November 18, 2011 admin

ਹਰੀ ਸਿੰਘ ਰੰਧਵਾ ਦੇ ਨਾਮ ਖੁੱਲ੍ਹਾ ਖਤ

ਭਾਈ ਹਰੀ ਸਿੰਘ ਰੰਧਵਾ ਜੀ,
ਵਾਹਿਗੁਰੂ ਜੀ ਕੀ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਮਿਤੀ- 10 ਜੇਠ 543 ਨਾਨਕਸ਼ਾਹੀ (25 ਮਈ 2011)

ਵਿਸ਼ਾ-ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਲਿਖੀ ਗਈ ਅੱਤ ਨਿਦਣਯੋਗ ਸ਼ਬਦਾਵਲੀ!

ਭਾਈ ਹਰੀ ਸਿੰਘ ਰੰਧਵਾ ਜੀ, ਆਪ ਜੀ ਨੂੰ ਯਾਦ ਹੋਵੇਗਾ ਕਿ ਅੱਜ ਤੋਂ ਦੋ ਸਾਲ ਪਹਲਿਾਂ, ਜਦੋਂ ਆਪ ਜੀ ਗਰਮੀਆਂ ਕੱਟਣ ਉੱਤਰੀ ਅਮਰੀਕਾ ਆਏ ਸੀ ਤਾਂ ਆਪ ਨੇ ਦਸਮ ਗ੍ਰੰਥ ਸਬੰਧੀ ਚਰਚਾ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਸੀ। ਆਪ ਦੇ ਸੱਦੇ ਨੂੰ ਪ੍ਰਵਾਨ ਕਰਕੇ ਪੰਥ ਦਰਦੀਆਂ ਨੇ ਜਦੋਂ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਤਾਂ ਆਪ ਜੀ ਗੁਰਦਵਾਰਾ ਸਾਹਿਬ ‘ਸਿੱਖ ਕਲਚਰਲ ਸੁਸਾਇਟੀ ਨਿਉਯਾਰਕ’ ਵਿਖੇ 11 ਮਈ 2009 ਦਿਨ ਸੋਮਵਾਰ ਨੂੰ ਆਖਰੀ ਸਮੇਂ ਇਹ ਆਖ ਕੇ ਸਟੇਜ ਛੱਡ ਗਏ ਸੀ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾਂ ਆਇਆ ਹੋਇਆ ਹੈ ਕਿ ਦਸਮ ਗ੍ਰੰਥ ਬਾਰੇ ਕਿਸੇ ਕਿਸਮ ਦੀ ਵੀ ਚਰਚਾ ਨਾਂ ਕੀਤੀ ਜਾਵੇ। ਇਹ ਵੀਡੀਓ ਅੱਜ ਵੀ ਯੂ ਟਿਉਵ ਤੇ ਵੇਖੀ/ਸੁਣੀ ਜਾ ਸਕਦੀ ਹੈ।

www.youtube.com/watch?v=F96hoDKx9JE&feature=related

ਅਕਾਲ ਤਖਤ ਸਾਹਿਬ  ਤੋਂ ਇਹ ਹੁਕਮਨਾਵਾਂ 14 ਮਈ 2000 ਨੂੰ ਆਇਆ ਸੀ। ਆਪ ਜੀ ਇਸ ਹੁਕਮਨਾਮੇਂ ਨੂੰ ਅਧਾਰ ਬਣਾ ਕੇ ਆਪ 11 ਮਈ 2009 ਨੂੰ ਤਾਂ ਵਿਚਾਰ ਚਰਚਾ ਕਰਨ ਤੋਂ ਭੱਜ ਗਏ ਸੀ ਜਦੋਂ ਕਿ ਆਪ ਨੇ ਹੀ ਚੈਲੰਜ ਕੀਤਾ ਸੀ। ਯਾਦ ਰਹੇ ਇਸ ਵਿਚਾਰ ਚਰਚਾ ਸਬੰਧੀ 10 ਮਈ ਦਿਨ ਐਤਵਾਰ ਨੂੰ ਰੇਡੀਓ ‘ਸ਼ੇਰ-ਏ-ਪੰਜਾਬ’ ਵੈਨਕੂਵਰ ਤੇ ਭਾਈ ਸਤਵਿੰਦਰਪਾਲ ਸਿੰਘ  ਨੇ ਵੀ ਇਹ ਸਪੱਸ਼ਟ ਐਲਾਨ ਕੀਤਾ ਸੀ ਕੱਲ ਨੂੰ ਦਿਨੇ 11 ਵਜੇ ਨਿਉਯਾਰਕ’ ਵਿਖੇ ਭਾਈ ਹਰੀ ਸਿੰਘ ਜੀ ਰੰਧਾਵਾ ਅਤੇ ਪੋ: ਦਰਸ਼ਨ ਸਿੰਘ ਜੀ ਦਰਮਿਆਨ ਵਿਚਾਰ ਚਰਚਾ ਹੋਵੇਗੀ। ਭਾਈ ਹਰੀ ਸਿੰਘ ਜੀ ਇਹ ਜਾਣਕਾਰੀ ਦਿਓ ਕਿ ਜਦੋਂ ਆਪ ਜੀ ਨੇ 12 ਦਸੰਬਰ 2009 ਦਿਨ ਸ਼ਨੀਵਾਰ ਨੂੰ ਡਾ. ਹਰਭਜਨ ਸਿੰਘ ਦੀ ਕਿਤਾਬ, ‘ਸ਼੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸੰਬੰਧੀ ਵਿਵਾਦ ਦੀ ਪੁਨਰ-ਸਮੀਖਿਆ’ ਰਲੀਜ ਕੀਤੀ ਸੀ ਤਾਂ ਕੀ ਉਸ ਵੇਲੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਉਪ੍ਰੋਕਤ ਹੁਕਮਨਾਮਾ ਵਾਪਸ ਲੈ ਲਿਆ ਗਿਆ ਸੀ? ਜੇ ਨਹੀਂ ਤਾਂ ਕੀ ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਉਸ ਹੁਕਮਨਾਮੇ ਦੀ ਅਵੱਗਿਆ ਨਹੀਂ ਕੀਤੀ? ਕੀ ਹੁਣ ਆਪ ਜੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਅਵੱਗਿਆ ਕਰਨ ਕਰਕੇ ਤਨਖਾਹੀਏ ਨਹੀਂ ਹੋ?

ਭਾਈ ਹਰੀ ਸਿੰਘ ਜੀ ਇਸ ਕਿਤਾਬ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂਪ-ਕੁਆਰਿ (ਨੂਪ ਕੌਰ) ਦੇ ਘਰ ਗਏ ਸਨ, ਗੁਰੂ ਜੀ ਨੇ ਉਸ ਤੋਂ ਮਾਫੀ ਵੀ ਮੰਗੀ ਸੀ ਅਤੇ  20,000 ਟਕੇ ਛਿਮਾਹੀ ਵੀ ਦਿੱਤੇ ਸਨ। ਲੇਖਕ ਨੇ ਇਹ ਸਾਬਤ ਕੀਤਾ ਹੈ ਕਿ ਨੂਪ ਕੌਰ ਦੇ ਨਾਮ ਨਾਲ ਜਾਣੇ ਜਾਂਦੇ 21, 22 ਅਤੇ 23 ਨੰ: ਚਰਿਤ੍ਰ ਦੇ ਗੁਰੂ ਜੀ ਹੀ ਮੁਖ ਪਾਤਰ ਹਨ। 2009 ਦੇ ਅਖੀਰ `ਚ ਚਰਚਾ ਵਿੱਚ ਆਏ ਇਸ ਚਰਿਤ੍ਰ (ਨੂਪ ਕੌਰ) ਬਾਰੇ ਸਾਰੀ ਸਿੱਖ ਸੰਗਤ ਭਲੀ ਭਾਂਤ ਜਾਣੂ ਹੈ ਕਿ ਇਸ ਦੇ ਮੁਖ ਪਾਤਰ ਨਾਲ ਕੀ ਬੀਤੀ ਸੀ। ਭਾਈ ਹਰੀ ਸਿੰਘ ਜੀ, ਆਪ ਜੀ ਤਾਂ ਜਾਣੀਜਾਣ ਹੋ ਪਰ ਪਾਠਕਾਂ ਦੀ ਜਾਣਕਾਰੀ ਲਈ ਇਸ ਪੁਸਤਕ ਦੀਆਂ ਕੁਝ ਪੰਗਤੀਆਂ ਵੀ ਟਾਈਪ ਕਰਕੇ ਭੇਜ ਰਹੇ ਹਾਂ।

“ਇਕੀਵੇਂ ਚਰਿਤ੍ਰ ਦਾ ਕਥਾਨਕ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਇਸ ਦੀ ਕਥਾ ਛਜਿਆ ਵਾਲੇ ਚਰਿਤ੍ਰ ਨਾਲ ਹੀ ਮਿਲਦੀ ਹੈ। ਇਸ ਕਥਾ ਦੇ ਸਤਾਈਵੇਂ ਪਦ ਵਿੱਚ ਉਸ ਧਨਵਾਨ ਇਸਤ੍ਰੀ ਦਾ ਨਾਮ ਨੂਪ ਕੌਰ ਜਾਂ (ਅਨੂਪ ਕੌਰ) ਦਿੱਤਾ ਹੈ, ਜੋ ਗੁਰੂ ਜੀ ਉਤੇ ਮੋਹਿਤ ਹੋ ਜਾਂਦੀ ਹੈ। ਉਹ ਇਸਤ੍ਰੀ ਗੁਰੂ ਜੀ ਦੇ ਇੱਕ ਸੇਵਕ ਨੂੰ ਧੰਨ ਦਾ ਲੋਭ ਦੇ ਕੇ ਗੁਰੂ ਜੀ ਕੋਲ ਇਹ ਸੰਦੇਸ਼ ਪਹੁੰਚਾਉਂਦੀ ਹੈ ਕਿ ਉਸ ਕੋਲ ਅਜਿਹਾ ਮੰਤਰ ਹੈ, ਜੋ ਮੰਤ੍ਰ ਗੁਰੂ ਜੀ ਸਿਖਣਾ ਚਾਹੁੰਦੇ ਹਨ, ਗੁਰੂ ਜੀ ਉਸ ਕੋਲ ਜਾਂਦੇ ਹਨ। ਅਨੂਪ ਕੌਰ, ਫੁਲ, ਪਾਨ ਅਤੇ ਸ਼ਰਾਬ ਦਾ ਪ੍ਰਬੰਧ ਕਰਦੀ ਹੈ। ਚੇਤੇ ਰਹੇ ਅਜਿਹੀ ਹੀ ਸਾਮਗਰੀ ਛਜਿਆ ਨੇ ਵੀ ਮੰਗਵਾਈ ਸੀ। ਅਸਲ ਵਿੱਚ ਗੁਰੂ ਜੀ ਜੰਤ੍ਰ-ਮੰਤ੍ਰ ਵਿੱਚ ਲਿਪਤ ਤਾਂਤ੍ਰਿਕਾਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆ ਰਹੇ ਹਨ। ਉਹ ਇਸਤ੍ਰੀ ਜਾਂਦਿਆਂ ਹੀ ਗੁਰੂ ਜੀ ਨੂੰ ਆਪਣੇ ਮਨ ਦੀ ਕਾਮੁਕ ਸਥਿਤੀ ਦੱਸ ਕੇ, ਗੁਰੂ ਜੀ ਅੱਗੇ ਭੋਗ ਵਾਸਤੇ ਤਰਲੇ ਕਰਨ ਲਗ ਪਈ। ਗੁਰੂ ਜੀ ਨੇ ਕਿਹਾ, “ਤੇਰਾ ਕਿਹਾ ਮੰਨ ਕੇ ਧਰਮ ਨੂੰ ਕਿਵੇਂ ਤਿਆਗ ਦੇਵਾਂ ਅਤੇ ਮਹਾਂ-ਨਰਕ ਵਿੱਚ ਕਿਉਂ ਡੁਬਾਂ?

 

ਗੁਰੁ ਜੀ ਕਾਮ–ਗ੍ਰਸੀ ਅਨੂਪ ਕੌਰ ਨੂੰ ਇਹੋ ਸਮਝਾਉਂਦੇ ਰਹੇ ਕਿ ਮੈਂ ਕਿਸੇ ਵੀ ਹਾਲਤ ਵਿੱਚ ਇਹ ਦੁਸ਼-ਕਰਮ ਕਰ ਕੇ ਨੀਚਤਾ ਨੂੰ ਗ੍ਰਹਿਣ ਨਹੀਂ ਕਰ ਸਕਦਾ-

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ॥ ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ॥

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ॥ ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥51॥

(ਰਾਜੇ ਅਰਥਾਤ ਗੁਰੂ ਜੀ ਨੇ ਕਿਹਾ) ਜਦੋਂ ਤੋਂ ਮੈਂ ਸੁਰਤ ਸੰਭਲੀ ਹੈ, (ਤਦੋਂ ਤੋਂ) ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਹੈ। ਹੇ ਪੁੱਤਰ! ਤੇਰੀ ਇਹੀ ਪ੍ਰਤਿਗਿਆ ਹੋਵੇ ਕਿ ਜਦ ਤਕ ਤੇਰੇ ਸ਼ਰੀਰ ਵਿੱਚ ਪ੍ਰਾਣ ਹਨ, (ਤਦ ਤਕ) ਤੂੰ ਆਪਣੀ ਇਸਤਰੀ ਨਾਲ ਨਿਤ ਪ੍ਰੇਮ ਨੂੰ ਵਧਾਉਂਦਾ ਰਹਿ ਅਤੇ ਪਰਾਈ ਇਸਤਰੀ ਦੀ ਸੇਜ ਉਤੇ ਸੁਪਨੇ ਵਿੱਚ ਵੀ ਨ ਜਾਈਂ।

ਹੇ ਬਾਲਾ! ਸਾਡੇ ਕੋਲ ਦੇਸ ਦੇਸਾਂਤਰਾਂ ਦੀਆਂ ਨਾਰੀਆਂ  ਆਉਦੀਆਂ ਹਨ। ਮਨ ਬਾਂਛਿਤ ਵਰ ਮੰਗ ਕੇ ਗੁਰੂ ਮੰਨਦੇ ਹੋਇਆਂ ਸੀਸ ਝੁਕਾਉਂਦੀਆਂ ਹਨ। ਮੈ ਆਪਣੇ ਚਿਤ ਵਿਚ ਸਿੱਖਾਂ ਨੂੰ ਪੁੱਤਰ ਅਤੇ (ਉਨ੍ਹਾਂ ਦੀਆਂ) ਇਸਤਰੀਆਂ ਨੂੰ ਧੀਆਂ ਸਮਝਦਾ ਹਾਂ। ਹੇ ਸੁੰਦਰੀ! ਉਨ੍ਹਾਂ ਨਾਲ ਮੈਂ ਰਮਣ ਕਿਸ ਤਰ੍ਹਾਂ ਕਰ ਸਕਦਾ ਹਾਂ?

ਉਹ ਇਸਤ੍ਰੀ ਜੋ ਗੁਰੂ ਨੂੰ ਬਦਨਾਮ ਕਰ ਦੇਣ ਦੀ ਧਮਕੀ ਦੇ ਕੇ ਉਨ੍ਹਾਂ ਨਾਲ ਸਰੀਰਕ ਸੰਬੰਧ ਸਥਾਪਿਤ ਕਰਨਾ ਚਾਹੁੰਦੀ ਸੀ, ਗੁਰੂ ਜੀ ਚਤੁਰਤਾ ਨਾਲ ਨਾਂ ਕੇਵਲ ਉਸ ਦੇ ਵਿਸ਼ੈ-ਜਾਲ ਨੂੰ ਭੇਦ ਆਏ, ਬਲਕਿ ਉਸ ਨੂੰ ਦੋਸ਼ੀ ਥਾਪ ਦਿੱਤਾ। ਉਸ ਇਸਤ੍ਰੀ ਨੇ ਆਪਣੇ ਵਿਵਹਾਰ ਵਾਸਤੇ ਗੁਰੂ ਜੀ ਕੋਲੋਂ ਮੁਆਫ਼ੀ ਮੰਗੀ। ਇਥੇ ਇਹ ਪ੍ਰਸੰਗ ਅਤਿ ਮਾਰਮਿਕ ਮੋੜ ਲੈ ਲੈਂਦਾ ਹੈ। ਗੁਰੂ ਜੀ ਦਾ ਆਸ਼ਾ ਕਦੇ ਇਸਤ੍ਰੀ ਨੂੰ ਛੋਟਾ ਦਿਖਾਉਣ ਵਾਲਾ ਨਹੀਂ ਸੀ ਹੋ ਸਕਦਾ। ਇਸ ਕਰ ਕੇ ਉਸ ਇਸਤ੍ਰੀ ਨਾਲ ਮਜਬੂਰੀ ਵਿੱਚ ਹੋਏ ਵਿਵਹਾਰ ਕਾਰਨ ਉਸ ਤੋਂ ਮੁਆਫ਼ੀ ਵੀ ਮੰਗਦੇ ਹਨ ਅਤੇ ਉਸ ਦੇ ਸਨਮਾਨ-ਜੋਗ ਜੀਵਨ ਜਿਉਣ ਵਾਸਤੇ ਵੀਹ ਹਜ਼ਾਰ ਟਕੇ ਛਿਮਾਹੀ ਰਕਮ ਦੇਣ ਦਾ ਪ੍ਰਬੰਧ ਵੀ ਕਰਦੇ ਹਨ-

ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ॥

ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ ॥ 12॥

ਅਜਿਹੀਆਂ ਇਸਤਰੀਆਂ ਨੂੰ ਗੁਰੂ ਜੀ ਵਲੋਂ ਆਰਥਿਕ ਸਹਾਇਤਾ ਦੇਣ ਦਾ ਜੋ ਪ੍ਰਯਤਨ ਚਰਿਤ੍ਰ ਕਥਾਵਾਂ ਵਿੱਚ ਵਿਖਾਇਆ ਗਿਆ ਹੈ, ਉਸ ਤੋਂ ਇਹ ਸੰਕੇਤ ਮਿਲ ਜਾਂਦਾ ਹੈ ਕਿ ਗੁਰੂ ਜੀ ਧਨ ਦੇ ਕਾਰਨ ਦੁਰਾਚਾਰ ਵਿਚ ਲਿਪਤ ਇਸਤ੍ਰੀਆਂ ਨੂੰ ਨਾਂ ਕੇਵਲ ਸਦ-ਆਚਰਣ ਦੀ ਪ੍ਰੇਰਨਾ ਦੇ ਕੇ ਚਰਿਤ੍ਰ ਰਚਦੇ ਸਨ, ਬਲਕਿ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇ ਕੇ ਉਨ੍ਹਾਂ ਦੇ ਪੁਨਰ-ਵਸੇਬੇ ਦਾ ਵੀ ਪ੍ਰਬੰਧ ਕਰਦੇ ਸਨ, ਤਾਂ ਕਿ ਗੁਰੁ ਨਾਨਕ ਦੇਵ ਜੀ ਦੁਆਰਾ ‘ਗਾਛਹੁ ਪੁਤ੍ਰੀ ਰਾਜ ਕੁਆਰਿ॥ ਨਾਮ ਭਣਹੁ ਸਚੁ ਦੋਤੁ ਸਵਾਰਿ॥’ ਵਾਲਾ ਲਕਸ਼ ਪ੍ਰਾਪਤ ਕੀਤਾ ਜਾ ਸਕੇ।” (ਸ਼੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸਬੰਧੀ ਵਿਵਾਦ ਦੀ ਪੁਨਰ-ਸਮੀਖਿਆ, ਲੇਖਕ  ਡਾ: ਹਰਭਜਨ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਪਹਿਲੀ ਐਡੀਸ਼ਨ ਨਵੰਬਰ 2009, ਪੰਨਾ 107-111)

ਭਾਈ ਹਰੀ ਸਿੰਘ ਜੀ, ਇਸ ਗੁਰ ਨਿੰਦਾ ਭਰਭੂਰ ਕਿਤਾਬ  ਨੂੰ ਪ੍ਰੜਨ ਉਪ੍ਰੰਤ ਅਸੀਸਾਂ ਦੇਣ  ਅਤੇ ਪ੍ਰਸੰਸਾ ਪੱਤਰ ਲਿਖਣ ਵਾਲਿਆਂ ਵਿਚ ਆਪ ਵੀ ਸ਼ਾਮਲ ਹੋ। ਆਪ ਜੀ ਲਿਖਦੇ ਹੋ, “ਦਾਸ ਨੂੰ ਇਹ ਜਾਣ ਕੇ ਅਤਿ ਪ੍ਰਸੰਨਤਾ ਹੋਈ ਹੈ ਕਿ ਪੰਥ ਦੇ ਮਹਾਨ ਵਿਦਵਾਨ, ਮਾਨਯੋਗ ਡਾ. ਹਰਭਜਨ ਸਿੰਘ ਦੇਹਰਾਦੂਨ ਵਾਲਿਆਂ ਨੇ ਕਲਗੀਧਰ ਪਿਤਾ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੀ ਮਹਾਨ ਕ੍ਰਿਤ ਸ੍ਰੀ ਦਸਮ ਗ੍ਰੰਥ ਸਾਹਿਬ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ‘ਸ਼੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸੰਬੰਧੀ ਵਿਵਾਦ ਦੀ ਪੁਨਰ-ਸਮੀਖਿਆ’ ਪੁਸਤਕ ਲਿਖ ਕੇ ਖਾਸਲਾ ਪੰਥ ਦੀ ਮਹਾਨ ਸੇਵਾ ਕੀਤੀ ਹੈ। ਇਸ ਕਰਕੇ ਦਾਸ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਬੇਨਤੀ ਕਰਦਾ ਹੈ ਅਤੇ ਉਨ੍ਹਾਂ ਦੀ ਇਸ ਪੁਸਤਕ ਨੂੰ ਸਿੱਖ ਸੰਗਤਾਂ ਤੱਕ ਪਹੁੰਚਦੀ ਕਰਨ ਲਈ ਪੂਰਾ ਤਤਪਰ ਰਹੇਗਾ”

ਭਈ ਹਰੀ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਵੇਸਵਾ ਦੇ ਘਰ ਜਾਣ ਅਤੇ ਉਸ ਤੋਂ ਮਾਫੀ ਮੰਗਣ ਬਾਰੇ ਲਿਖਣ ਵਾਲੀ  ਕਿਤਾਬ ਨੂੰ ਪ੍ਰਸੰਸਾ ਪੱਤਰ ਦੇਣ ਕਰਕੇ, ਆਪ ਜੀ ਦੇਸ਼-ਵਿਦੇਸ਼ ਦੀਆਂ ਸੰਗਤਾ ਨੂੰ ਆਪਣਾ ਲਿਖਤੀ ਰੂਪ ਵਿੱਚ ਸਪੱਸ਼ਟੀਕਰਨ ਦਿਓ। ਇਸ ਦੇ ਨਾਲ ਹੀ ਦੇਸ਼-ਵਿਦੇਸ਼ ਦੀਆਂ ਜਾਗਰੂਕ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਤੀਕ ਭਾਈ ਹਰੀ ਸਿੰਘ ਰੰਧਾਵਾ ਆਪਣਾ ਸਪੱਸ਼ਟੀਕਰਨ ਕਰਨ ਦੇ ਕੇ ਖਿਮਾਂ ਜਾਚਨਾ ਨਹੀਂ ਕਰਦਾ, ਉਦੋਂ ਤੀਕ ਇਸ ਨੂੰ ਕਿਸੇ ਵੀ ਧਾਰਮਿਕ ਸਟੇਜ ਤੋਂ ਕਥਾ ਨਾਂ ਕਰਨ ਦਿੱਤੀ ਜਾਵੇ।

ਗੁਰੂ ਪਥ ਦੇ ਦਾਸ : ਭਾਈ ਅਵਤਾਰ ਸਿੰਘ ਮਿਸ਼ਨਰੀ, ਭਾਈ ਕੁਲਵੰਤ ਸਿੰਘ ਮਿਸ਼ਨਰੀ, ਡਾ:ਗੁਰਮੀਤ ਸਿੰਘ ਬਰਸਾਲ, ਪੋ ਮੱਖਣ ਸਿੰਘ, ਭਾਈ ਸਰਵਜੀਤ ਸਿੰਘ, ਰਣਜੀਤ ਸਿੰਘ ਮਸਕੀਨ, ਜਸਮਿਤਰ ਸਿੰਘ ਮੁਜੱਫਰਪੁਰ, ਸ੍ਰ ਬਲਕਾਰ ਸਿੰਘ ਬੇਕਰਸਫੀਲਡ, ਸ੍ਰ ਚਮਕੌਰ ਸਿੰਘ ਫਰਿਜਨੋ, ਸ੍ਰ ਅਮਰਦੀਪ ਸਿੰਘ ਅਮਰ, ਕੁਲਦੀਪ ਸਿੰਘ ਯੁਬਾਸਿਟੀ ਅਤੇ ਗੁਰਚਰਨ ਸਿੰਘ ਜੀਉਣਵਾਲਾ।

 

 

Translate »