ਅੰਮ੍ਰਿਤਸਰ ੦੨ ਦਸੰਬਰ – ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਉਹਨਾਂ ਦੀਆਂ ਪੰਥ ਪ੍ਰਤੀ ਕੀਤੀਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਬਦਲੇ ਉਹਨਾਂ ਨੂੰ ਪੰਜ ਸਾਹਿਬਾਨ ਵਲੋਂ ਪੰਜ ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ "ਫਕਰੇ-ਏ-ਕੌਮ" ਤੇ "ਪੰਥ ਰਤਨ" ਦੀ ਉਪਾਧੀ ਨਾਲ ਸਨਮਾਨਿਆ ਜਾਵੇਗਾ। ਇਸ ਮੌਕੇ ਇਸ ਸਮਾਗਮ ਦੀ ਸ਼ੋਭਾ ਵਧਾਉਣ ਲਈ ਇਸਤਰੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਬੀਬੀਆਂ ਦਾ ਇਕ ਭਾਰੀ ਜਥਾ ਆਪਣੀ ਰਵਾਇਤੀ ਸਿੱਖੀ ਪੁਸ਼ਾਕ ਵਿਚ ਇਸ ਸਮਾਗਮ ਵਿਚ ਪਹੁੰਚੇਗਾ। ਇਸਤਰੀ ਵਿੰਗ ਅਕਾਲੀ ਦਲ ਦੀ ਸੀਨੀਅਰ ਨੇਤਾ ਬੀਬੀ ਰਾਜਵਿੰਦਰ ਕੌਰ ਰਾਜ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸੰਬੰਧ ਵਿਚ ਵੇਰਕਾ ਵਿਖੇ ਬੀਬੀ ਵਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਇਲਾਕੇ ਦੇ ਬਾਦਲ ਦਲ ਇਸਤਰੀ ਵਿੰਗ ਦੇ ਅਹੁਦੇਦਾਰ ਬੀਬੀਆਂ ਦੀ ਮੀਟਿੰਗ ਹੋਈ। ਜਿਸ ਵਿਚ ਪ੍ਰਧਾਨ ਬੀਬੀ ਵਜਿੰਦਰ ਕੌਰ ਨੇ ਇਸ ਸ਼ਹਿਰ ਦੀ ਅਕਾਲੀ ਦਲ ਨਾਲ ਸੰਬੰਧਤ ਸਾਰੀਆਂ ਬੀਬੀਆਂ ਨੂੰ ਆਪਣੇ ਰਵਾਇਤੀ ਸਿੱਖ ਪੁਸ਼ਾਕ ਵਿਚ ਭਾਰੀ ਗਿਣਤੀ ਵਿਚ ਇਤਿਹਾਸਿਕ ਸਮਾਗਮ ਵਿਚ ਪਹੁੰਚਣ ਲਈ ਕਿਹਾ। ਬੀਬੀ ਵਜਿੰਦਰ ਕੌਰ ਨੇ ਕਿਹਾ ਕਿ ਬਾਦਲ ਸਾਹਿਬ ਨੇ ਸਿੱਖ ਕੌਮ ਵਾਸਤੇ ਜੋ ਕੀਤਾ ਹੈ, ਸਿੱਖ ਕੌਮ ਉਸਨੂੰ ਕਦੇ ਨਹੀਂ ਭੁਲਾ ਸਕਦੀ। ਉਹਨਾਂ ਸਿੰਘ ਸਾਹਿਬ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੰਘ ਸਾਹਿਬਾਨ ਨੇ ਬੜੇ ਵਕਤ ਸਿਰ ਸਹੀ ਕਦਮ ਚੁੱਕਿਆ ਹੈ ਤੇ ਇਸ ਨਾਲ ਸਿੱਖ ਪੰਥ ਲਈ ਜੀਅ ਜਾਨ ਨਾਲ ਕੰਮ ਕਰਨ ਵਾਲਿਆਂ ਲਈ ਹੋਰ ਉਤਸ਼ਾਹ ਪੈਦਾ ਹੋਵੇਗਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿਚੋਂ ਉਸ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਬੀਬੀਆਂ ਇਸ ਸਮਾਰੋਹ ਵਿਚ ਸ਼ਾਮਿਲ ਹੋਣਗੀਆਂ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਵਜਿੰਦਰ ਕੌਰ ਵਲੋਂ ਕਾਰਜਕਾਰਨੀ ਅਹੁਦੇਦਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ, ਜਿਸ ਵਿਚ ਬੀਬੀ ਰਾਜਵਿੰਦਰ ਕੌਰ ਰਾਜ ਨੂੰ ਇਸਤਰੀ ਅਕਾਲੀ ਦਲ ਜ਼ਿਲਾ ਅੰਮ੍ਰਿਤਸਰ ਦੀ ਜ਼ਿਲ੍ਹਾ ਜਨਰਲ ਸਕੱਤਰ, ਬੀਬੀ ਅਮਰਜੀਤ ਕੌਰ ਵਾਰਡ ਨੰਬਰ ੩੪ ਨੂੰ ਜਨਰਲ ਸਕੱਤਰ, ਬੀਬੀ ਚਰਨਜੀਤ ਕੌਰ ਤੇ ਬੀਬੀ ਬਲਜੀਤ ਕੌਰ ਨੂੰ ਉਪ ਪ੍ਰਧਾਨ ਤੇ ਬੀਬੀ ਸੁਰਜੀਤ ਕੌਰ ਨੂੰ ਇਸਤਰੀ ਵਿੰਗ ਦੀ ਵਰਕਿੰਗ ਕਮੇਟੀ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਬੀਬੀ ਵਜਿੰਦਰ ਕੌਰ ਨੇ ਆਸ ਪ੍ਰਗਟ ਕੀਤੀ ਕਿ ਇਸ ਨਵੇਂ ਅਹੁਦੇਦਾਰਾਂ ਦੇ ਬਣਨ ਨਾਲ ਇਸਤਰੀ ਅਕਾਲੀ ਦਲ ਵਿਚ ਹੋਰ ਮਜ਼ਬੂਤੀ ਆਏਗੀ ਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੌਣਾਂ ਵਿਚ ਉਹਨਾਂ ਦਾ ਵਿੰਗ ਪੂਰੀ ਮਜ਼ਬੂਤੀ ਤੇ ਜੋਸ਼ ਨਾਲ ਇਸ ਜ਼ਿਲੇ ਵਿਚ ਅਕਾਲੀ ਦਲ ਬਾਦਲ ਨੂੰ ਜਿਤਾਏਗਾ।