ਅੰਮ੍ਰਿਤਸਰ, 26 ਨਵੰਬਰ ( )- ਵਿਰਾਸਤ-ਏ-ਖਾਲਸਾ ਦੇ ਉਦਘਾਟਨ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫੱਖਰੇ ਕੌਮ ਦਾ ਖਿਤਾਬ ਦਿੱਤੇ ਜਾਣ ਦੇ ਐਲਾਨ ਨੂੰ ਗੈਰ ਸਿਧਾਂਤਕ ਕਰਾਰ ਦਿੰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਮੰਗ ਕੀਤੀ ਹੈ ਕਿ ਗਿਆਨੀ ਗੁਰਬਚਨ ਸਿੰਘ ਗੁਰਮਤਿ ਸਿਧਾਂਤਾਂ, ਪੰਥਕ ਰਵਾਇਤਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪ੍ਰੰਪਰਾਵਾਂ ਨੂੰ ਪਿੱਠ ਦੇਣ ਦੀ ਭੁੱਲ ਨਾ ਕਰਨ, ਨਹੀਂ ਤਾਂ ਸਿੱਖ ਸਿਧਾਂਤਾਂ ਉੱਤੇ ਹੀ ਸਵਾਲੀਆ ਚਿੰਨ• ਲੱਗ ਜਾਵੇਗਾ। ਸ੍ਰ: ਕਲਕੱਤਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਸਿੱਖ ਸਖਸ਼ੀਅਤ ਨੂੰ ਮਾਨ ਸਨਮਾਨ ਦਿੱਤੇ ਜਾਣ ਸਮੇਂ ਗੁਰਮਤਿ ਸਿਧਾਂਤਾਂ ਅਤੇ ਪੰਥਕ ਰਵਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ, ਲੇਕਿਨ ਗਿਆਨੀ ਗੁਰਬਚਨ ਸਿੰਘ ਵੱਲੋਂ ਬੀਤੇ ਕੱਲ ਅਨੰਦਪੁਰ ਸਾਹਿਬ ਵਿਖੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਜਾਣ ਵਾਲੇ ਖਿਤਾਬ ਬਾਰੇ ਐਲਾਨ ਕਰਨ ਨਾਲ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਸ੍ਰ: ਕਲਕੱਤਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਪੰਥਕ ਸਖਸ਼ੀਅਤ ਨੂੰ ਉਸ ਦੀਆਂ ਕੀਤੀਆਂ ਪ੍ਰਾਪਤੀਆਂ ਲਈ ਜਿਊਂਦੇ ਜੀਅ ਪੰਥ ਰਤਨ, ਗੁਰਮਤਿ ਮਾਰਤੰਡ ਦਾ ਖਿਤਾਬ ਨਹੀਂ ਦਿੱਤਾ ਗਿਆ ਅਤੇ ਅਜਿਹੇ ਖਿਤਾਬ ਜਥੇਦਾਰ ਗੁਰਚਰਨ ਸਿੰਘ ਟੋਹੜਾ ਅਤੇ ਪੰਥ ਦੇ ਮਹਾਨ ਪ੍ਰਚਾਰਕ ਗਿਆਨੀ ਸੰਤ ਸਿੰਘ ਮਸਕੀਨ ਨੂੰ ਗੁਰਪੁਰੀ ਸੁਧਾਰ ਜਾਣ ਉਪਰੰਤ ਹੀ ਦਿੱਤੇ ਗਏ ਸਨ। ਕੇਵਲ ਸਿਰਦਾਰ ਕਪੂਰ ਸਿੰਘ ਜੀ ਨੂੰ ਜਿਊਂਦੇ ਜੀਅ ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ ਦਾ ਖਿਤਾਬ ਦਿੱਤਾ ਗਿਆ ਸੀ। ਉਨ•ਾਂ ਦੱਸਿਆ ਕਿ ਬਾਬਾ ਖੜਕ ਸਿੰਘ ਨੂੰ ਬੇਤਾਜ ਬਾਦਸ਼ਾਹ, ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਅਤੇ ਮਾਸਟਰ ਤਾਰਾ ਸਿੰਘ ਨੂੰ ਪੰਥ ਰਤਨ, ਸਰਦਾਰ-ਏ-ਆਜ਼ਮ ਦੇ ਖਿਤਾਬ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਹੀਂ ਬਲਕਿ ਸਿੱਖ ਕੌਮ ਵੱਲੋਂ ਦਿੱਤੇ ਗਏ ਸਨ। ਉਨ•ਾਂ ਕਿਹਾ ਕਿ ਇਹ ਕਿਤੇ ਵੀ ਵਿਧੀ ਵਿਧਾਨ ਨਹੀਂ ਹੈ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਜਿਊਂਦੇ ਜੀਅ ਆਪਣੇ ਦੇਸ਼ ਦੇ ਰਾਸ਼ਟਰਪਤੀ ਨੂੰ ਖਿਤਾਬ ਦੇ ਦੇਵੇ। ਉਨ•ਾਂ ਕਿਹਾ ਕਿ ਇਸਾਈ ਪ੍ਰਚਾਰਕ ਮਦਰ ਟਰੇਸਾ ਨੂੰ ਸੰਤ ਦਾ ਖਿਤਾਬ ਦੇਣ ਲਈ ਵੀ ਇਸਾਈ ਭਾਈਚਾਰੇ ਨੂੰ ਕਈ ਸਾਲ ਲੱਗ ਗਏ ਸਨ। ਸ੍ਰ: ਕਲਕੱਤਾ ਨੇ ਦੱਸਿਆ ਕਿ ਸਿੱਖ ਕੌਮ ਵਿੱਚ ਕਿਸੇ ਵੀ ਸਖਸ਼ੀਅਤ ਨੂੰ ਪੰਥਕ ਹਿੱਤਾਂ ਲਈ ਕੀਤੀਆਂ ਸੇਵਾਵਾਂ ਬਦਲੇ ਹੀ ਦਿੱਤਾ ਜਾਂਦਾ ਹੈ ਅਤੇ ਇਸ ਮਾਮਲੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ, ਪ੍ਰੋ: ਜੋਧ ਸਿੰਘ, ਭਾਈ ਕਾਹਨ ਸਿੰਘ ਨਾਭਾ, ਭਾਈ ਸਾਹਿਬ ਭਾਈ ਵੀਰ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋ: ਮੋਹਨ ਸਿੰਘ, ਪ੍ਰਿੰ: ਗੁਰਮੁੱਖ ਸਿੰਘ, ਪ੍ਰੋ: ਬਲਬੀਰ ਸਿੰਘ, ਅਖੰਡ ਕੀਰਤਨੀ ਜਥਾ ਦੇ ਭਾਈ ਸਾਹਿਬ ਭਾਈ ਰਣਧੀਰ ਸਿੰਘ, ਸੰਤ ਅਤਰ ਸਿੰਘ ਦੇ ਨਾਮ ਅਹਿਮ ਹਨ, ਜਿੰਨ•ਾਂ ਨੂੰ ਅਜੇ ਤੱਕ ਉਨ•ਾਂ ਦੀਆਂ ਸੇਵਾਵਾਂ ਬਦਲੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਖਿਤਾਬ ਨਹੀਂ ਦਿੱਤਾ ਗਿਆ। ਸ੍ਰ: ਕਲਕੱਤਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਕਰਦੀ ਹੈ, ਜਦਕਿ ਸ਼੍ਰੋਮਣੀ ਕਮੇਟੀ ਉਪਰ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਦਾ ਦਬਦਬਾ ਹੈ ਅਤੇ ਇੰਝ ਮਹਿਸੂਸ ਹੁੰਦਾ ਹੈ ਕਿ ਸ੍ਰ: ਬਾਦਲ ਨੂੰ ਦਿੱਤਾ ਜਾ ਰਿਹਾ ਖਿਤਾਬ ਕੋਈ ਮਤਾਹਿਤ ਆਪਣੇ ਮਾਲਕ ਨੂੰ ਦੇ ਰਿਹਾ ਹੋਵੇ। ਉਨ•ਾਂ ਕਿਹਾ ਕਿ ਜੇਕਰ ਸ੍ਰ: ਬਾਦਲ ਨੂੰ ਮਹਿਜ ਇਤਿਹਾਸਕ ਯਾਦਗਾਰਾਂ ਉਸਾਰੇ ਜਾਣ ਲਈ ਇਹ ਮਾਣ ਦਿੱਤਾ ਜਾ ਰਿਹਾ ਹੈ ਤਾਂ ਅਨੇਕਾਂ ਹੀ ਕਾਰ ਸੇਵਾ ਵਾਲੇ ਸੰਤ ਮਹਾਪੁਰਸ਼ਾਂ ਦੀ ਪੰਥ ਨੂੰ ਇਸ ਮਾਮਲੇ ਵਿੱਚ ਵਡਮੁੱਲੀ ਦੇਣ ਹੈ। ਉਨ•ਾਂ ਕਿਹਾ ਕਿ ਜਥੇਦਾਰ ਸਾਹਿਬ ਕੋਈ ਵੀ ਖਿਤਾਬ ਦੇਣ ਤੋਂ ਪਹਿਲਾਂ ਇੱਕ ਵਾਰ ਫਿਰ ਆਪਣੇ ਵੱਲੋਂ ਲਏ ਗਏ ਐਲਾਨ ਉਤੇ ਮੁੜ ਵਿਚਾਰ ਕਰਨ ਤਾਂ ਜੋ ਭਵਿੱਖ ਵਿੱਚ ਗੁਰਮਤਿ ਸਿਧਾਂਤਾਂ ਅਤੇ ਪੰਥਕ ਪ੍ਰੰਪਰਾਵਾਂ ਉਪਰ ਕੋਈ ਸਵਾਲੀਆ ਚਿੰਨ• ਨਾ ਲੱਗੇ।