ਸ਼ਹੀਦ ਸੰਤ ਭਿੰਡਰਾਵਾਲੇ ਨੂੰ ਪੰਥ ਰਤਨ ਦੇਣ ਲਈ ਅਕਾਲ ਤਖਤ ਨੂੰ ਅਪੀਲ
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ’ ਦੇਣ ਦੀ ਬਜਾਏ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ‘ਪੰਥ ਰਤਨ’ ਨਾਲ ਨਿਵਾਜਿਆ ਜਾਵੇ। ਆਪਣੇ ਸਮੁੱਚੇ ਸਿਆਸੀ ਜੀਵਨ ਵਿਚ ਬਾਦਲ ਨੇ ਸਿਆਸੀ ਲਾਹਾ ਲੈਣ ਲਈ ਹਮੇਸ਼ਾ ਸਿਖੀ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ। ਇੱਥੋ ਤਕ ਕਿ ਆਪਣੀ ਸਿਆਸੀ ਇਛਾ ਦੀ ਪੂਰਤੀ ਲਈ ਬਾਦਲ ਨੇ ਸ੍ਰੀ ਅਕਾਲ ਤਖਤ ਦੇ ਦੋ ਜਥੇਦਾਰਾਂ ਭਾਈ ਰਣਜੀਤ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।
ਹਾਲ ਵਿਚ ਹੀ ਬਾਦਲ ਨੇ ਸਾਬਕਾ ਪੁਲਿਸ ਅਧਿਕਾਰੀ ਮੁਹੰਮਦ ਇਜ਼ਹਾਰ ਆਲਮ ਨੂੰ ਐਸ ਏ ਡੀ (ਬਾਦਲ) ਦਾ ਉਮੀਦਵਾਰ ਬਣਾਇਆ ਹੈ ਜੋ ਕਿ ਸਿਖਾਂ ਨੂੰ ਤਸੀਹੇ ਦੇਣ ਅਤੇ ਹਤਿਆਵਾਂ ਕਰਨ ਲਈ ਬਦਨਾਮ ਹੈ ਤੇ ਇਸੇ ਤਰਾਂ ਭਾਜਪਾ ਆਗੂ ਅਡਵਾਨੀ ਦਾ ਸਵਾਗਤ ਕੀਤਾ ਹੈ ਜਿਸ ਨੇ ਜੂਨ ੧੯੮੪ ਵਿਚ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਦਾ ਖੁਲੇਆਮ ਸਮਰਥਨ ਕੀਤਾ ਸੀ ਜਿਸ ਦੇ ਸਿੱਟੇ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿਖਾਂ ਨੂੰ ਮਾਰ ਦਿੱਤਾ ਗਿਆ ਸੀ। ਇਨ੍ਹਾਂ ਪੰਥ ਵਿਰੋਧੀ ਕਾਰਵਾਈਆਂ ਦੇ ਕਾਰਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਲਾਨ ਕੀਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਪੰਥ ਰਤਨ ਦੇ ਕਾਬਲ ਹੀ ਨਹੀਂ ਹੈ।