ਚੰਡੀਗੜ•, 28 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਸੀਨੀਅਰ ਨੇਤਾ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਹੇਠਲੇ ਪੱਧਰ ਤੱਕ ਐਡਜਸਟਮੈਂਟ ਕਰਨ ਲਈ ਜ਼ਿਲ•ਾ ਪ੍ਰਧਾਨ ਸਾਹਿਬਾਨ ਤੇ ਹੋਰ ਅਹੁਦੇਦਾਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ੍ਰ ਬਾਦਲ ਨੇ ਆਖਿਆ ਹੈ ਕਿ ਸ੍ਰ ਰਾਮੂਵਾਲੀਆ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਸਾਰੇ ਹੀ ਆਗੂਆਂ ਅਤੇ ਵਰਕਰਾਂ ਨੂੰ ਹੇਠਲੇ ਪੱਧਰ ਤੱਕ ਸੁਚੱਜੇ ਢੰਗ ਨਾਲ ਐਡਜਸਟ ਕੀਤਾ ਜਾਵੇਗਾ ਤੇ ਇਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਏਕੇ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਦੋਹਾਂ ਪਾਰਟੀਆਂ ਦੇ ਆਗੂ ਪੂਰਨ ਏਕਤਾ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਗੇ।
ਸ੍ਰ ਬਾਦਲ ਨੇ ਹਰ ਜ਼ਿਲ•ੇ ਦੇ ਜ਼ਿਲ•ਾ ਜਥੇਦਾਰ ਸਾਹਿਬਾਨ ਅਤੇ ਹੋਰ ਅਹੁਦੇਦਾਰਾਂ ਨੂੰ ਸਪਸ਼ਟ ਹਦਾਇਤ ਕੀਤੀ ਹੈ ਕਿ ਪਾਰਟੀ ਵਿਚ ਸ਼ਾਮਲ ਹੋਏ ਆਗੂਆਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇ ਅਤੇ ਪਾਰਟੀ ਦੀਆਂ ਮੀਟਿੰਗਾਂ ਤੇ ਹੋਰ ਗਤੀਵਿਧੀਆਂ ਵਿਚ ਇਹਨਾਂ ਦੀ ਪੂਰੀ ਸਰਗਰਮੀ ਨਾਲ ਸ਼ਮੂਲੀਅਤ ਕਰਵਾਈ ਜਾਵੇ।