ਲੁਧਿਆਣਾ, 29 ਨਵੰਬਰ – ਸਿੱਖ ਰਾਜ ਨੂੰ ਖਤਮ ਕਰਨ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਲਾਲ ਸਿਹੁੰ, ਤੇਜਾ ਸਿਹੁੰ, ਪਹਾੜਾ ਸਿਹੁੰ ਤੇ ਧਿਆਨੇ ਡੋਗਰੇ ਨੂੰ ਸਿੱਖ ਇਤਿਹਾਸ ਵਿਚ ਕੇਵਲ ਇਕ ਲਾਈਨ ਵਿਚ ਹੀ ਯਾਦ ਕੀਤਾ ਜਾਂਦਾ ਹੈ ਕਿ, “ਇਹਨਾਂ ਲੋਕਾਂ ਨੇ ਸਿੱਖ ਰਾਜ ਨਾਲ ਗੱਦਾਰੀ ਕੀਤੀ ”। ਭਾਵੇਂ ਕਿ ਉਸ ਸਮੇਂ ਇਹ ਸਿੱਖ ਰਾਜ ਦਰਬਾਰ ਵਿਚ ਪ੍ਰਧਾਨ ਮੰਤਰੀ, ਸੈਨਾਪਤੀ ਜਾਂ ਹੋਰ ਉੱਚ ਅਹੁਦਿਆਂ ‘ਤੇ ਬਿਰਾਜਮਾਨ ਸਨ। ਇਸੇ ਤਰ੍ਹਾ ਹੀ ਵਰਤਮਾਨ ਸਮੇਂ ਵਿਚ ਭਾਵੇਂ ਪਰਕਾਸ ਸਿਹੁੰ ਬਾਦਲ ਤੇ ਉਸਦੇ ਜੋਟੀਦਾਰ ਉੱਚ ਅਹੁਦਿਆਂ ਤੇ ਬੈਠੇ ਹੋਏ ਹਨ ਪਰ ਜਦੋਂ ਆਉਂਣ ਵਾਲੀਆਂ ਪੀੜੀਆਂ ਨੇ ਇਤਿਹਾਸ ਪੜ੍ਹਣਾ ਹੈ ਤਾਂ ਬਾਦਲ ਦੇ ਨਾਮ ਨੂੰ ਇਸੇ ਇਕ ਲਾਈਨ ਜਿੰਨੀ ਹੀ ਥਾਂ ਮਿਲਣੀ ਹੈ ਕਿ ਇਸ ਨੇ ਸਿੱਖ ਕੌਮ ਨਾਲ ਗੱਦਾਰੀ ਕੀਤੀ ਸੀ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਪਰਕਾਸ ਸਿੰਘ ਬਾਦਲ ਨੂੰ ਫਕਰੇ-ਕੌਮ ਪੰਥ ਰਤਨ ਦਾ ਅਵਾਰਡ ਦੇਣ ਦੇ ਐਲਾਨ ਉੱਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕੀਤਾ।
ਉਹਨਾਂ ਕਿਹਾ ਕਿ ਸਮੇਂ ਦੇ ਰਾਜੇ ਆਪਣੇ ਨਾਵਾਂ ਨਾਲ ਅਨੇਕਾਂ ਖਿਤਾਬ ਜੋੜ ਕੇ ਅਤੇ ਖਾਸ ਤੌਰ ‘ਤੇ ਉਹਨਾਂ ਨੂੰ ਧਾਰਮਿਕ ਅਹੁਦੇਦਾਰਾਂ ਤੋਂ ਮਾਨਤਾ ਦਿਵਾ ਕੇ ਆਪਣੇ ਹਊਮੈਂ ਨੂੰ ਪੱਠੇ ਪਾਉਂਦੇ ਆਏ ਹਨ ਜਿਵੇ ਕਿ ਔਰੰਗਜੇਬ ਨੇ ਆਪਣੇ ਆਪ ਨੂੰ ਆਲਮਗੀਰ (ਭਾਵ ਦੁਨੀਆਂ ਦਾ ਜੇਤੂ) ਦੇ ਖਿਤਾਬ ਨਾਲ ਨਿਵਾਜ਼ਿਆ ਸੀ ਪਰ ਅੱਜ ਔਰੰਗਾਬਾਦ ਜਾ ਕੇ ਦੇਖੋ ਕਿ ਉਸਦੀ ਸਮਾਧ ਉੱਤੇ ਧੇਲੀ ਦਾ ਦੀਵਾ ਬਾਲਣ ਵਾਲਾ ਤਾਂ ਇਕ ਪਾਸੇ ਰਿਹਾ ਸਗੋਂ ਕੁੱਤੇ ਉਸਦੀ ਸਮਾਧ ਉੱਤੇ ਮੂਤਦੇ ਹਨ।
ਉਹਨਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਪੰਥ ਦੇ ਸਿਰਮੌਰ ਅਸਥਾਨ ਦੀ ਸੇਵਾ ਸੰਭਾਲ ਕਰਦੇ ਹੋਏ ਕੇਵਲ ਅਕਾਲ ਪੁਰਖ ਨੂੰ ਜਵਾਬਦੇਹੀ ਵਾਲੇ ਕੰਮ ਹੀ ਕਰਨੇ ਚਾਹੀਦੇ ਹਨ ਪਰ ਦੁਨਿਆਵੀ ਰਾਜਿਆਂ ਦੀ ਵਫਾਦਾਰੀ ਵਿਚ ਏਨੇ ਨੀਵੇ ਉਤਰਨ ਨਾਲ ਨਾ ਕੇਵਲ ਅਕਾਲ ਤਖਤ ਸਾਹਿਬ ਦੀ ਮਾਣ-ਮਰਿਯਾਦਾ ਨੂੰ ਭਾਰੀ ਠੇਸ ਪਹੁੰਚਾਈ ਗਈ ਹੈ ਸਗੋਂ ਆਪਣਾ ਲੋਕ-ਪਰਲੋਕ ਵੀ ਖਰਾਬ ਕਰ ਲਿਆ ਹੈ। ਸੋ ਜਥੇਦਾਰ ਜੀ ਨੂੰ ਕੀਤੇ ਇਸ ਐਲਾਨ ਨੂੰ ਵਾਪਸ ਲੈ ਕੇ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨੀ ਚਾਹੀਦੀ ਹੈ।