ਹੁਸ਼ਿਆਰਪੁਰ 30 ਨਵੰਬਰ
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨਸਾਰ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਵੋਟਰ ਸ਼ਨਾਖਤੀ ਕਾਰਡਾਂ ਦੇ ਆਧਾਰ ਤੇ ਹੀ ਪਾਈਆਂ ਜਾਣਗੀਆਂ ਅਤੇ ਹੋਰ ਕਿਸੇ ਵੀ ਸ਼ਨਾਖਤ ਨਾਲ ਵੋਟਾਂ ਪਾਉਣ ਦੀ ਆਗਿਆ ਨਹੀ ਦਿੱਤੀ ਜਾਵੇਗੀ । ਇਹ ਜਾਣਕਾਰੀ ਅੱਜ ਇਥੇ ਸ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜਿਲੇ ਦੀਆਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇਦਿਆਂ ਨਾਲ ਇਕ ਵਿਸ਼ੇਸ਼ ਮੀਟਿੰਗ ਦੋਰਾਨ ਦਿੱਤੀ ।ਇਸ ਮੋਕੇ ਤੇ ਸ੍ਰੀ ਹਰਮਿੰਦਰ ਸਿੰਘ , ਸ੍ਰੀ ਵਿਨੈ ਬੁਬਲਾਨੀ ਦੋਵੇ ਵਧੀਕ ਡਿਪਟੀ ਕਮਿਸ਼ਨਰ , ਸ੍ਰੀ ਪੀ ਪੀ ਸਿੰਘ ਐਸ ਡੀ ਐਮ ਦਸੂਹਾ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ ।
ਸ: ਦੀਪਇੰਦਰ ਸਿੰਘ ਨੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ ਕਿਹਾ ਕਿ ਸ਼ਨਾਖਤੀ ਕਾਰਡਾਂ ਅਤੇ ਵੋਟਰ ਸੂਚੀ ਦੀ ਸੋ ਫੀਸਦੀ ਕਵਰੇਜ਼ ਯਕੀਨੀ ਬਣਾਈ ਜਾਵੇ ਅਤੇ ਰਾਜਸੀ ਪਾਰਟੀਆਂ ਦੇ ਨੁਮਾਇਦਿਆਂ ਨੂੰ ਵੋਟਰ ਸ਼ਨਾਖਤੀ ਕਾਰਡਾਂ ਅਤੇ ਫੋਟੋ ਵੋਟਰ ਸੂਚੀ ਦੀ ਕਵਰੇਜ ਕਰਨ ਲਈ ਲੋੜੀਦਾ ਸਹਿਯੋਗ ਦੇਣ ਲਈ ਕਿਹਾ । ਉਨਾਂ ਨੇ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕੀਤੀ ਕਿ ਪੋਲਿੰਗ ਸਟੇਸ਼ਨਾਂ ਤੇ ਬਿਜਲੀ ਪਾਣੀ , ਲਾਈਟਾਂ , ਪਾਖਾਨਾ , ਰੈਪਸ ਦੀ ਸਹੂਲਤ ਯਕੀਨੀ ਬਣਾਈ ਜਾਵੇ ਅਤੇ ਇਸ ਸਬੰਧੀ ਜਾਂਚ ਪੜਤਾਲ ਕਰਕੇ 20 ਦਸੰਬਰ ਤੱਕ ਸਰਟੀਫੀਕੇਟ ਦਿੱਤਾ ਜਾਵੇ। ਉਨਾਂ ਕਿਹਾ ਕਿ ਕਿਸੇ ਵੀ ਬਿਲਡਿੰਗ ਵਿਚ ਪੇਡੂ ਖੇਤਰ ਦੀ ਸੂਰਤ ਵਿਚ 3 ਅਤੇ ਸ਼ਹਿਰੀ ਖੇਤਰ ਵਿਚ 5 ਤੋ ਵੱਧ ਪੋਲਿੰਗ ਬੂਥ ਨਾ ਸਥਾਪਿਤ ਕੀਤੇ ਜਾਣ । ਉਨਾਂ ਕਿਹਾ ਜਿਨਾਂ ਪੋਲਿੰਗ ਸਟੇਸ਼ਨਾਂ ਤੇ 1400 ਤੋ ਵੱਧ ਵੋਟਰ ਹਨ ਉਨਾਂ ਪੋਲਿੰਗ ਸਟੇਸ਼ਨਾਂ ਤੇ ਐਗਜ਼ਿਲਰੀ ਪੋਲਿੰਗ ਸਟੇਸ਼ਨ ਬਣਾਇਆ ਜਾਵੇ ਜਿਸ ਦੀ ਤਜ਼ਵੀਜ 20 ਦਸੰਬਰ ਤੱਕ ਭੇਜੀ ਜਾਵੇ ।
ਉਨਾਂ ਨੇ ਜਿਲੇ ਦੀਆਂ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇਦਿਆਂ ਨੂੰ ਕਿਹਾ ਕਿ ਡਿਫੇਸਮੈਟ ਆਫ ਪ੍ਰਾਪਰਟੀ ਐਕਟ ਦੇ ਤਹਿਤ ਜਿਲੇ ਦੀ ਕਿਸੇ ਵੀ ਸਰਕਾਰੀ ਪ੍ਰਾਪਰਟੀ ਤੇ ਪੋਸਟਰ, ਝੰਡੇ , ਹੋਰਡਿੰਗਜ਼ ,ਵਾਲ ਰਾਈਟਿੰਗ, ਬੈਨਰ ਆਦਿ ਨਾ ਲਗਾਏ ਜਾਣ । ਉਨਾਂ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਪ੍ਰਾਪਰਟੀ ਤੇ ਵਾਲ ਰਾਈਟਿੰਗ , ਪੋਸਟਰ , ਹੋਰਡਿੰਗਜ਼ , ਬੈਨਰ, ਝੰਡੇ ਆਦਿ ਲਗਾਉਣ ਤੋ ਪਹਿਲਾਂ ਪ੍ਰਾਪਰਟੀ ਦੇ ਮਾਲਿਕ ਕੋਲੋ ਲਿਖਤੀ ਪ੍ਰਵਾਨਗੀ ਲਈ ਜਾਵੇ ਅਤੇ ਇਸ ਦੀ ਕਾਪੀ ਸਬੰਧਤ ਰਿਟਰਨਿੰਗ ਅਫਸਰ ਨੂੰ ਭੇਜੀ ਜਾਵੇ ।
ਉਨਾਂ ਪੁਲਿਸ ਵਿਭਾਗ ਦੇ ਐਸ ਪੀ ਹੈਡਕੁਆਟਰ ਰਾਜੇਸ਼ਵਰ ਸਿੰਘ ਸਿੱਧੂ ਨੂੰ ਕਿਹਾ ਕਿ ਜਿਲੇ ਅੰਦਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਕ ਰਿਪੋਰਟ ਤਿਆਰ ਕਰਕੇ ਭੇਜੀ ਜਾਵੇ। ਉਨਾਂ ਨੇ ਕਰ ਤੇ ਆਬਕਾਰੀ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਗਾਮੀ ਵਿਧਾਨ ਸਭਾ ਚੌਣਾਂ ਦੋਰਾਨ ਸ਼ਰਾਬ ਦੀ ਵਰਤੋ , ਸ਼ਰਾਬ ਦੇ ਭੰਡਾਰ ਅਤੇ ਜਿਲੇ ਅੰਦਰ ਖੁੱਲੀਆਂ ਗੈਰ-ਕਾਨੂੰਨੀ ਸ਼ਰਾਬ ਦੇ ਠੇਕੇ ਦੀਆਂ ਬ੍ਰਾਂਚਾਂ ਅਤੇ ਬਾਹਰੀ ਰਾਜਾਂ ਤੋ ਨਜ਼ਾਇਜ਼ ਤੋਰ ਤੇ ਨਸ਼ਿਆਂ ਦੀ ਆਮਦ ਦੀ ਰੋਕਥਾਮ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਨੇ ਜਿਲਾ ਮੀਡੀਆ ਕੋਆਰਡੀਨੇਸ਼ਨ ਅਤੇ ਮੀਡੀਆ ਮੋਨੀਟਰਿੰਗ ਕਮੇਟੀ ਦੇ ਮੈਬਰਾਂ ਨੂੰ ਕਿਹਾ ਕਿ ਰਾਜਨੀਤਕ ਪਾਰਟੀਆਂ ਵਲੋ ਅਖਬਾਰਾਂ , ਕੇਬਲ ਟੀ ਵੀ , ਚੈਨਲਾਂ ਤੇ ਦਿੱਤ ੇਗਏ ਪੇਡ ਇਸ਼ਤਿਹਾਰਾਂ ਆਦਿ ਤੇ ਨਜ਼ਰ ਰੱਖੀ ਜਾਵੇ ਅਤੇ ਇਸ਼ਤਿਹਾਰਾਂ ਉਪਰੇ ਆਏ ਖਰਚੇ ਦਾ ਵੇਰਵਾ ਸਬੰਧਤ ਰਾਜਸੀ ਪਾਰਟੀ ਦੇ ਉਮੀਦਵਾਰ ਦੇ ਖਾਤੇ ਵਿਚ ਬੁੱਕ ਕੀਤਾ ਜਾਵੇ । ਉਨਾਂ ਨੇ ਖਰਚਾ ਨਿਗਰਾਨ ਕਮੇਟੀ ਨੂੰ ਕਿਹਾ ਕਿ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋ ਕੀਤੇ ਜਾ ਰਹੇ ਖਰਚੇ ਦਾ ਹਿਸਾਬ ਰੱਖਿਆ ਜਾਵੇ । ਉਨਾਂ ਨੇ ਰਾਜਸੀ ਪਾਰਟੀਆਂ ਦੇ ਨੁਮਾਇਦਿਆਂ ਨੂੰ ਕਿਹਾ ਕਿ ਜਿਲੇ ਅੰਦਰ 7 ਵਿਧਾਨ ਸਭਾ ਹਲਕਿਆਂ ਅੰਦਰ 1313 ਪੋਲਿੰਗ ਬੂਥ ਹਨ ਅਤੇ ਹਰੇਕ ਪਲਿੰਗ ਬੂਥ ਤੇ ਬੂਥ ਲੈਵਲ ਏਜੰਟ ਤੁਰੰਤ ਨਿਯੁਕਤ ਕਰਕੇ ਸੂਚੀ ਭੇਜੀ ਜਾਵੇ । ਉਨਾਂ ਕਿਹਾ ਕਿ ਨਵੀਆਂ ਵੋਟਾਂ ਬਨਾਉਣ ਲਈ ਫਾਰਮ -6 , ਸ਼ਿਫਟ ਹੋਏ ਵੋਟਰਾਂ, ਵਿਆਹ ਤੇ ਮੋਤ ਸਬੰਧੀ ਫਾਰਮ-7 , ਵੋਟਰਾਂ ਦੀ ਤਬਦੀਲੀ ਸਬੰਧੀ ਫਾਰਮ-8 ਅਤੇ ਗਲਤੀਆਂ ਦੀ ਸੋਧ ਸਬੰਧੀ ਫਾਰਮ-8 ਏ ਭਰਕੇ ਤੁਰੰਤ ਬੀ ਐਲ ਓਜ਼ ਨੂੰ ਜਮਾਂ ਕਰਵਾਇਆ ਜਾਵੇ ।