ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
ਸੇ ਭਾਦੁਇ ਨਰਕ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥7॥
ਪਦ ਅਰਥ : ਭਾਦੁਇ – ਭਾਦਰੋਂ ਦੇ ਮਹੀਨੇ ਵਿੱਚ। ਕੇਤੁ – ਕਿਸੇ। ਬਿਨਸਸੀ – ਨਾਸ ਹੋਵੇਗੀ। ਹੇਤੁ – ਹਿੱਤ, ਪਿਆਰ। ਕਪੇ – ਕੰਬਦਾ ਹੈ। ਸੇਤੁ – ਸਫ਼ੈਦ, ਰੰਗ ਡਰ ਨਾਲ ਕਾਲੇ ਤੋਂ ਚਿੱਟਾ ਹੋ ਜਾਂਦਾ ਹੈ। ਸੰਦੜਾ – ਦਾ। ਬੋਹਿਥ – ਜਹਾਜ (ਜਿਸ ਉਤੇ ਚੜ੍ਹ ਕੇ ਸੰਸਾਰ-ਸਾਗਰ ਤੋਂ ਪਾਰ ਹੋਈਦਾ ਹੈ) ਹੇਤੂ – ਹਿਤੂ, ਪਿਆਰ ਕਰਨ ਵਾਲਾ। ਉਹ ਨਰਕ ਵਿੱਚ ਨਹੀਂ ਪਾਏ ਜਾਂਦੇ, ਜਿਨ੍ਹਾਂ ਦੀ ਰਖਿਆ ਕਰਨ ਵਾਲਾ ਪਿਆਰਾ ਗੁਰੂ ਮੌਜੂਦ ਹੈ।
ਅਰਥ : ਭਾਦਰੋਂ ਦੇ ਮਹੀਨੇ ਵਿੱਚ ਜੀਵ-ਰੂਪੀ ਇਸਤਰੀ ਭਰਮ ਕਾਰਨ ਭੁੱਲ ਕੇ ਪ੍ਰਭੂ ਪਤੀ ਨੂੰ ਛੱਡ ਕੇ ਹੋਰ ਚੀਜਾਂ ਮੋਹ-ਮਾਇਆ ਆਦਿ ਨੂੰ ਪਿਆਰ ਕਰਨ ਲੱਗਦੀ ਹੈ। ਅਜਿਹੀ ਮੋਹ-ਮਾਇਆ ਵਿੱਚ ਇਸਤਰੀ ਭਾਵੇਂ ਲੱਖਾਂ ਹਾਰ-ਸ਼ਿੰਗਾਰ ਕਰੇ ਉਸ ਦੇ ਕਿਸੇ ਕੰਮ ਨਹੀਂ ਆਉਂਦੇ। ਜਿਸ ਦਿਨ ਮਨੁੱਖ ਦੇ ਸਰੀਰ ਦਾ ਨਾਸ਼ ਹੋਵੇਗਾ ਉਸ ਦਿਨ ਸਾਰੇ ਲੋਕ ਇਸ ਨੂੰ ਪ੍ਰੇਤ ਕਹਿਣਗੇ। ਜਮਦੂਤ ਇਸ ਨੂੰ ਪਕੜ ਕੇ ਲੈ ਜਾਣਗੇ ਤੇ ਉਹ ਇਸ ਬਾਰੇ ਕਿਸੇ ਨੂੰ ਭੇਤ ਨਹੀਂ ਦੱਸਦੇ। ਜਿਨ੍ਹਾਂ ਸਾਕ-ਸੰਬੰਧੀਆਂ ਨਾਲ ਸਾਰੀ ਉਮਰ ਬੜਾ ਪਿਆਰ ਬਣਿਆ ਰਹਿੰਦਾ ਹੈ, ਉਹ ਪੱਲ ਵਿੱਚ ਹੀ ਸਾਥ ਛੱਡ ਜਾਂਦੇ ਹਨ। ਮੌਤ ਆਈ ਵੇਖ ਕੇ ਮਨੁੱਖ ਬੜਾ ਪਛਤਾਉਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ। ‘ਇਸ ਦਾ ਲਹੂ ਜੰਮ ਜਾਣ ਕਾਰਨ ਇਹ ਕਾਲੇ ਤੋਂ ਚਿੱਟਾ ਹੋ ਗਿਆ’। ਇਹ ਜੀਵਨ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਬੀਜਦਾ ਹੈ ਉਹੀ ਵੱਢਦਾ ਹੈ ਅਰਥਾਤ ਜਿਹੋ ਜਿਹਾ ਕਰਦਾ ਹੈ ਉਹੋ ਜਿਹਾ ਫ਼ਲ ਪਾਉਂਦਾ ਹੈ। ਨਾਨਕ ਜੀ ਦੱਸਦੇ ਹਨ ਕਿ ਜਿਹੜੇ ਜੀਵ ਪ੍ਰਭੂ ਦੀ ਸ਼ਰਨ ਵਿੱਚ ਆ ਗਏ, ਉਹਨਾਂ ਨੂੰ ਉਹ ਆਪਣੇ ਚਰਨ ਕੰਵਲ ਰੂਪੀ ਜਹਾਜ ਤੇ ਚੜ੍ਹਾ ਕੇ ਪਾਰ ਲਗਾ ਦਿੰਦਾ ਹੈ। ਉਹ ਭਾਦਰੋਂ ਦੇ ਮਹੀਨੇ ਨਰਕ ਵਿੱਚ ਨਹੀਂ ਪੈਣਗੇ ਜਿਨ੍ਹਾਂ ਦਾ ਪ੍ਰੇਮ ਪ੍ਰਭੂ ਨਾਲ ਹੈ।
-ਅੰਮ੍ਰਿਤਪਾਲ ਕੌਰ ਮਠਾੜੂ
akmatharoo2006@yahoo.com