ਪਟਿਆਲਾ, 1 ਦਸੰਬਰ : ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਨੇ ਅੰਤਰ-ਰਾਜੀ ਪੱਧਰ ‘ਤੇ ਅਫੀਮ ਦੀ ਤਸਕਰੀ ਕਰਨ ਵਾਲੇ ਇੱਕ ਵਿਅਕਤੀ ਤੇ ਇੱਕ ਮਹਿਲਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਐਸ.ਐਸ.ਪੀ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਜਣਿਆਂ ਵਿਰੁੱਧ ਪੁਲਿਸ ਥਾਣਾ ਤ੍ਰਿਪੜੀ ਵਿਖੇ ਨਸ਼ਾ ਰੋਕੂ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਪੰਜਾਬ ਪੁਲਿਸ ਦਾ ਬਰਤਰਫ ਸਿਪਾਹੀ ਹੈ ਜਦਕਿ ਔਰਤ ਵਿਰੁੱਧ ਵੀ ਨਸ਼ਾ ਰੋਕੂ ਐਕਟ ਤਹਿਤ 8 ਕੇਸ ਦਰਜ ਹਨ ।
ਐਸ.ਐਸ.ਪੀ ਸ਼੍ਰੀ ਗਿੱਲ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਝਿੱਲ ਤੋਂ ਦੀਪ ਨਗਰ ਨੂੰ ਆਉਣ ਵਾਲੀ ਸੜਕ ਦੇ ਟੀ-ਪੁਆਇੰਟ ‘ਤੇ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ । ਸ਼੍ਰੀ ਗਿੱਲ ਨੇ ਦੱਸਿਆ ਕਿ ਇਸੇ ਦੌਰਾਨ ਪਿੰਡ ਝਿੱਲ ਤੋਂ ਆ ਰਹੀ ਇੱਕ ਸਿਲਵਰ ਰੰਗ ਦੀ ਏਸੈਂਟ ਕਾਰ ਜਿਸ ਦਾ ਨੰਬਰ ਪੀ.ਬੀ.-02 ਏ.ਯੂ.-7708 ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਪੁਲਿਸ ਪਾਰਟੀ ਵੱਲੋਂ ਤਲਾਸ਼ੀ ਲਈ ਗਈ ਜਿਸ ਤਹਿਤ ਕਾਰ ਵਿੱਚੋਂ ਇੱਕ ਕਿਲੋ 100 ਗਰਾਮ ਅਫੀਮ ਬਰਾਮਦ ਹੋਈ । ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਨੇ ਅਫੀਮ ਦੀ ਤਸਕਰੀ ਦੇ ਦੋਸ਼ਾਂ ਹੇਠ ਕਾਰ ਚਾਲਕ ਨਰਿੰਦਰ ਸਿੰਘ ਉਰਫ ਨਿੰਦਾ ਪੁੱਤਰ ਅਜੀਤ ਸਿੰਘ ਵਾਸੀ ਲੁਹਾਰਕਾ ਥਾਣਾ ਰਾਜਾਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਮਕਾਨ ਨੰਬਰ 636, ਨਿਊ ਗੁਰਨਾਮ ਨਗਰ ਥਾਣਾ ਬੀ ਡਵੀਜ਼ਨ ਅੰਮ੍ਰਿਤਸਰ ਅਤੇ ਇੱਕ ਮਹਿਲਾ ਨਰਿੰਦਰਪਾਲ ਕੌਰ ਉਰਫ ਬਲਵਿੰਦਰ ਕੌਰ ਪਤਨੀ ਪੂਰਨ ਸਿੰਘ ਵਾਸੀ ਮਕਾਨ ਨੰਬਰ 171, ਗਲੀ ਨੰਬਰ 8, ਮੁਹੱਲਾ ਅਜ਼ਾਦ ਨਗਰ ਉਰਫ ਗੁਰਨਾਮ ਨਗਰ, ਸੁਲਤਾਨਵਿੰਡ ਰੋਡ, ਥਾਣਾ ਬੀ ਡਵੀਜ਼ਨ ਅੰਮ੍ਰਿਤਸਰ ਦੇ ਖਿਲਾਫ ਮਿਤੀ 30-11-2011 ਨੂੰ ਮੁਕੱਦਮਾ ਨੰਬਰ 374, ਅ/ਧ 18 ਅਧੀਨ ਕੇਸ ਦਰਜ ਕੀਤਾ ਹੈ ।
ਸ਼੍ਰੀ ਗਿੱਲ ਨੇ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਹੈ ਕਿ ਉਹ ਇੱਕ ਅਣਪਛਾਤੇ ਵਿਅਕਤੀ ਜੋ ਚੀਕਾ (ਹਰਿਆਣਾ) ਵਿਖੇ ਰਹਿੰਦਾ ਹੈ, ਕੋਲੋਂ ਅਫੀਮ 80 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਿਆ ਕੇ ਅੰਮ੍ਰਿਤਸਰ ਵਿਖੇ ਪਰਚੂਨ ਵਿੱਚ ਮਹਿੰਗੇ ਭਾਅ ‘ਤੇ ਵੇਚਦੇ ਸੀ ਜਿਸ ਨਾਲ ਉਨ੍ਹਾਂ ਨੂੰ 25 ਤੋਂ 30 ਹਜ਼ਾਰ ਰੁਪਏ ਦਾ ਮੁਨਾਫ਼ਾ ਹੋ ਜਾਂਦਾ ਸੀ । ਐਸ.ਐਸ.ਪੀ. ਨੇ ਦੱਸਿਆ ਕਿ ਨਰਿੰਦਰ ਸਿੰਘ ਉਰਫ ਨਿੰਦਾ ਹੁਸ਼ਿਆਰਪੁਰ ਵਿਖੇ ਪੰਜਾਬ ਪੁਲਿਸ ਦਾ ਸਿਪਾਹੀ ਸੀ ਜਿਸਨੂੰ 1992 ਵਿੱਚ ਪੰਜਾਬ ਪੁਲਿਸ ਵਿੱਚੋਂ ਬਰਤਰਫ ਕੀਤਾ ਗਿਆ ਸੀ ਅਤੇ ਨਰਿੰਦਰਜੀਤ ਕੌਰ ਉਰਫ ਬਲਵਿੰਦਰ ਕੌਰ ਦੇ ਖਿਲਾਫ ਵੀ ਥਾਣਾ ਬੀ-ਡਵੀਜ਼ਨ ਅੰਮ੍ਰਿਤਸਰ ਵਿਖੇ ਨਸ਼ਾ ਰੋਕੂ ਐਕਟ ਅਧੀਨ 8 ਮੁਕੱਦਮੇ ਦਰਜ ਹਨ । ਉਨ੍ਹਾਂ ਦੱਸਿਆ ਕਿ ਇਹ ਦੋਵੇਂ ਰਲਕੇ ਨਸ਼ਾ ਵੇਚਣ ਦਾ ਧੰਦਾ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।