November 18, 2011 admin

‘ਬੂਟਾ ਸਿੰਘ ਨੇ ਗੱਦੀ ਬਚਾਉਣ ਲਈ ਸਰਬਤ ਖਾਲਸਾ ਬੁਲਾਇਆ’

ਪਟਨਾ ਸਾਹਿਬ ( ਨਵੰਬਰ 1997)  ਸਿੰਘ ਸਾਹਿਬ ਭਾਈ ਮਾਨ ਸਿੰਘ ਜੀ ਪਿਛਲੇ 50 ਸਾਲਾਂ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸੇਵਾ ਕਰ ਰਹੇ ਹਨ ਅਤੇ ਪਿਛਲੇ ਲਗਭਗ 30 ਵਰ੍ਹੇ ਤੋਂ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ। ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਇਸ ਤਖ਼ਤ ਦੇ ਹੈੱਡ ਗ੍ਰੰਥੀ ਹੀ ਜਥੇਦਾਰ ਵਜੋਂ ਸੇਵਾ ਵੀ ਨਿਭਾਉਂਦੇ ਹਨ। ਸਾਕਾ ਨੀਲਾ ਤਾਰਾ ਪਿਛੋਨ ਉਹ ਨਿਹੰਗ ਮੁਖੀ ਬਾਬਾ ਸੰਤਾ ਸਿੰਘ ਵਲੋਂ ਬੁਲਾਏ ਗਏ ਕਥਿਤ ਸਰਬੱਤ ਖਾਲਸਾ ਸਮਾਗਮ ਵਿਚ ਸ਼ਾਮਲ ਹੋਣ ਕਾਰਨ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆਏ ਸਨ। ਉਨ੍ਹਾ ਦੀ ਉਮਰ ਭਾਵੇਂ ਲਗਭਗ 85 ਸਾਲ ਹੈ ਫਿਰ ਵੀ ਉਹ ਸਵੇਰੇ ਅਤੇ ਸ਼ਾਮੀਂ ਤਖ਼ਤ ਸਾਹਿਬ ਜਾ ਕੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈਣ ਤੇ ਅਰਦਾਸ ਕਰਨ ਦੀ ਸੇਵਾ ਕਰਦੇ ਹਨ।

      ਸਿੰਘ ਸਾਹਿਬ ਭਾਈ ਮਾਨ ਸਿੰਘ ਤਖ਼ਤ ਸਾਹਿਬ ਦੇ ਬਿਲਕੁਲ ਹੀ ਲਾਗੇ ਭਾਈ ਜੋਗਾ ਸਿੰਘ ਨਿਵਾਸ ਦੀ ਹੇਠਲੀ ਮੰਜ਼ਲ ’ਤੇ ਇਕ ਕਮਰੇ ਵਿਚ ਰਹਿ ਰਹੇ ਹਨ। ਬਿਰਧ ਅਵਸਥਾ ਅਤੇ ਸਰੀਰ ਭਾਰਾ ਹੋਣ ਕਾਰਨ ਚਲਣਾ ਫਿਰਨਾ ਮੁਸ਼ਕਲ ਹੈ। ਹੋਰ ਸੇਵਾਦਾਰ ਬਾਹਾਂ ਫੜ ਕੇ ਉਨ੍ਹਾਂ ਨੂੰ ਉਠਾਉਂਦੇ ਹਨ। ਆਪਣੇ ਤੌਰ ’ਤੇ ਉਹ ਇਕ ਥਾਂ ਤੋਂ ਉਠ ਕੇ ਲਾਗਲੀ ਹੀ ਦੂਜੀ ਥਾਂ ’ਤੇ ਵੀ ਨਹੀਂ ਬੈਠ ਸਕਦੇ। ਉਨ੍ਹਾਂ ਦੇ ਗੰਨਮੈਨ  ਜਾਂ ਸੇਵਾਦਾਰ ਹੀ ਉਨ੍ਹਾਂ ਨੂੰ  ਇਸ਼ਨਾਨ ਕਰਵਾਉਂਦੇ, ਸਿਰ ਦੇ ਕੇਸਾਂ ਨੂੰ ਕੰਘਾ ਕਰਦੇ, ਕੱਪੜੇ ਪਹਿਨਾਉਂਦੇ ਅਤੇ ਦਸਤਾਰ ਸਜਾਉਂਦੇ ਹਨ। ਇਸ ਸਭ ਕੁਝ ਦੇ ਬਾਵਜੂਦ ਉਨ੍ਹਾਂ ਦੀ ਆਵਾਜ਼ ਵਿਚ ਗੱੜ੍ਹਕ ਹੈ, ਇਕ ਧਾਰਮਿਕ ਸਖ਼ਸ਼ੀਅਤ ਵਾਲੀ ਮਿਠਾਸ ਅਤੇ ਨਿਮਰਤਾ ਹੈ।

      ਆਮ ਸੰਗਤਾਂ ਨੂੰ ਇਹ ਪਤਾ ਨਹੀਂ ਕਿ ਉਹ ਇਕ ਹਿੰਦੂ ਪਰਿਵਾਰ ਵਿਚ ਪੈਦਾ ਹੋਏ ਸਨ। ਉਨ੍ਹਾਂ ਦਾ ਅਸਲੀ ਨਾਮ ਜਾਨਕੀ ਸ਼ਰਨ ਸੀ। ਉਹ ਪਟਨਾ ਸ਼ਹਿਰ ਦੇ ਰਹਿਣ ਵਾਲੇ ਬਿਹਾਰੀਏ ਹਨ ਅਤੇ ਇਕ ਸੁਨਿਆਰੇ ਵਜੋਂ ਕੰਮ ਕਰਦੇ ਸਨ। ਹਰ ਰੋਜ਼ ਸਵੇਰੇ ਗੰਗਾ ਜਾ ਕੇ ਇਸ਼ਨਾਨ ਕਰ ਕੇ, ਪਾਠ ਪੂਜਾ ਕਰਦੇ ਸਨ। ਸੁਭਾਓ ਸ਼ੁਰੂ ਤੋਂ ਹੀ ਧਰਮਿਕ ਸੀ। ਉਹ ਭਗਵਾਨ ਸ਼ਿਵ ਸ਼ੰਕਰ ਦੇ ਸ਼ਰਧਾਲੂ ਸਨ। ਕਈ ਵਾਰੀ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵੀ ਆਇਆ ਕਰਦੇ ਅਤੇ ਗੁਰਬਾਣੀ ਦਾ ਪਠ ਅਤੇ ਸ਼ਬਦ ਕੀਰਤਨ ਸਰਵਣ ਕਰਦੇ। ਸੰਤ ਬਲਵੰਤ ਸਿੰਘ ਜੀ ਬਹਾਵਲਪੁਰ ਵਾਲੇ, ਜੋ ਇਥੇ ਕਾਰ ਸੇਵਾ ਕਰਵਾਉਂਦੇ ਰਹਿੰਦੇ ਸਨ, ਦੀ ਸੰਗਤ ਅਤੇ ਪ੍ਰੇਰਨਾ ਨਾਲ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਗੁਰੂ ਘਰ ਦੀ ਸੇਵਾ ਕਰਨ ਲੱਗੇ। ਸੰਤ ਜੀ ਨੇ ਹੀ ਉਨ੍ਹਾਂ ਦੀ ਇਥੇ ਇਕ ਗ੍ਰੰਥੀ ਵਜੋਂ ਨਿਯੁਕਤੀ ਕਰਵਾਈ। ਸੰਤ ਬਲਵੰਤ ਸਿੰਘ ਜੀ ਦੇ ਉਤਰਾਧਿਕਾਰੀ ਸੰਤ ਨਿਸਚਲ ਸਿੰਘ ਜੀ ਯਮੁਨਾਨਗਰ ਨਾਲ ਵੀ ਭਾਈ ਸਾਹਿਬ ਦੇ ਬੜੇ ਚੰਗੇ ਸਬੰਧ ਰਹੇ।

      ਸਾਕਾ ਨੀਲਾ ਤਾਰਾ ਪਿਛੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ’ਤੇ ਜਦੋਂ ਖਾੜਕੂਆਂ ਨੇ ਹਮਲਾ ਕੀਤਾ, ਤਾਂ ਸਰਕਾਰ ਨੇ ਭਾਈ ਮਾਨ ਸਿੰਘ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਅਤੇ ਪੰਜ ਗੰਨਮੈਨ ਸੁਰੱਖਿਆ ਲਈ ਦਿੱਤੇ। ਪਿਛਲੇ ਦਿਨੀਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਗਏ, ਇਸ ਪੱਤਰਕਾਰ ਨੇ ਉਨ੍ਹਾਂ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ ’ਤੇ ਇਕ ਮੁਲਾਕਾਤ ਕਤਿੀ। ਉਨ੍ਹਾਂ ਜਵਾਬ ਹਿੰਦੀ ਵਿਚ ਹੀ ਦਿੱਤੇ।

      ਇੰਟਰਵਿਊ ਦੇ ਸੰਖੇਪ ਅੰਸ਼ ਇਸ ਪ੍ਰਕਾਰ ਹਨ:

ਸਵਾਲ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਕੁਝ ਮਹੀਨੇ ਪਹਿਲਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਪੱਤਰ ਲਿਖਿਆ ਹੈ ਕਿ ਇਨ੍ਹਾਂ ਤਖ਼ਤ ਸਾਹਿਬਾਨ ਦੇ ਜਥੇਦਾਰ ਨਿਯੁਕਤ ਕੀਤੇ ਜਾਣ। ਤੁਹਾਡੀ ਇਸ ਬਾਰੇ ਕੀ ਰਾਏ ਹੈ?

ਜਵਾਬ: ਅਸੀਂ ਕੁਛ ਨਹੀਂ ਕਹਿਣਾ। ਇਹ ਕੰਮ ਪ੍ਰਬੰਧਕੀ ਕਮੇਟੀ ਦਾ ਹੈ ਕਿ ਕੀ ਕਰਨਾ ਹੈ। ਅਸੀਂ ਤਾਂ ਜੋ ਸੇਵਾ ਸੌਂਪੀ ਜਾਏਗੀ, ਨਿਭਾਵਾਂਗੇ ਅਤੇ ਨਿਭਾ ਰਹੇ ਹਾਂ।

ਸਵਾਲ: ਸਿੱਖ ਪੰਥ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਹੁਕਮਨਾਮੇ ਜਾਰੀ ਹੁੰਦੇ ਹਨ, ਉਸ ਤੋਂ ਪਹਿਲਾਂ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ ਪੰਜ ਪਿਆਰਿਆਂ ਦੇ ਰੂਪ ਵਿਚ ਵਿਚਾਰ-ਵਟਾਂਦਰੇ ਲਈ ਸ਼ਾਮਲ ਹੋਣੇ ਚਾਹੀਦੇ ਹਨ। ਪਰ ਪਿਛਲੇ ਕਾਫੀ ਸਮੇਂ ਤੋਂ ਦੂਰ ਹੋਣ ਜਾਂ ਕਿਸੇ ਹੋਰ ਕਾਰਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸ਼ਾਮਲ ਨਹੀਂ ਹੋਏ ਜਾਂ ਹੋ ਨਹੀਂ ਸਕੇ। ਆਪ ਜੀ ਦਾ ਕੀ ਖਿਆਲ ਹੈ?

ਜਵਾਬ: ਹੁਕਮਨਾਮਾ ਜਾਰੀ ਕਰਨ ਲਈ ਪੰਜੇ ਤਖ਼ਤਾਂ ਦੇ ਜਥੇਦਾਰਾਂ ਨੂੰ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ।

ਸਵਾਲ: ਅਗਸਤ 1984 ਵਿਚ ਅੰਮ੍ਰਿਤਸਰ ਵਿਖੇ ਬਾਬਾ ਸੰਤਾ ਸਿੰਘ ਅਤੇ ਉਸ ਸਮੇਂ ਦੇ ਕੇਂਦਰੀ ਮੰਤਰੀ ਸ੍ਰੀ ਬੂਟਾ ਸਿੰਘ ਨੇ ਜੋ ਸਰਬੱਤ ਖਾਲਸਾ ਸਮਾਗਮ ਬੁਲਾਇਆ ਸੀ, ਉਸ ਵਿਚ ਸਿਰਫ ਆਪ ਹੀ ਸ਼ਾਮਲ ਹੋਏ। ਅਜਿਹਾ ਕਿਉਂ?

ਜਵਾਬ: ਬੂਟਾ ਸਿੰਘ ਸਿੱਖ ਸੰਮੇਲਨ ਲਈ ਮਦਦ ਮੰਗਣ ਆਇਆ ਸੀ। ਮੈਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜ: ਜੋਗਿੰਦਰ ਸਿੰਘ ਜੋਗੀ ਤੇ ਜਨਰਲ ਸਕੱਤਰ ਸਾਹਿਬ ਸਰਦਾਰ ਹਰਭਜਨ ਸਿੰਘ ਦੇ ਕਹਿਣ ਉਤੇ ਉਥੇ ਗਿਆ। ਉਨ੍ਹਾ ਦਾ ਸੰਮੇਲਨ ਪੂਰਾ ਹੋ ਗਿਆ ਮੇਰੇ ਜਾਣ ਨਾਲ।

ਸਵਾਲ: ਕੀ ਤੁਸੀਂ ਸਮਝਦੇ ਹੋ ਕਿ ਇਹ ਸਮਾਗਮ ਠੀਕ ਸੀ ਜਾਂ ਗਲਤ?

ਜਵਾਬ: ਸੰਮੇਲਨ ਕਰ ਕੇ ਬੂਟਾ ਸਿੰਘ ਨੇ ਆਪਣੀ ਗੱਦੀ ਨੂੰ ਬਚਾਉਣਾ ਸੀ, ਜੋ ਬਚਾ ਲਈ। ਮੈਂ ਖੜੇ ਹੋ ਕੇ ਸਿਰਫ ਫਤਹਿ ਬੁਲਾਈ ਸੀ।

ਸਵਾਲ: ਕੀ ਤੁਸੀਂ ਮਹਿਸੂਸ ਨਹੀਂ ਕਰਦੇ ਹੋ ਕਿ ਬੂਟਾ ਸਿੰਘ ਨੇ ਤੁਹਾਨੂੰ ਵਰਤ ਕੇ ਆਪਣੀ ਗੱਦੀ ਬਚਾ ਲਈ?

ਜਵਾਬ: ਅਸੀਂ ਤਾਂ ਵਾਹਿਗੁਰੂ ਦਾ ਨਾਮ ਜਪਣ ਵਾਲੇ ਹਾਂ। ਫਾਇਦਾ ਨੁਕਸਾਨ ਦਾ ਸਾਨੂੰ ਪਤਾ ਨਹੀਂ। ਅਸੀਂ ਸਭ ਦਾ ਭਾਲ ਚਾਹੁੰਦੇ ਹਾਂ।

ਸਵਾਲ: ਸਿੱਖ ਪੰਥ ਲਈ ਕੋਈ ਸੰਦੇਸ਼?

ਜਵਾਬ: ਵਾਹਿਗੁਰੂ ਦਾ ਹਮੇਸ਼ਾ ਨਾਮ ਜਪੀਏ, ਸਦਾ ਸੁਖੀ ਰਹੀਏ। ਗੁਰੂ ਨਾਨਕ ਦਾ ਸੱਚਾ ਸਿੱਖ ਬਣ ਕੇ ਰਹੀਏ। ਹਮੇਸ਼ਾ ਚੜ੍ਹਦੀ ਕਾਲ ’ਚ ਰਹੀਏ। (1997) 

ਆ ਰਹੀ ਪੁਸਤਕ "ਕਾਲੇ ਦਿਨਾਂ ਦੀ ਪਤਰਕਾਰੀ" ਚੋ

*ਹਰਬੀਰ ਸਿੰਘ ਭੰਵਰ
-# 194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਮੋ.98762-95829 

Translate »