ਜਲਾਲ (ਬਠਿੰਡਾ), 2 ਦਸੰਬਰ: ਕਲੀਆਂ ਦੇ ਬਾਦਸ਼ਾਹ ਤੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੇ ਦਹਾਇਕਿਆਂ ਬੱਧੀ ਰਾਜ ਕਰਨ ਵਾਲੇ ਗਾਇਕ ਕੁਲਦੀਪ ਮਾਣਕ ਨੂੰ ਅੱਜ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਜਲਾਲ ਵਿਖੇ ਸਪੁਰਦ-ਏ-ਖਾਕ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਤਰਫੋਂ ਉੱਪ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਕੱਤਰ ਸ੍ਰੀ ਪਰਮਜੀਤ ਸਿੰਘ ਸਿੱਧਵਾਂ ਨੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਤੋਂ ਇਲਾਵਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ, ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਦੇ ਚੇਅਰਮੈਨ ਸ੍ਰੀ ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ ਰਾਮਪੁਰਾ ਫੂਲ ਸ੍ਰੀ ਸੁਖਦੇਵ ਸਿੰਘ ਤੇ ਐਸ.ਪੀ ਸ੍ਰੀ ਅਮਰਜੀਤ ਸਿੰਘ ਤੇ ਡੀ.ਐਸ.ਪੀ ਰਾਮਪੁਰਾ ਸ੍ਰੀ ਰਣਦੀਪ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਸਰਕਾਰੀ ਰਸਮਾਂ ਅਨੁਸਾਰ ਸਲਾਮੀਂ ਦੇਣ ਦੀ ਰਸਮ ਅਦਾ ਕੀਤੀ ਗਈ। ਜਿੱਥੇ ਕੁਲਦੀਪ ਮਾਣਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਅੰਤਿਮ ਰਸਮਾਂ ਕੀਤੀਆਂ ਗਈਆਂ ਉਥੇ ਬੁਲੰਦ ਆਵਾਜ਼ ਦੇ ਮਾਲਕ ਕੁਲਦੀਪ ਮਾਣਕ ਨੂੰ ਉਨ੍ਹਾਂ ਦੇ ਜੱਦੀ ਪਿੰਡ ਜਲਾਲ ਵਿਖੇ ਅੰਤਿਮ ਵਿਦਾਈ ਮੌਕੇ ਹਾਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ। ਇਸ ਮੌਕੇ ਸਭਿਆਚਾਰਕ ਤੇ ਗੀਤ ਸੰਗੀਤ ਖੇਤਰ ਦੀਆਂ ਅਹਿਮ ਸ਼ਖਸੀਅਤਾਂ ਪੁੱਜੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਸ੍ਰੀ ਜਗਦੇਵ ਸਿੰਘ ਜੱਸੋਵਾਲ, ਪ੍ਰਸਿਧ ਗੀਤਕਾਰ ਦੇਵ ਥਰੀਕਿਆਂ ਵਾਲਾ, ਰਾਜ ਗਾਇਕ ਹੰਸ ਰਾਜ ਹੰਸ, ਗਾਇਕ ਸਰਦੂਲ ਸਿਕੰਦਰ, ਸੁਰਿੰਦਰ ਛਿੰਦਾ, ਸੁਖਸਿੰਦਰ ਸ਼ਿੰਦਾ, ਹਰਭਜਨ ਮਾਨ, ਭਗਵੰਤ ਮਾਨ, ਜੇ.ਜੀ.ਬੈਂਸ, ਮੁਹੰਮਦ ਸਦੀਕ, ਪੰਮੀ ਬਾਈ, ਹਰਪ੍ਰੀਤ ਪਾਲ ਤੋਂ ਇਲਾਵਾ ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਕੁਲਦੀਪ ਮਾਣਕ ਦਾ ਬੀਤੀ ਕੱਲ ਦਿਹਾਂਤ ਹੋ ਗਿਆ ਸੀ ।