November 25, 2011 admin

ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿਖੇ ਪੱਤਰ ਵਿਹਾਰ ਕੋਰਸ ਦਾ ਵਿਸ਼ੇਸ਼ ਸੈਮੀਨਾਰ

ਸ੍ਰੀ ਅੰਮ੍ਰਿਤਸਰ, 25 ਨਵੰਬਰ 2011- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਰੰਭ ਕੀਤੇ ਗਏ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਅੱਜ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿਖੇ ਵਿਸ਼ੇਸ ਸੈਮੀਨਾਰ ਕੀਤਾ ਗਿਆ ਜਿਸ ਵਿਚ ਗੁਰਬਾਣੀ, ਗੁਰ ਇਤਿਹਾਸ, ਸਿੱਖ ਸ੍ਰੋਤ ਗ੍ਰੰਥ, ਸਿੱਖ ਰਹਿਤ ਮਰਯਾਦਾ ,ਵਿਸ਼ਵ ਦੇ ਪ੍ਰਸਿੱਧ ਧਰਮ ਗ੍ਰੰਥ ,ਸੰਕਲਪ, ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਆਦਿ ਬਾਰੇ ਸੰਖੇਪ ਰੂਪ ਵਿਚ ਵੱਡਮੁੱਲੀ ਜਾਣਕਾਰੀ ਵੱਖ-ਵੱਖ ਵਿਦਵਾਨਾਂ ਵਲੋਂ ਦਿੱਤੀ ਗਈ। ਸੈਮੀਨਾਰ ਨੂੰ ਸੰਬੋਦਨ ਕਰਦਿਆਂ ਡਾ. ਸਾਬਰ ਨੇ ਦਸਿਆ ਕਿ ਗੁਰਬਾਣੀ ਵਿਸ਼ਵ  ਦੇ ਹਰ ਮਾਨਵ  ਦਾ ਕਲਿਆਣ ਕਰਨ ਦੀ ਸਮਰੱਥਾ ਰੱਖਦੀ ਹੈ ਇਸ ਲਈ ਵਿਸ਼ਵ ਦਾ ਹਰੇਕ ਮਾਨਵ ਆਪਣੀਆਂ ਸਮੱਸਿਆਵਾਂ ਦਾ ਹੱਲ ਗੁਰਬਾਣੀ ਨਾਲ ਜੁੜ ਕੇ ਕਰ ਸਕਦਾ ਹੈ  ਗੁਰਬਾਣੀ ਦੇ ਨਾਲ-ਨਾਲ ਗੁਰ-ਇਤਿਹਾਸ ਸਿੱਖ ਸਭਿਆਚਾਰ ਨੂੰ ਸਮਝਣ ਦੀ ਵੀ ਅਤਿਅੰਤ ਲੋੜ ਹੈ। ਪ੍ਰੋ. ਗੁਰਮੀਤ ਕੌਰ ਨੇ ਦੱਸਿਆ ਕਿ ਸਿੱਖ ਰਹਿਤ ਮਰਯਾਦਾ ਮਨੁੱਖ ਨੂੰ ਤਨ ਮਨ ਦੋਵੇ ਸੁਧਾਰਨ ਦੀ ਜਾਂਚ ਦੱਸਣ ਵਾਲੀ ਹੈ ਅਤੇ ਇਹ ਮਰਯਾਦਾ ਪੂਰੀ ਤਰ੍ਹਾ ਗੁਰਬਾਣੀ ਅਧਾਰਿਤ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੇ ਪ੍ਰਿੰ: ਡਾ. ਜੋਗੇਸ਼ਵਰ ਸਿੰਘ ਨੇ ਦੱਸਿਆ ਕਿ ਵਿਸ਼ਵ ਦਾ ਹਰੇਕ ਸੱਚਾ ਧਰਮ ਤੇ ੳੇੁਨ੍ਹਾਂ ਦਾ ਧਰਮ ਗ੍ਰੰਥ ਦੀ ਪਾਲਣਾ ਕਰਨ ਨਾਲ ਹੀ ਵਿਸ਼ਵ  ਵਿਚ ਅਮਨ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ।ਸ. ਅਮਰਜੀਤ ਸਿੰਘ ਰਸੂਲਪੁਰ ਨੇ ਗੁਰ-ਇਤਿਹਾਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰੂ ਸਾਹਿਬਾਨ ਦਾ ਜੀਵਨ ਕੱਥਨੀ ਅਤੇ ਕਰਨੀ ਵਿੱਚ ਇਕਸੁਰਤਾ ਕਾਇਮ ਰੱਖਣ ਵਾਲਾ ਸਲੀਕਾ ਹੈ ਕਿਉਂਕਿ ਉਨ੍ਹਾਂ ਨੇ ਮਨੁੱਖ ਲਈ ਜੋ ਸਿਧਾਂਤ ਸਿਰਜੇ ੳੇੁਨ੍ਹਾ ਸਾਰਿਆਂ ਨੂੰ ਉਨ੍ਹਾਂ ਨੇ ਆਪਣੇ ਜੀਵਨ ਵਿਚ ਖੁਦ ਲਾਗੂ ਕੀਤਾ। ਇਸ ਮੌਕੇ ਦਲਜੀਤ ਸਿੰਘ ਗੁਲਾਲੀਪੁਰ,  ਰਣਜੀਤ ਸਿੰਘ ਭੋਮਾਂ, ਹਰਜੀਤ ਸਿੰਘ ਵਡਾਲਾ ਜੌਹਲ, ਸ੍ਰ. ਪ੍ਰੀਤਇੰਦਰ ਸਿੰਘ, ਸ੍ਰ. ਪਰਮਜੀਤ ਸਿੰਘ, ਵਾਇਸ ਪ੍ਰਿੰ. ਪ੍ਰਭਜੋਤ ਕੌਰ, ਮੈਡਮ ਰੁਪਿੰਦਰ ਕੌਰ  ਆਦਿ ਹਾਜਰ ਸਨ। ਸਟੇਜ ਸੰਚਾਲਨ ਸ. ਹਰਜੀਤ ਸਿੰਘ ਨੇ ਬਹਖੂਬੀ ਨਿਭਾਇਆ।

Translate »