-ਜਸਵਂਤ ਸਿੰਘ ‘ਅਜੀਤ’
ਪਿਛਲੇ ਮਹੀਨੇ ਦੇ ਆਖਰੀ ਹਫਤੇ ਅਨੰਦਪੁਰ ਸਾਹਿਬ ਵਿਖੇ ਸਥਾਪਤ ਇਤਿਹਾਸਕ ਯਾਦਗਾਰ ‘ਵਿਰਾਸਤ-ਏ-ਖਾਲਸਾ’ ਰਾਸ਼ਟਰ ਪ੍ਰਤੀ ਸਮਰਪਤ ਕੀਤੇ ਜਾਣ ਦੇ ਸੰਬੰਧ ਵਿੱਚ ਹੋਏ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ‘ਫਖ਼ਰ-ਏ-ਖਾਲਸਾ–ਪੰਥ ਰਤਨ’ ਦਾ ਸਨਮਾਨ ਦਿਤੇ ਜਾਣ ਦਾ ਕੀਤਾ ਗਿਆ ਐਲਾਨ ਉਸੇ ਸਮੇਂ ਤੋਂ ਵਿਵਾਦਾਂ ਦੇ ਘੇਰੈ ਵਿੱਚ ਆ ਗਿਆ। ਜਿਥੇ ਇੱਕ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਿਰੋਧੀਆਂ ਵਲੋਂ ਇਸ ਐਲਾਨ ਦੀ ਅਲੋਚਨਾ ਕੀਤੀ ਜਾ ਰਹੀ ਹੈ, ਉਥੇ ਹੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਉਸਦਾ ਸੁਆਗਤ ਕਰ ਲਗਾਤਾਰ ਉਸਦੀ ਪ੍ਰਸ਼ੰਸਾ ਕਰ ਰਹੇ ਹਨ।
ਵਿਰੋਧੀਆਂ ਦਾ ਕਹਿਣਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਜਿਹਾ ਸਨਮਾਨ ਦਿਤਾ ਜਾਣਾ, ਨਾ ਕੇਵਲ ਸਿੱਖ ਕੌਮ ਦਾ ਅਪਮਾਨ ਹੋਵੇਗਾ, ਸਗੋਂ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਪੁਰ ਵੀ ਸੁਆਲੀਆ ਨਿਸ਼ਾਨ ਲਾ ਦੇਣ ਦੇ ਤੁਲ ਹੋਵੇਗਾ। ਇਸਦਾ ਕਾਰਣ ਉਹ ਇਹ ਦਸਦੇ ਹਨ ਕਿ ਸ. ਬਾਦਲ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸਦੇ ਲਈ ਉਨ੍ਹਾਂ ਨੂੰ ‘ਫਖ਼ਰ-ਏ-ਕੌਮ-ਪੰਥ ਰਤਨ’ ਦੇ ਖਿਤਾਬ ਨਾਲ ਸਨਮਾਨਿਆ ਜਾਏ। ਉਨ੍ਹਾਂ ਦੇ ਸੱਤਾ-ਕਾਲ ਦੌਰਾਨ ਤਾਂ ਲਗਾਤਾਰ ਸਿੱਖੀ ਦਾ ਘਾਣ ਹੁੰਦਾ ਚਲਿਆ ਆ ਰਿਹਾ ਹੈ। ਫਲਸਰੂਪ ਅੱਜ ਪੰਜਾਬ ਦੀ ਹਾਲਤ ਇਹ ਹੋ ਗਈ ਹੋਈ ਹੈ ਕਿ ਉਥੇ ਫੌਜ ਵਿੱਚ ਭਰਤੀ ਹੋਣ ਲਈ ਵੀ ਸਾਬਤ ਸੂਰਤ ਸਿੱਖ ਨੌਜਵਾਨ ਨਹੀਂ ਮਿਲਦੇ। ਇਹੀ ਨਹੀਂ ਸਿੱਖ ਨੌਜਵਾਨ ਲਗਾਤਾਰ ਨਸ਼ਿਆਂ ਦਾ ਸ਼ਿਕਾਰ ਹੋ ਆਪਣੀ ਜਵਾਨੀ ਬਰਬਾਦ ਕਰ ਰਹੇ ਹਨ। ਪੰਜਾਬ ਦੀ ਸੱਤਾ ਵਿੱਚ ਅਕਾਲੀਆਂ ਦੇ ਭਾਈਵਾਲ ਭਾਜਪਾਈ ਲਗਾਤਾਰ ਸਿੱਖ ਧਰਮ ਅਤੇ ਇਤਿਹਾਸ ਦੀਆਂ ਮਾਨਤਾਵਾਂ ਪੁਰ ਸੁਆਲੀਆ ਨਿਸ਼ਾਨ ਲਾਉਂਦੇ ਚਲੇ ਆ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦਾ ਵਿਰੋਧ ਕਰਨ ਦੀ ਬਜਾਏ ਆਪਣੀਆਂ ਸਟੇਜਾਂ ਪੁਰ ਬੁਲਵਾ, ਉਨ੍ਹਾਂ ਨੂੰ ਸਿੱਖ ਇਤਿਹਾਸ ਵਿਗਾੜਨ ਦੀ ਖੁਲ੍ਹੀ ਛੋਟ ਦਿੰਦੀ ਚਲੀ ਆ ਰਹੀ ਹੈ। ਇਸ ਸਥਿਤੀ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨੂੰ ‘ਫਖ਼ਰ-ਏ-ਕੌਮ-ਪੰਥ ਰਤਨ’ ਦੇ ਖਿਤਾਬ ਨਾਲ ਸਨਮਾਨਤ ਕਰਨਾ ਉਨ੍ਹਾਂ ਦੀ ਅਗਵਾਈ ਵਿੱਚ ਸਿੱਖ ਧਰਮ ਅਤੇ ਇਤਿਹਾਸ ਦੀਆਂ ਮਾਨਤਾਵਾਂ ਦੇ ਹੋ ਰਹੇ ਘਾਣ ਨੂੰ ਮਾਨਤਾ ਦੇਣ ਦੇ ਤੁਲ ਹੋਵੇਗਾ। ਉਨ੍ਹਾਂ ਅਨੁਸਾਰ ਸ਼ਾਇਦ ਅਕਾਲ ਤਖ਼ਤ ਤੋਂ ਸ. ਬਾਦਲ ਦਾ ਕੀਤਾ ਜਾ ਰਿਹਾ ਇਹ ਸਨਮਾਨ ਜਨਰਲ ਡਾਇਰ ਦੇ ਕੀਤੇ ਗਏ ਸਨਮਾਨ ਤੋਂ ਵੀ ਮਾੜਾ ਉਦਾਹਰਣ ਹੋਵੇਗਾ।
ਇਸਦੇ ਨਾਲ ਹੀ ਕੁਝ ਵਿਦਵਾਨਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ. ਬਾਦਲ ਨੂੰ ਅਜਿਹੇ ਸਨਮਾਨ ਦੀ ਬਖਸ਼ਸ਼ ਕਰਨਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਮਜਬੂਰੀ ਹੈ, ਕਿਉਂਕਿ ਉੁਹ ਆਜ਼ਾਦ ਹੈਸੀਅਤ ਦਾ ਮਾਲਕ ਨਹੀਂ, ਸਗੋਂ ਸ. ਪ੍ਰਕਾਸ਼ ਸ਼ਿੰਘ ਬਾਦਲ ਦੀ ਨਿਜੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ‘ਤਨਖ਼ਾਹਦਾਰ’ ਮੁਲਾਜ਼ਮ ਹੈ। ਮਾਲਕ ਜੋ ਕਹਿਣਗੇ ਉਸਨੂੰ ਉਹੀ ਕੁਝ ਕਰਨਾ ਹੀ ਪਵੇਗਾ, ਨਹੀਂ ਤਾਂ ਉਸ ਨਾਲ ਵੀ ਉਹੋ ਜਿਹਾ ਵਰਤਾਰਾ ਹੀ ਹੋਵੇਗਾ, ਜਿਹੋ ਜਿਹਾ ਉਨ੍ਹਾਂ ਜਥੇਦਾਰਾਂ ਨਾਲ ਹੁੰਦਾ ਚਲਿਆ ਆ ਰਿਹਾ ਹੈ, ਜਿਨ੍ਹਾਂ ਨੇ ਜ਼ਰਾ ਜਿਹੀ ਵੀ ਆਜ਼ਾਦ ਸੁਰ ਦੇ ਮਾਲਕ ਹੋਣ ਦਾ ਅਹਿਸਾਸ ਕਰਵਾਉਣ ਦੀ ‘ਨਾਪਾਕ’ ਕੌਸ਼ਿਸ਼ ਕੀਤੀ। ਇਸ ਕਰਕੇ ਉਸਦੇ ਸਿੱਖ ਮਾਨਤਾਵਾਂ ਦਾ ਰਖਿਅਕ ਹੋਣ ਦੀ ਆਸ ਕਰਨਾ ਮੂਰਖਾਂ ਦੇ ਦੇਸ਼ ਵਿੱਚ ਵਸਣਾ ਹੋਵੇਗਾ।
ਪ੍ਰਸ਼ੰਸਾ : ਉਧਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ ਮੁੱਖੀ ਸ. ਹਰਮਨਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਕੇ ਜੱਥੇਦਾਰ ਵਲੋਂ ਸ. ਬਾਦਲ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰਖਦਿਆਂ ਉਨ੍ਹਾਂ ਨੂੰ ‘ਫਖਰ-ਏ-ਕੌਮ-ਪੰਥ ਰਤਨ’ ਦੇ ਖਿਤਾਬ ਨਾਲ ਸਨਾਮਾਨਤ ਕੀਤੇ ਜਾਣ ਦੇ ਕੀਤੇ ਗਏ ਐਲਾਨ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਇਤਿਹਾਸ ਨਾਲ ਸੰਬੰਧਤ ਯਾਦਗਾਰਾਂ ਸਥਾਪਤ ਕਰ, ਜਿਵੇਂ ਸਿੱਖ ਇਤਿਹਾਸ ਦੀਆਂ ਮਹਾਨ ਘਟਨਾਵਾਂ ਨੂੰ ਸਥਾਈ ਸਜੀਵਤਾ ਪ੍ਰਦਾਨ ਕੀਤੀ ਹੈ, ਉਸਦੇ ਲਈ ਉਨ੍ਹਾਂ ਦੀ ਜਿਤਨੀ ਵੀ ਪ੍ਰਸ਼ੰਸਾ ਕੀਤੀ ਜਾਏ ਘਟ ਹੈ। ਇਸ ਸਥਿਤੀ ਵਿੱਚ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤੇ ਜਾਣ ਦਾ ਕੀਤਾ ਗਿਆ ਫੈਸਲਾ ਸਿੱਖਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਹੀ ਹੈ। ਇਸੇਤਰ੍ਹਾਂ ਦਲ ਦੀ ਦਿੱਲੀ ਪ੍ਰਦੇਸ਼ ਦੀ ਇਕਾਈ ਦੇ ਜਨਰਲ ਸਕੱਤ੍ਰ ਸ. ਪਰਮਜੀਤ ਸਿੰਘ ਰਾਣਾ ਅਤੇ ਮੀਤ ਪ੍ਰਧਾਨ ਸ. ਕੁਲਦੀਪ ਸਿੰਘ ਸਾਹਨੀ ਨੇ ਵੱਖ-ਵੱਖ ਬਿਆਨਾਂ ਵਿੱਚ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਤੋਂ ਸਨਮਾਨਤ ਕੀਤਾ ਜਾਣਾ ਇੱਕ ਤਰ੍ਹਾਂ ਨਾਲ ਸਮੁਚੇ ਪੰਥ ਦਾ ਸਨਮਾਨ ਹੈ। ਇਨ੍ਹਾਂ ਮੁਖੀਆਂ ਦਾ ਮੰਨਣਾ ਹੈ ਕਿ ਇੱਕ ਲੰਮੇਂ ਸਮੇਂ ਤੋਂ ਬਾਅਦ ਪੰਜਾਬ ਦੇ ਕਿਸੇ ਸੱਤਾਧਾਰੀ ਨੇ ਸਿੱਖ ਇਤਿਹਾਸ ਨਾਲ ਸੰਬੰਧਤ ਮਹੱਤਵਪੂਰਣ ਯਾਦਗਾਰਾਂ ਸਥਾਪਤ ਕਰਨ ਦੇ ਪੰਥਕ ਸੁਪਨੇ ਨੂੰ ਸਾਕਾਰ ਕਰਨ ਦਾ ਸਾਹਸ ਕੀਤਾ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਸੱਤਾਧਾਰੀਆਂ ਦੇ ਵਿਰੋਧੀ : ਇਉਂ ਜਾਪਦਾ ਹੈ ਜਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀਆਂ ਦੇ ਵਿਰੋਧੀਆਂ ਕੋਲ ਇੱਕੋ ਇੱਕ ਏਜੰਡਾ ‘ਆਨੇ-ਬਹਾਨੇ’ ਸੱਤਾਧਾਰੀਆਂ ਦਾ ਵਿਰੋਧ ਕਰਦਿਆਂ ਰਹਿਣਾ ਹੀ ਹੈ। ਉਹ ਇਸ ਗਲ ਨੂੰ ਸੋਚਣ-ਸਮਝਣ ਲਈ ਤਿਆਰ ਹੀ ਨਹੀਂ ਕਿ ਜਿਸਤਰ੍ਹਾਂ ਉਹ ਆਏ ਦਿਨ ਬਿਨਾਂ ਮੌਕਾ-ਬੇਮੌਕਾ ਦੇਖੇ ਸੱਤਾਧਾਰੀਆਂ ਦਾ ਵਿਰੋਧ ਕਰਦੇ ਚਲੇ ਆ ਰਹੇ ਹਨ, ਉਸ ਨਾਲ ਸੱਤਾਧਾਰੀਆਂ ਦਾ ਤਾਂ ਸ਼ਾਇਦ ਹੀ ਕੁਝ ਵਿਗੜ ਰਿਹਾ ਹੋਵੇ, ਪ੍ਰੰਤੂ ਉਨ੍ਹਾਂ ਦੇ ਆਪਣੇ ਸੰਬੰਧ ਵਿੱਚ ਲੋਕਾਂ, ਵਿਸ਼ੇਸ ਰੂਪ ਵਿੱਚ ਸਿੱਖਾਂ ਵਿੱਚ ਇਹ ਸੰਦੇਸ਼ ਜ਼ਰੂਰ ਜਾ ਰਿਹਾ ਹੈ ਕਿ ਇਤਿਹਾਸਕ ਗੁਰਦੁਆਰਿਆਂ ਅਤੇ ਉਨ੍ਹਾਂ ਦੇ ਕੰਪਲੈਕਸ ਵਿੱਚ ਸੰਗਤਾਂ ਲਈ ਸਹੂਲਤਾਂ ਵਿੱਚ ਕੀਤਾ ਜਾ ਰਿਹਾ ਵਾਧਾ ਅਤੇ ਉਨ੍ਹਾਂ ਦੇ ਆਸੇ-ਪਾਸੇ ਨੂੰ ਸੰਵਾਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਕੰਮਾਂ ਨੂੰ ਆਮ ਸਿੱਖਾਂ ਪਾਸੋਂ ਮਿਲ ਰਹੀ ਪ੍ਰਸ਼ੰਸਾ, ਉਹ ਪਚਾ ਨਹੀਂ ਪਾ ਰਹੇ। ਜਿਸ ਕਾਰਣ ਉਹ ਪ੍ਰੇਸ਼ਾਨ ਹੋ, ਸੱਤਾਧਾਰੀਆਂ ਵਿਰੁਧ ਕਥਿਤ ਦੋਸ਼ ਲਾ ਦਿਲ ਦੀ ਭੜਾਸ ਕਢਣ ਤੇ ਮਜਬੂਰ ਹੋ ਰਹੇ ਹਨ।
ਪਿਛਲੇ ਮਹੀਨੇ ਦੇ ਆਖਰੀ ਹਫਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਕੰਪਲੈਕਸ ਵਿੱਚ ਕਾਰ-ਪਾਰਕਿੰਗ, ਲੰਗਰ ਹਾਲ ਅਤੇ ਨਿਵਾਸ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ ਨੀਂਹ ਪੱਥਰ ਰਖਣ ਦੀ ਰਸਮ ਅਦਾ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਉਸੇ ਦਿਨ ਵਿਰੋਧੀਆਂ ਵਲੋਂ ਸੱਤਾਧਾਰੀਆਂ ਵਿਰੁਧ ਛਪਵਾਏ ਪੋਸਟਰਾਂ ਨਾਲ ਦਿੱਲੀ ਦੀਆਂ ਦੀਵਾਰਾਂ ਭਰ ਦਿਤੀਆਂ ਗਈਆਂ ਅਤੇ ਅਕਾਲੀਆਂ ਦੇ ਹੀ ਇੱਕ ਗੁਟ ਵਲੋਂ ਗੁਰਦੁਆਰਾ ਸੀਸਗੰਜ ਦੇ ਕੰਪਲੈਕਸ ਵਿੱਚ ਕੀਤੇ ਜਾ ਰਹੇ ਵਿਕਾਸ ਕੰਮਾਂ ਦੇ ਵਿਰੁਧ ਦਿੱਤੇ ਗਏ ਬਿਆਨ ਵੀ ਦੋ-ਇੱਕ ਅਖਬਾਰਾਂ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਛਪੇ ਹੋਏ ਵੇਖਣ ਨੂੰ ਮਿਲੇ, ਜਿਨ੍ਹਾਂ ਨੂੰ ਸ਼ਾਇਦ ਹੀ ਆਮ ਸਿੱਖਾਂ ਵਲੋਂ ਪਸੰਦ ਕੀਤਾ ਗਿਆ ਹੋਵੇ।
ਨਾਦਾਨ ਦੋਸਤ : ਗਲ ਇਥੇ ਹੀ ਨਹੀਂ ਮੁੱਕੀ, ਇਸਤੋਂ ਅਗਲੇ ਹੀ ਦਿਨ ਇੱਕ ਅਕਾਲੀ ਗੁਟ ਦੇ ਮੁੱਖੀ ਦਾ ਬਿਆਨ ਅਖਬਾਰਾਂ ਵਿੱਚ ਛਪਿਆ, ਜਿਸ ਵਿੱਚ ਉਸਨੇ ਦਿੱਲੀ ਦੇ ਇੱਕ ਸਿੱਖ ਮੰਤਰੀ ਦੇ ਨਿਵਾਸ ਤੇ ਹੋਏ ਸਵਾਗਤ ਸਮਾਰੋਹ ਵਿੱਚ ਸ਼ਰਾਬ ਅਤੇ ਕਬਾਬ ਪਰੋਸੇ ਜਾਣ ਦੀ ਚਰਚਾ ਕਰਦਿਆਂ ਹੋਇਆਂ, ਉਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀ ਗੁਟ ਦੇ ਮੈਂਬਰਾਂ ਦੇ ਨਾਲ ਸਰਨਾ-ਭਰਾਵਾਂ ਦੀ ਮੌਜੂਦਗੀ ਨੂੰ ਲੈ ਕੇ ਉਨ੍ਹਾਂ ਦੀ ਤਿੱਖੀ ਅਲੋਚਨਾ ਕੀਤੀ ਗਈ ਹੋਈ ਸੀ। ਉਥੇ ਮੌਜੂਦ ਹੋਰ ਲੋਕਾਂ ਵਿਚੋਂ ਕਈਆਂ ਦੇ ਅਨੁਸਾਰ ਉਥੇ ਅਜਿਹਾ ਕੁਝ ਵੀ ਪਰੋਸਿਆ ਨਹੀਂ ਸੀ ਗਿਆ, ਜਿਸਦੀ ਬਿਆਨ ਵਿੱਚ ਚਰਚਾ ਕੀਤੀ ਗਈ ਹੈ ਅਤੇ ਜਿਸਨੂੰ ਲੈ ਕੇ ਕਿਸੇ ਨੂੰ ਕੋਈ ਇਤਰਾਜ਼ ਹੋ ਸਕਦਾ। ਫਿਰ ਵੀ ਲੋਕਾਂ ਦਾ ਮੰਨਣਾ ਹੈ ਕਿ ਮੇਜ਼ਬਾਨ ਵਲੋਂ ਖਾਣੇ ਵਿੱਚ ਕੀ ਪਰੋਸਿਆ ਗਿਆ, ਉਸਨੂੰ ਲੈ ਕੇ ਮਹਿਮਾਨਾਂ ਪੁਰ ਤਾਂ ਉਂਗਲੀ ਉਠਾਈ ਹੀ ਨਹੀਂ ਜਾ ਸਕਦੀ।
ਮੰਨਿਆ ਜਾਂਦਾ ਹੈ ਕਿ ਜਿਵੇਂ ਉਸਨੇ ਸਰਨਾ-ਭਰਾਵਾਂ ਨੂੰ ਘੇਰਨ ਦੇ ਨਾਂ ਤੇ ਦਿੱਲੀ ਦੇ ਸਿੱਖ ਮੰਤਰੀ ਪੁਰ ਸ਼ਰਾਬ ਔਰ ਕਬਾਬ ਪਰੋਸਣ ਦਾ ਦੋਸ਼ ਲਾ, ਉਸਦੀ ਛਬੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨਾਲ ਉਸਨੇ ਜਾਣੇ-ਅਨਜਾਣੇ ਆਪਣੇ ਹੀ ਇੱਕ ਸਹਿਯੋਗੀ, ਦਿੱਲੀ ਸਰਕਾਰ ਦੇ ਸੰਸਦੀ ਸਕੱਤ੍ਰ ਨੂੰ ਹੀ ਸ਼ਕ ਦੇ ਘੇਰੇ ਵਿੱਚ ਲਿਆ ਖੜਿਆਂ ਕੀਤਾ ਹੈ। ਕਿਉਂਕਿ ਪਹਿਲਾਂ ਤੋਂ ਹੀ ਮੰਨਿਆ ਜਾਂਦਾ ਚਲਿਆ ਆ ਰਿਹਾ ਹੈ ਕਿ ਉਸਦੀ ਸੰਬੰਧਤ ਸਿੱਖ ਮੰਤਰੀ ਨਾਲ ਨਹੀਂ ਬਣਦੀ। ਵੈਸੇ ਜਿਥੋਂ ਤਕ ਉਸ ਸੰਸਦੀ ਸਕੱਤ੍ਰ ਦੀ ਗਲ ਹੈ, ਉਸਨੂੰ ਅਸੀਂ ਕਈ ਵਰ੍ਹਿਆਂ ਤੋਂ ਜਾਣਦੇ ਹਾਂ, ਜਿਸ ਕਾਰਣ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਉਸਨੇ ਅਜਿਹੀ ਘਟੀਆ ਰਾਜਨੀਤੀ ਕਰਨ ਦੇ ਸੰਬੰਧ ਵਿੱਚ ਕਦੀ ਸੋਚਿਆ ਵੀ ਹੋਵੇਗਾ। ਪ੍ਰੰਤੂ ਲੋਕਾਂ ਦੀ ਜ਼ੁਬਾਨ ਹੈ, ਉਹ ਤਾਂ ਬੰਦ ਨਹੀਂ ਕੀਤੀ ਜਾ ਸਕਦੀ। ਕਹਿੰਦੇ ਹਨ ਕਿ ਐਵੇਂ ਹੀ ਤਾਂ ਨਹੀਂ ਕਿਹਾ ਜਾਂਦਾ ਕਿ ‘ਨਾਦਾਂ ਦੋਸਤ ਨਾਲੋਂ ਦਾਨਾ ਦੁਸ਼ਮਣ ਕਈ ਗੁਣਾ ਚੰਗਾ ਹੁੰਦਾ ਹੈ’, ਜੋ ਮੌਕਾ-ਮਾਹੋਲ ਵੇਖ ਕੇ ਤਾਂ ਗਲ ਕਰਦਾ ਹੈ। ਨਾਦਾਂ ਦੋਸਤਾਂ ਦੇ ਸੰਬੰਧ ਵਿੱਚ ਕੀ ਕਿਹਾ ਜਾਏ ਉਹ ਸੋਚ-ਸਮਝ ਤੋਂ ਕੰਮ ਲੈਣ ਦੀ ਬਜਾਏ ਕਈ ਵਾਰ ਅਜਿਹੀਆਂ ਗਲਾਂ ਕਰ ਜਾਂਦੇ ਹਨ, ਜਿਨ੍ਹਾਂ ਕਾਰਣ ਉਹ ਆਪ ਹੀ ਨਹੀਂ, ਸਗੋਂ ਉਨ੍ਹਾਂ ਦੇ ਆਪਣੇ ਸਾਥੀ ਵੀ ਦੋਸ਼ੀਆਂ ਦੇ ਕਟਹਿਰੇ ਵਿੱਚ ਖੜੇ ਹੋ ਜਾਂਦੇ ਹਨ। ਅਜਿਹਾ ਹੀ ਉਸ ਅਕਾਲੀ ਮੁੱਖੀ ਨੇ ਕੀਤਾ। ਉਸਨੇ ਸਿੱਖ ਮੰਤਰੀ ਪੁਰ ਆਧਾਰਹੀਨ ਦੋਸ਼ ਲਾ, ਲੋਕਾਂ ਦੇ ਦਿਲ ਵਿੱਚ ਇਹ ਸ਼ੰਕਾ ਪੈਦਾ ਕਰ ਦਿਤੀ ਕਿ ਅਜਿਹਾ ਉਸਨੇ ਆਪਣੇ ਸਹਿਯੋਗੀ ਦਿੱਲੀ ਸਰਕਾਰ ਦੇ ਸੰਸਦੀ ਸਕੱਤ੍ਰ ਦੇ ਇਸ਼ਾਰੇ ਤੇ ਹੀ ਕੀਤਾ ਹੈ।
ਰਾਮੂਵਾਲੀਆ ਦੀ ‘ਘਰ ਵਾਪਸੀ’ : ਪਿਛਲੇ ਦਿਨੀਂ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੀ ਲੋਕ ਭਲਾਈ ਪਾਰਟੀ ਭੰਗ ਕਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਸਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ. ਰਾਮੂਵਾਲੀਆ ਦੀ ‘ਘਰ ਵਾਪਸੀ’ ਕਰਾਰ ਦਿੱਤਾ ਹੈ। ਜਾਪਦਾ ਹੈ ਕਿ ਸ. ਰਾਮੂਵਾਲੀਆ ਦੀ ‘ਘਰ ਵਾਪਸੀ’ ਨਾਲ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀਆਂ ਬਾਂਛਾਂ ਖਿਲ ਗਈਆਂ ਹਨ। ਜਿਥੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਹਿੰਦਿਆਂ ਹੋਇਆਂ ਕਿ ਇਸ ਤੋਂ ਪਹਿਲਾਂ ਕਦੀ ਉਨ੍ਹਾਂ ਨੂੰ ਇਤਨੀ ਖੁਸ਼ੀ ਨਹੀਂ ਸੀ ਹੋਈ, ਦਾਅਵਾ ਕੀਤਾ ਕਿ ਹੁਣ ਤਾਂ ਪੰਜਾਬ ਵਿੱਚ ਕਾਂਗ੍ਰਸ ਦਾ ਸਫਾਇਆ ਨਿਸ਼ਚਿਤ ਹੈ, ਉਥੇ ਹੀ ਸ. ਸੁਖਬੀਰ ਸਿੰਘ ਬਾਦਲ ਨੇ ਦਾਅਵਾ ਵੀ ਕਰ ਦਿਤਾ ਕਿ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਪੰਝੀ ਸਾਲ ਨਹੀਂ, ਪੰਜਾਹ ਸਾਲ ਪੰਜਾਬ ਪੁਰ ਰਾਜ ਕਰੇਗਾ।
…ਅਤੇ ਅੰਤ ਵਿੱਚ : ਇਉਂ ਜਾਪਦਾ ਹੈ ਜਿਵੇਂ ਸੀਨੀਅਰ ਅਤੇ ਜੂਨੀਅਰ ਬਾਦਲ ਨੂੰ ਸ. ਰਾਮੂਵਾਲੀਆ ਦੇ ਰੂਪ ਵਿੱਚ ਕੋਈ ‘ਗਿਦੜਸਿੰਘੀ’ ਹੱਥ ਲਗ ਗਈ ਹੈ, ਜਿਸਦੇ ਸਹਾਰੇ ਉਹ ਕਾਂਗ੍ਰਸ ਨੂੰ ਪੰਜਾਹ ਸਾਲਾਂ ਲਈ ਪੰਜਾਬ ਤੋਂ ਬਾਹਰ ਖਦੇੜ ਦੇਣਗੇ। ਉਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਕਿ ਜਦੋਂ ਤੋਂ ਸ. ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਦਾ ਗਠਨ ਕੀਤਾ ਹੈ ਤਦ ਤੋਂ ਉਨ੍ਹਾਂ ਦੀ ਪਾਰਟੀ ਦੇ ਕਿਸੇ ਮੁੱਖੀ ਦੀ ਗਲ ਤਾਂ ਦੂਰ ਰਹੀ, ਉਹ ਆਪ ਵੀ ਕੋਈ ਚੋਣ ਜਿਤ ਨਹੀਂ ਸਨ ਸਕੇ। ਅਜਿਹੀ ਸਥਿਤੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਮੁੜਨ ਦਾ ਲਾਭ ਸ. ਰਾਮੂਵਾਲੀਆ ਨੂੰ ਤਾਂ ਮਿਲੇਗਾ ਹੀ, ਪ੍ਰੰਤੂ ਸ਼੍ਰੋਮਣੀ ਅਕਾਲੀ ਦਲ (ਬਾਦਲ) ਜ਼ਰੁਰ ਘਾਟੇ ਵਿੱਚ ਰਹੇਗਾ, ਅਜਿਹਾ ਪੰਜਾਬ ਦੀ ਰਾਜਨੀਤੀ ਦੇ ਮਾਹਿਰਾਂ ਦਾ ਮੰਨਣਾ ਹੈ।
ਮੋਬਾਇਲ " + 91 98 68 91 77 31