ਬਹਾਦਰਗੜ• (ਪਟਿਆਲਾ), 28 ਨਵੰਬਰ : ” ਰਾਸ਼ਟਰੀ ਬਾਗਬਾਨੀ ਮਿਸ਼ਨ ਅਧੀਨ ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਰਵਾਇਤੀ ਫਸਲੀ ਚੱਕਰ ਵਿੱਚੋਂ ਬਾਹਰ ਕੱਢ ਕੇ ਬਾਗਬਾਨੀ ਨਾਲ ਜੋੜਨ ਦੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਪੰਜਾਬ ਦੇ ਪੌਣ-ਪਾਣੀ ਦੇ ਅਨੁਕੂਲ ਫ਼ਲਾਂ ਦੀ ਪੈਦਾਵਾਰ ਵੱਲ ਕਿਸਾਨਾਂ ਦਾ ਰੁਝਾਨ ਵਧਣ ਲੱਗ ਪਿਆ ਹੈ ਜੋ ਪੰਜਾਬ ਦੀ ਆਰਥਿਕਤਾ ਲਈ ਚੰਗਾ ਸੰਕੇਤ ਹੈ । ” ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਐਮ.ਐਸ. ਗਿੱਲ ਨੇ ਪਟਿਆਲਾ ਦੇ ਕਸਬਾ ਬਹਾਦਰਗੜ• ਨੇੜੇ ਸਥਿਤ ਪੀ.ਏ.ਯੂ ਦੇ ਖੇਤਰੀ ਫ਼ਲ ਖੋਜ ਕੇਂਦਰ ਵਿਖੇ ਆਯੋਜਿਤ ਅਮਰੂਦ ਪ੍ਰਦਰਸ਼ਨੀ ਅਤੇ ਸੈਮੀਨਾਰ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਸਮੇਂ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਡਾ. ਗਿੱਲ ਨੇ ਕਿਹਾ ਕਿ ਅਮਰੂਦ, ਆਂਵਲਾ, ਬੇਰ, ਕਿੰਨੂ ਸਮੇਤ ਹੋਰ ਕਈ ਫ਼ਲ ਹਨ ਜਿਨ•ਾਂ ਨੂੰ ਪੰਜਾਬ ਦੇ ਕਿਸਾਨਾਂ ਨੇ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਯਕੀਨੀ ਤੌਰ ‘ਤੇ ਇਹ ਕਿਸਾਨਾਂ ਲਈ ਆਮਦਨ ਦਾ ਚੰਗਾ ਸਰੋਤ ਵੀ ਸਾਬਿਤ ਹੋ ਰਹੇ ਹਨ । ਉਨ•ਾਂ ਕਿਹਾ ਕਿ ਫ਼ਲਾਂ ਦੀ ਕਾਸ਼ਤ ਨਾਲ ਪੰਜਾਬ ਦੇ ਕਿਸਾਨ ਆਰਥਿਕ ਤੌਰ ‘ਤੇ ਮਜ਼ਬੂਤ ਹੋਣਗੇ ਅਤੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਫ਼ਲਾਂ ਦੀਆਂ ਨਵੀਂਆਂ ਤੇ ਵਿਲੱਖਣ ਕਿਸਮਾਂ ‘ਤੇ ਖੋਜ ਕਾਰਜ ਲਗਾਤਾਰ ਜਾਰੀ ਰਹਿੰਦੇ ਹਨ । ਇਸ ਮੌਕੇ ਡਾ. ਗਿੱਲ ਨੇ ਅਮਰੂਦ ਪ੍ਰਦਰਸ਼ਨੀ ਦਾ ਜਾਇਜ਼ਾ ਲਿਆ ਅਤੇ ਪ੍ਰਦਰਸ਼ਨੀ ਵਿੱਚ ਰੱਖੇ ਗਏ ਵੱਖ-ਵੱਖ ਕਿਸਮਾਂ ਦੇ ਅਮਰੂਦਾਂ ਨੂੰ ਫ਼ਲ ਪ੍ਰੇਮੀਆਂ ਲਈ ‘ਤੋਹਫਾ’ ਕਰਾਰ ਦਿੱਤਾ ।
ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਜੀ.ਐਸ. ਗੋਸਲ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਨੂੰ ਫ਼ਲਾਂ ਦੀ ਕਾਸ਼ਤ ਲਈ ਪ੍ਰੇਰਿਤ ਕਰਨਾ ਉਚਿਤ ਹੈ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਸੈਮੀਨਾਰ ਲਾਹੇਵੰਦ ਸਾਬਿਤ ਹੁੰਦੇ ਹਨ । ਉਨ•ਾਂ ਕਿਹਾ ਕਿ ਕਿਸਾਨ ਫ਼ਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵੀ ਮਾਹਿਰਾਂ ਵੱਲੋਂ ਦਿੱਤੇ ਜਾਂਦੇ ਨੁਕਤਿਆਂ ਨੂੰ ਅਪਣਾ ਕੇ ਫ਼ਲਾਂ ਦੀ ਭਰਵੀਂ ਪੈਦਾਵਾਰ ਹਾਸਿਲ ਕਰ ਸਕਦੇ ਹਨ । ਅਮਰੂਦ ਪ੍ਰਦਰਸ਼ਨੀ ਦੌਰਾਨ ਖੇਤਰੀ ਫ਼ਲ ਖੋਜ ਕੇਂਦਰ ਬਹਾਦਰਗੜ• ਵੱਲੋਂ ਵੱਖ-ਵੱਖ ਕਿਸਮਾਂ ਦੇ ਅਮਰੂਦ ਪ੍ਰਦਰਸ਼ਿਤ ਕੀਤੇ ਗਏ ਜਿਨ•ਾਂ ਵਿੱਚ ਸੇਬੀ ਅਮਰੂਦ, ਪੰਜਾਬ ਪਿੰਕ ਅਤੇ ਪਰਪਲ ਗਾਵਾ ਆਪਣੀ ਗੁਲਾਬੀ ਤੇ ਜਾਮਣੀ ਦਿੱਖ ਕਾਰਨ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ । ਪ੍ਰਦਰਸ਼ਨੀ ਦੌਰਾਨ ਇਲਾਹਬਾਦ ਸਫੇਦਾ, ਅਰਕਾ ਅਮੁੱਲ, ਹਿਸਾਰ ਸਫੇਦਾ, ਸਫਰੀ, ਸ਼ਵੇਤਾ ਤੇ ਪੁਰਤਗਾਲ ਕਿਸਮਾਂ ਦੇ ਅਮਰੂਦਾਂ ਵੱਲ ਵੀ ਕਿਸਾਨਾਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ । ਇਸ ਮੌਕੇ ਮਾਹਿਰਾਂ ਨੇ ਵੱਖ-ਵੱਖ ਫ਼ਲਾਂ ਦੀ ਪੈਦਾਵਾਰ ਦੇ ਉਚਿਤ ਮੌਸਮ, ਕੀੜਿਆਂ, ਪੌਣ-ਪਾਣੀ, ਮਿੱਟੀ ਤੇ ਹੋਰ ਉਪਯੋਗੀ ਪੱਖਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ।
ਸੈਮੀਨਾਰ ਦੌਰਾਨ ਪੀ.ਏ.ਯੂ ਦੇ ਬਾਗਬਾਨੀ ਵਿਭਾਗ ਦੇ ਮੁਖੀ ਡਾ. ਪੀ.ਐਸ. ਔਲਖ, ਖ਼ੇਤਰੀ ਫ਼ਲ ਖੋਜ ਕੇਂਦਰ ਦੇ ਮੁਖੀ ਡਾ. ਰਾਜਬੀਰ ਸਿੰਘ ਬੂਰਾ, ਡਾ. ਸੁਖਜੀਤ ਕੌਰ ਜਵੰਦਾ, ਡਾ. ਗੁਰਜਿੰਦਰਪਾਲ ਸਿੰਘ ਸੋਢੀ, ਡਾ. ਡੀ.ਆਰ. ਸ਼ਰਮਾ, ਡਾ. ਸਰਬਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਤੇ ਫ਼ਲ ਪ੍ਰੇਮੀ ਹਾਜ਼ਰ ਸਨ ।