November 29, 2011 admin

ਮਾਈ ਭਾਗੋ ਸਕੀਮ ਤਹਿਤ ਸ:ਸੀ:ਸੈ:ਸਕੂਲ ਕੱਥੂਨੰਗਲ ਵਿੱਚ ਹਲਕਾ ਵਿਧਾਇਕ ਨੇ ਕੀਤੇ 125 ਸਾਈਕਲ ਵਿਤਰਿਤ

ਅੰਮ੍ਰਿਤਸਰ, 29 ਨਵੰਬਰ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਿਦਿਆ ਦੇ ਪ੍ਰਸਾਰ ਲਈ ਭਰਪੂਰ ਉਪਰਾਲੇ ਕੀਤੇ ਗਏ ਹਨ ਜਿੰਨਾਂ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਕਰਵਾਏ ਸਰਵੇਖਣ ਅਨੁਸਾਰ ਪੰਜਾਬ ਦੇ ਵਿਦਿਅਕ ਮਿਆਰ ਵਿੱਚ ਇਨਕਲਾਬੀ ਸੁਧਾਰ ਹੋਇਆ ਹੈ। ਸ੍ਰ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਉਪਰਾਲਿਆਂ ਸਦਕਾ ਪੰਜਾਬ ਦਾ ਵਿਦਿਅਕ ਸਤਰ ਦੇਸ਼ ਵਿੱਚ 14ਵੇਂ ਨੰਬਰ ਤੋਂ ਉਪਰ ਉਠ ਕੇ ਚੌਥੇ ਨੰਬਰ ਤੇ ਪਹੁੰਚ ਗਿਆ ਹੈ।
         ਇਹ ਪ੍ਰਗਟਾਵਾ ਸ੍ਰ ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਪੰਜਾਬ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਥੂਨੰਗਲ ਵਿਖੇ ਮਾਈ ਭਾਗੋ ਸਕੀਮ ਤਹਿਤ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ  ਨੂੰ ਮੁਫ਼ਤ ਸਾਈਕਲ ਵੰਡਣ ਉਪਰੰਤ ਆਪਣੇ ਸੰਬੋਧਨ ਦੌਰਾਨ ਕੀਤਾ। ਸ੍ਰ ਮਜੀਠੀਆ ਨੇ ਇਸ  ਮੌਕੇ ਤਕਰੀਬਨ 125 ਵਿਦਿਆਰਥਣਾ ਨੂੰ ਸਾਈਕਲ ਵੰਡੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਦੇ ਪਹਿਲੇ ਪੜਾਅ ਵਿੱਚ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਸਕੀਮ ਤਹਿਤ 9ਵੀਂ ਤੇ 10ਵੀਂ ਦੀਆਂ ਵਿਦਿਆਰਥਣਾਂ ਨੂੰ ਵੀ ਸਾਈਕਲ ਮੁਹੱਈਆ  ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹਲਕਾ ਮਜੀਠਾ ਵਿੱਚ ਇਸ ਸਕੀਮ ਦੇ ਪਹਿਲੇ ਪੜਾਅ ਵਿੱਚ ਤਕਰੀਬਨ 1800 ਸਾਈਕਲ ਵੰਡੇ ਜਾ ਰਹੇ ਹਨ।
         ਸ੍ਰ ਮਜੀਠੀਆ ਨੇ ਕਿਹਾ ਕਿ ਕੋਈ ਵੀ ਸੂਬਾ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦ ਤੱਕ ਪਿੰਡਾਂ ਦੇ ਬੱਚਿਆਂ ਨੂੰ ਸ਼ਹਿਰੀ ਬੱਚਿਆਂ ਵਾਂਗ ਵਧੀਆ ਵਿਦਿਅਕ ਸਹੂਲਤਾਂ ਨਾ ਮਿਲਣ। ਉਨ੍ਹਾਂ ਕਿਹਾ ਕਿ ਵਿਦਿਆ ਤਰੱਕੀ ਦੀ ਦਿਸ਼ਾ ਵੱਲ ਜਾਣ ਲਈ ਪਾਸਪੋਰਟ ਦਾ ਕੰਮ ਕਰਦੀ ਹੈ। ਸ੍ਰ ਮਜੀਠੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਥੇ ਸੂਬੇ ਵਿੱਚ ਤਕਰੀਬਨ 52 ਹਜ਼ਾਰ ਅਧਿਆਪਕਾਂ ਦੀ ਵੱਖ ਵੱਖ ਪੱਧਰ ‘ਤੇ ਭਰਤੀ ਕੀਤੀ ਗਈ ਹੈ ਅਤੇ ਸਕੂਲਾਂ ਨੂੰ ਵਿਦਿਅਕ ਢਾਂਚਾ ਉਪਲਬੱਧ ਕਰਵਾਇਆ ਗਿਆ ਹੈ ਉਥੇ ਕੇਵਲ ਮਜੀਠੇ ਹਲਕੇ ਵਿੱਚ ਤਕਰੀਬਨ  20 ਏਅਰਟੈਲ ਸਕੂਲ ਅਤੇ 17 ਹੋਰ ਨਵੇਂ ਸਕੂਲ ਖੋਲੇ ਗਏ ਹਨ। ਇਨ੍ਹਾਂ ਹੀ ਨਹੀਂ ਉਚੇਰੀ ਸਿਖਿਆ ਦੇ ਵਸੀਲਿਆਂ ਤੋਂ ਸੱਖਣੇ ਇਸ ਹਲਕੇ ਵਿੱਚ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਖਾਲਸਾ ਕਾਲਜ ਖੋਲਿਆ ਗਿਆ। ਇਸ ਤੋਂ ਇਲਾਵਾ ਲੱਖਾਂ ਰੁਪਏ ਦੀ ਲਾਗਤ ਨਾਲ ਹਲਕੇ ਦੇ ਸਕੂਲਾਂ ਵਿੱਚ ਫਰਨੀਚਰ, ਲੈਬਾਰਟਰੀ, ਖੇਡ ਮੈਦਾਨ ਆਦਿ ਤਿਆਰ ਕਰਵਾ ਕੇ ਉਨ੍ਹਾਂ ਨੂੰ ਅਪਗਰੇਡ ਕੀਤਾ ਗਿਆ ਹੈ।
         ਬਾਅਦ ਵਿੱਚ ਸ੍ਰ ਮਜੀਠੀਆ ਨੇ ਬੱਚੀਆਂ ਨੂੰ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ ਅਤੇ ਪੱਛਮੀ ਸਭਿਅਤਾ ਦੇ ਪ੍ਰਭਾਵ ਤੋਂ ਬਚਣ  ਲਈ ਪ੍ਰੇਰਿਆ। ਉਨ੍ਹਾਂ ਨੇ ਸਮੂਹ ਹਾਜਰੀਨ ਨੂੰ ਭਰੂਣ ਹੱਤਿਆ ਵਿਰੁੱਧ ਡੱਟਣ ਦੀ ਅਪੀਲ ਕੀਤੀ।
         ਇਸ ਮੌਕੇ ਵੱਡੀ ਗਿਣਤੀ ਵਿੱਚ ਸਕੂਲੀ ਬੱਚੀਆਂ, ਅਧਿਆਪਕਾਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ।

Translate »