ਬਰਨਾਲਾ, 28 ਨਵੰਬਰ- ਸਿਵਲ ਹਸਪਤਾਲ ਬਰਨਾਲਾ ਵਿਖੇ ਭਲਕੇ ਮਿਤੀ 29 ਨਵੰਬਰ ਨੂੰ ਇੱਕ ਵਿਸ਼ੇਸ਼ ਨਸਬੰਦੀ ਕੈਂਪ ਸਵੇਰੇ 9.00 ਵਜੇ ਤੋਂ ਲੈ ਕੇ ਸਾਮ ਤੱਕ ਲਗਾਇਆ ਜਾਵੇਗਾ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਲਗਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉਹਨਾਂ ਦੱਸਿਆ ਕਿ ਨਸਬੰਦੀ ਦਾ ਅਪਰੇਸਨ ਬਹੁਤ ਛੋਟਾ ਹੈ, ਇਸ ਵਿੱਚ ਕੋਈ ਚੀਰਾ ਨਹੀਂ ਲਗਾਇਆ ਜਾਂਦਾ ਅਤੇ ਨਾ ਹੀ ਕੋਈ ਟਾਂਕਾ ਲਗਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਨਸਬੰਦੀ ਕਰਵਾਉਣ ਵਾਲਾ ਵਿਅਕਤੀ ਅਪਰੇਸਨ ਕਰਵਾਉਣ ਤੋਂ ਅੱਧੇ ਘੰਟੇ ਬਾਅਦ ਹੀ ਆਪਣੇ ਘਰ ਜਾ ਸਕਦਾ ਹੈ ਅਤੇ ਅਗਲੇ ਦਿਨ ਤੋਂ ਆਪਣੇ ਸਾਰੇ ਰੋਜਾਨਾ ਦੇ ਕੰਮ ਕਰ ਸਕਦਾ ਹੈ। ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਇਸ ਅਪਰੇਸਨ ਤੋਂ ਬਾਅਦ ਸਿਰਫ ਇੱਕ ਹਫਤਾ ਸਾਈਕਲ ਨਾ ਚਲਾਉਣ ਦਾ ਹੀ ਪ੍ਰਹੇਜ ਰੱਖਣਾ ਪੈਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਅਪਰੇਸਨ ਕਰਵਾਉਣ ਵਾਲੇ ਮਰੀਜ ਨੂੰ 1100/- ਰੁਪਏ ਦਿੱਤੇ ਜਾਣਗੇ ਅਤੇ ਲਿਆਉਣ ਵਾਲੇ ਨੂੰ 200/- ਰੁਪਏ ਨਕਦ ਦਿੱਤੇ ਜਾਣਗੇ।ਸਿਵਲ ਸਰਜਨ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਧਦੀ ਹੋਈ ਅਬਾਦੀ ਨੂੰ ਰੋਕਣ ਲਈ ਇਸ ਕੈਂਪ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਆਪਣੇ ਪਰਿਵਾਰ ਨੂੰ ਸੀਮਤ ਰੱਖਣ ਕਿਉਂਕਿ ਛੋਟਾ ਪਰਿਵਾਰ ਹੀ ਸੁੱਖੀ ਪਰਿਵਾਰ ਹੁੰਦਾ ਹੈ।