ਤਲਵੰਡੀ ਧਾਮ (ਲੁਧਿਆਣਾ) 29 ਨਵੰਬਰ: ਸਮਾਜ ਵਿੱਚੋਂ ਬਾਲ-ਮਜ਼ਦੂਰੀ ਨੂੰ ਖਤਮ ਕਰਨ ਵਿੱਚ ਸਹਿਯੋਗ ਲਈ ਸਮਾਜ-ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਨੂੰ ਬਾਲ-ਮਜ਼ਦੂਰੀ ਨੂੰ ਬੰਦ ਕਰਨ ਹਿੱਤ ਬਾਲ-ਮਜ਼ਦੂਰਾਂ ਦੇ ਮੁੜ-ਵਸੇਬੇ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ।
ਇਹ ਪ੍ਰਗਟਾਵਾ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਸਮਾਜਿਕ ਸਰੁੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਅੱਜ ਸਵਾਮੀ ਗੰਗਾਨੰਦ ਭੂਰੀ ਵਾਲੇ ਅੰਤਰ-ਰਾਸ਼ਟਰੀ ਫ਼ਾਊਡੇਸ਼ਨ, ਤਲਵੰਡੀ ਧਾਮ ਵਿਖੇ 5 ਲੋੜਵੰਦ ਂਜੋੜਿਆਂ ਨੂੰ ਬੱਚੇ ਗੋਦ ਦੇਣ ਸਮੇਂ ਪੱਤਰਕਾਰਾਂ ਵੱਲੋਂ ਬਾਲ-ਮਜ਼ਦੂਰੀ ਨੂੰ ਖਤਮ ਕਰਨ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕੀਤਾ।
ਪ੍ਰੋ. ਚਾਵਲਾ ਨੇ ਕਿਹਾ ਕਿ ਬਾਲ ਮਜ਼ਦੂਰੀ ਨੁੰ ਖਤਮ ਕਰਨ ਲਈ ਰਾਜ ਦੇ ਸਾਰੇ ਜ਼ਿਲਿਆਂ ਵਿੱਚ 1-1 ਕੇਂਦਰ ਸਥਾਪਿਤ ਕੀਤੇ ਜਾਣਗੇ, ਜਿੱਥੇ ਇਹਨਾਂ ਬੱਚਿਆਂ ਲਈ ਮੁਫ਼ਤ ਰਿਹਾਇਸ਼, ਖਾਣਾ ਅਤੇ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ 7 ਜ਼ਿਲਿਆਂ ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਸੰਗਰੂਰ, ਫ਼ਤਹਿਗੜ• ਸਾਹਿਬ, ਮਾਨਸਾ ਅਤੇ ਫ਼ਿਰੋਜ਼ਪੁਰ ਵਿਖੇ ਅਜਿਹੇ ਬਾਲ-ਘਰ ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਇਹਨਾਂ ਬਾਲ-ਘਰਾਂ ਦੇ ਨਾਲ ਹੀ ਬਿਰਧ ਆਸ਼ਰਮ ਵੀ ਬਣਾਏ ਜਾਣਗੇ ਜਿੱਥੇ ਇਹ ਬੱਚੇ ਬਜ਼ੁਰਗਾਂ ਦੇ ਪਿਆਰ ਦਾ ਨਿੱਘ ਮਾਨਣ ਦੇ ਯੋਗ ਹੋ ਸਕਣਗੇ। ਉਹਨਾਂ ਦੱਸਿਆ ਕਿ ਸਰਕਾਰ ਬੁਢਾਪਾ, ਵਿਧਵਾ ਅਤੇ ਅੰਗਹੀਣ ਵਿਅੱਕਤੀਆਂ ਨੂੰ ਮਿਲ ਰਹੀਂ 250 ਰੁਪਏ ਪ੍ਰਤੀ ਮਾਸਿਕ ਪੈਨਸ਼ਨ ਵਿੱਚ ਵਾਧਾ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ। ਉਹਨਾਂ ਸਾਰੇ ਵਰਗਾਂ ਦੇ ਲੋਕਾਂ ਨੂੰ ਸਮਾਜ ਵਿੱਚੋਂ ਭਰੂਣ ਹੱਤਿਆ, ਦਹੇਜ ਆਦਿ ਬੁਰਾਈਆਂ ਖਤਮ ਕਰਨ ਲਈ ਵੀ ਅਪੀਲ ਕੀਤੀ।੍ਵ
ਪ੍ਰੋ. ਚਾਵਲਾ ਨੇ ਕਿਹਾ ਕਿ ਸੰਤ-ਮਹਾਂਪੁਰਸਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਨਾਲ ਸਮਾਜਿਕ ਤਬਦੀਲੀ ਵਿੱਚ ਵਡਮੁੱਲਾ ਯੋਗਦਾਨ ਮਿਲਦਾ ਹੈ। ਉਹਨਾਂ ਕਿਹਾ ਕਿ ਸਵਾਮੀ ਗੰਗਾਨੰਦ ਭੂਰੀ ਵਾਲੇ ਅੰਤਰ-ਰਾਸ਼ਟਰੀ ਫ਼ਾਊਡੇਸ਼ਨ ਦੇ ਚੇਅਰਮੈਨ ਸਵਾਮੀ ਸ਼ੰਕਰਾਨੰਦ ਜੀ ਵੱਲੋਂ ਚਲਾਏ ਜਾ ਰਹੇ ਇਸ ਬਾਲ ਘਰ ਵਿੱਚ ਬੱਚਿਆਂ ਪਾਲਣ-ਪੋਸ਼ਣ ਲਈ ਕੀਤਾ ਜਾ ਰਿਹਾ ਉਪਰਾਲਾ ਇੱਕ ਉੱਤਮ ਅਤੇ ਪੁੰਨ ਦਾ ਕਾਰਜ ਹੈ। ਉਹਨਾਂ ਕਿਹਾ ਕਿ ਇੱਥੇ ਬੱਚੇ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਵੱਡੇ ਹੁੰਦੇ ਹਨ, ਇਸ ਲਈ ਇਹ ਬੱਚੇ ਭਾਗਸ਼ਾਲੀ ਹਨ।
ਇਸ ਮੌਕੇ ਤੇ ਸਵਾਮੀ ਸ਼ੰਕਰਾਨੰਦ ਜੀ ਚੇਅਰਮੈਨ ਸਵਾਮੀ ਗੰਗਾਨੰਦ ਭੂਰੀ ਵਾਲੇ ਅੰਤਰ-ਰਾਸ਼ਟਰੀ ਫ਼ਾਊਡੇਸ਼ਨ ਨੇ ਕਿਹਾ ਕਿ ਬੱਚੇ ਸਮਾਜ ਦਾ ਅਮੁੱਲ ਖ਼ਜਾਨਾ ਹਨ ਅਤੇ ਇਹਨਾਂ ਦੀ ਸੇਵਾ ਕਰਕੇ ਮਨ ਨੂੰ ਸਤੁੰਸ਼ਟੀ ਪ੍ਰਾਪਤ ਹੁੰਦੀ ਹੈ। ਉਹਨਾਂ ਕਿਹਾ ਕਿ ਇਸ ਫ਼ਾਊਡੇਸ਼ਨ ਦੇ ਮਾਰਚ 2003 ਵਿੱਚ ਸਥਾਪਿਤ ਹੋਣ ਉਪਰੰਤ ਹੁਣ ਤੱਕ 150 ਤੋਂ ਵੱਧ ਬੱਚੇ ਇੱਥੇ ਆਏ ਹਨ। ਉਹਨਾਂ ਦੱਸਿਆ ਕਿ ਇਸ ਸਮੇਂ ਇੱਥੇ 46 ਬੱਚਿਆਂ ਦਾ ਵੱਖ-ਵੱਖ 7 ਘਰਾਂ ਵਿੱਚ ਪ੍ਰੀਵਾਰਕ ਮਾਹੌਲ ਅਨੁਸਾਰ ਪਾਲਣ-ਪੋਸ਼ਣ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਇੰਦਰਪ੍ਰੀਤ ਕੌਰ ਜ਼ਿਲਾ ਸਮਾਜਿਕ ਸਰੁੱਖਿਆ ਅਫ਼ਸਰ, ਸ੍ਰੀਮਤੀ ਰੁਪਿੰਦਰ ਕੌਰ ਜ਼ਿਲਾ ਪ੍ਰੋਗਰਾਮ ਅਫ਼ਸਰ, ਸਵਾਮੀ ਗੰਗਾਨੰਦ ਭੂਰੀ ਵਾਲੇ ਅੰਤਰ-ਰਾਸ਼ਟਰੀ ਫ਼ਾਊਡੇਸ਼ਨ ਦੇ ਸਕੱਤਰ ਕੁਲਦੀਪ ਸਿੰਘ ਮਾਨ, ਪ੍ਰਧਾਨ ਬੀਬੀ ਜਂਸਵੀਰ ਕੌਰ, ਉਪ ਪ੍ਰਧਾਨ ਐਡਵੋਕੇਟ ਸਤਵੰਤ ਸਿੰਘ ਗਰੇਵਾਲ,.ਖਜ਼ਾਨਚੀ ਰੁਪਿੰਦਰ ਸਿੰਘ ਧਾਲੀਵਾਲ, ਸੇਵਾ ਸਿੰਘ ਖੇਲਾ, ਇੰਦਰ ਸਿੰਘ ਸਾਬਕਾ ਸਰਪੰਚ ਅਤੇ ਪ੍ਰਿੰਸੀਪਲ ਰਮਨਜੋਤ ਕੌਰ ਆਦਿ ਮੌਜੂਦ ਸਨ।