ਬਠਿੰਡਾ, 1 ਦਸੰਬਰ -ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਪੰਜਾਬੀ ਵਿਰਸੇ ਦੀ ਸਾਂਭ-ਸੰਭਾਲ ਲਈ ਹਰੇਕ ਸਾਲ ਬਠਿੰਡਾ ਵਿਖੇ ਲਗਾਇਆ ਜਾਂਦਾ ਵਿਰਾਸਤੀ ਮੇਲਾ ਇਸ ਵਾਰ 10 ਤੇ 11 ਦਸੰਬਰ ਨੂੰ ਲੱਗੇਗਾ। ਮੇਲੇ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਵੱਲੋਂ ਅੱਜ ਮੀਟਿੰਗ ਕੀਤੀ ਗਈ, ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਭਿਨਵ ਤ੍ਰਿਖਾ, ਐਸ. ਡੀ. ਐਮ. ਬਠਿੰਡਾ ਸ੍ਰੀ ਸੰਦੀਪ ਰਿਸ਼ੀ, ਮੇਲੇ ਦੇ ਮੁੱਖ ਪ੍ਰਬੰਧਕ ਹਰਿੰਦਰ ਸਿੰਘ ਖਾਲਸਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਯੂਥ ਕਲੱਬਾਂ ਨੂੰ ਵੀ ਇਸ ਮੇਲੇ ਨਾਲ ਜੋੜਿਆ ਜਾਵੇਗਾ ਅਤੇ ਇਹ ਮੇਲਾ ਬਠਿੰਡਾ ਲਈ ਬੇਮਿਸਾਲ ਹੋਵੇਗਾ। ਉਨ੍ਹਾਂ ਨੇ ਇਸ ਮੇਲੇ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਐਸ ਡੀ ਐਮ ਬਠਿੰਡਾ ਸ੍ਰੀ ਸੰਦੀਪ ਰਿਸ਼ੀ ਨੂੰ ਦਿੱਤੀ। ਉਨ੍ਹਾਂ ਨੇ ਵਿਰਾਸਤੀ ਪਿੰਡ ਜੈਪਾਲਗੜ੍ਹ ਦੀ ਸਾਫ਼-ਸਫ਼ਾਈ, ਝੰਡੇ ਦੇ ਪ੍ਰਬੰਧ, ਵੀ ਵੀ ਆਈ ਪੀ ਅਤੇ ਵੀ ਆਈ ਪੀ ਕਾਰਡਾਂ ਅਤੇ ਸਟਿੱਕਰਾਂ, ਬਿਜਲੀ ਅਤੇ ਪਾਣੀ, ਸੁਰੱਖਿਆ, ਮੀਡੀਆ ਕਵਰੇਜ, ਬੈਰੀਕੇਡਿੰਗ, ਮੈਡੀਕਲ ਟੀਮਾਂ, ਰਿਕਵਰੀ ਵੈਨ, ਗੈਸਟ ਹਾਊਸਾਂ ਦੀ ਬੁਕਿੰਗ, ਪ੍ਰਚਾਰ ਅਤੇ ਵੱਖ-ਵੱਖ ਵਿਭਾਗਾਂ ਦੀਆਂ ਝਾਕੀਆਂ ਆਦਿ ਦੇ ਪ੍ਰਬੰਧਾਂ ਲਈ ਡਿਊਟੀਆਂ ਲਗਾਈਆਂ।
ਮੇਲੇ ਦੇ ਮੁੱਖ ਪ੍ਰਬੰਧਕ ਸ: ਹਰਿੰਦਰ ਸਿੰਘ ਖਾਲਸਾ ਨੇ ਇਸ ਮੌਕੇ ਮੇਲੇ ਦੇ ਪਿਛੋਕੜ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਦੱਸਿਆ ਕਿ 2004 ਤੋਂ ਸ਼ੁਰੂ ਹੋਏ ਇਸ ਮੇਲੇ ਦਾ ਮੁੱਖ ਮਕਸਦ ਪੰਜਾਬੀ ਵਿਰਸੇ ਦੀ ਸਾਂਭ-ਸੰਭਾਲ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਿਰਸੇ ‘ਤੇ ਮਾਣ ਕਰ ਸਕਣ। ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਪ੍ਰੋਗਰਾਮ ਅਤੇ ਦੇਸੀ ਖੇਡਾਂ ਇਸ ਮੇਲੇ ਦੇ ਮੁੱਖ ਆਕਰਸ਼ਣ ਹੋਣਗੇ। ਉਨ੍ਹਾਂ ਕਿਹਾ ਕਿ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿਚ ਪਹਿਲੇ ਸਥਾਨ ਹਾਸਲ ਕਰਨ ਵਾਲੀਆਂ ਭੰਗੜੇ ਤੇ ਗਿੱਧੇ ਦੀਆਂ ਚਾਰ-ਚਾਰ ਟੀਮਾਂ ਆਪਣੇ ਜੌਹਰ ਵਿਖਾਉਣਗੀਆਂ। ਇਸ ਮੌਕੇ ਉਘੇ ਰੰਗਕਰਮੀ ਸ੍ਰੀ ਸਰੂਪ ਪਰਿੰਦਾ ਨੇ ਵੀ ਸੰਬੋਧਨ ਕੀਤਾ।