿੰਘ, ਡਾਇਰੈਕਟਰ ਐਜ਼ੂਕੇਸ਼ਨ ਡਾ. ਗੁਰਮੋਹਨ ਸਿੰਘ ਵਾਲੀਆ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੇ ਗੁਰੂ ਨਾਨਕ ਕਾਲਜ ਬੁੱਢਲਾਡਾ ਦੇ ਐਡੀਸ਼ਨਲ ਸਕੱਤਰ ਸ. ਹਰਬੰਸ ਸਿੰਘ ਦਾਤੇਵਾਲ, ਗੁਰੂ ਨਾਨਕ ਕਾਲਜ ਦੇ ਪ੍ਰਿੰਸੀਪਲ ਸ. ਕੁਲਦੀਪ ਸਿੰਘ ਬੱਲ ਵੀ ਹਾਜ਼ਰ ਹੋਣਗੇ।

Translate »