December 3, 2011 admin

ਡੈਫ ਐਂਡ ਡੰਬ ਬੱਚਿਆਂ ਦੇ ਸਕੂਲ ‘ਚ ਵਿਸ਼ਵ ਅੰਗਹੀਣ ਦਿਵਸ ਮਨਾਇਆ

ਬਠਿੰਡਾ, 3 ਦਸੰਬਰ -ਰੈਡ ਕਰਾਸ ਵੱਲੋਂ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਂਡ ਡੰਬ ਚਿਲਡਰਨ ਵਿਖੇ ਅੱਜ ਵਿਸ਼ਵ ਅੰਗਹੀਣ ਦਿਵਸ ਮਨਾਇਆ। ਇਸ ਮੌਕੇ ਕਰਵਾਏ ਸਮਾਗਮ ‘ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਭਿਨਵ ਤ੍ਰਿਖਾ ਆਈ. ਏ. ਐਸ. ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਪਰਲਜ਼ ਗਰੁੱਪ ਦੇ ਐਗਜ਼ੈਕਟਿਵ ਮੈਨੇਜਰ ਸ੍ਰੀ ਅਵਤਾਰ ਸਿੰਘ ਸਮਾਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਵਿਚ ਡਿਪਟੀ ਮੈਡੀਕਲ ਕਮਿਸ਼ਨਰ ਡਾ ਵਿਨੋਦ ਗਰਗ, ਨੈਸ਼ਨਲ ਹੈਂਡੀਕੈਪਡ ਵੈਲਫੇਅਰ ਕੌਂਸਲ ਦੇ ਚੇਅਰਮੈਨ ਸ੍ਰੀ ਗੁਲਜ਼ਾਰੀ ਲਾਲ ਸ਼ਰਮਾ, ਰੈਡ ਕਰਾਸ ਦੇ ਸਕੱਤਰ ਸ੍ਰੀ ਜੇ. ਆਰ. ਗੋਇਲ, ਪ੍ਰਿੰਸੀਪਲ ਸ੍ਰੀਮਤੀ ਮਨਿੰਦਰ ਕੌਰ ਭੱਲਾ, ਸ੍ਰੀ ਵਿੱਦਿਆ ਸਾਗਰ, ਸਟਾਫ਼ ਮੈਂਬਰਜ਼ ਅਤੇ ਅੰਗਹੀਣ ਵਿਅਕਤੀ ਸ਼ਾਮਿਲ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਭਿਨਵ ਤ੍ਰਿਖਾ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਇਸ ਮੌਕੇ ਬੱਚਿਆਂ ਵੱਲੋਂ ਬਣਾਈ ਰੰਗੋਲੀ ਨੂੰ ਸਰਾਹਿਆ। ਬੱਚਿਆਂ ਵੱਲੋਂ ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸਾਰੇ ਸਪੈਸ਼ਲ ਬੱਚਿਆਂ ਨੂੰ ਮੁੱਖ ਮਹਿਮਾਨ ਵੱਲੋਂ ਫਲ ਅਤੇ ਮੇਵੇ ਵੀ ਵੰਡੇ ਗਏ। ਉਨ੍ਹਾਂ ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲ ਵੀ ਤਕਸੀਮ ਕੀਤੇ। ਰੈਡ ਕਰਾਸ ਦੇ ਸਕੱਤਰ ਸ੍ਰੀ ਜੇ. ਆਰ. ਗੋਇਲ ਨੇ ਇਸ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਸਕੂਲ ਵਿਖੇ ਹੋਏ ਇਸ ਸਮਾਗਮ ਵਿਚ 184 ਸਪੈਸ਼ਲ ਬੱਚਿਆਂ ਨਾਲ ਮਨਾਏ ਗਏ ਦਿਵਸ ਮੌਕੇ ਸਾਰੇ ਹਾਜ਼ਰੀਨ ਵੱਲੋਂ ਅਤਿਅੰਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਬੱਚਿਆਂ ਨੇ ਵੀ ਬਹੁਤ ਆਨੰਦ ਮਾਣਿਆ।
ਵਿਸ਼ੇਸ਼ ਮਹਿਮਾਨ ਸ੍ਰੀ ਅਵਤਾਰ ਸਿੰਘ ਸਮਾਘ ਵੱਲੋਂ ਵੀ ਬੱਚਿਆਂ ਨੂੰ ਫਲ ਆਦਿ ਵੰਡੇ ਗਏ ਅਤੇ ਰੰਗੋਲੀ ਵਿਚੋਂ ਪਹਿਲੇ ਦੋ ਸਥਾਨਾਂ ‘ਤੇ ਆਈਆਂ ਲੜਕੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਗੁਲਜ਼ਾਰੀ ਲਾਲ ਸ਼ਰਮਾ ਨੇ ਵੀ ਇਸ ਸਮਾਗਮ ‘ਚ ਸ਼ਾਮਿਲ ਹੋ ਕੇ ਅਤਿਅੰਤ ਖੁਸ਼ੀ ਜ਼ਾਹਿਰ ਕੀਤੀ ਅਤੇ ਬੱਚਿਆਂ ਲਈ ਰੈਡ ਕਰਾਸ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਮੁੱਖ ਮਹਿਮਾਨ ਨੂੰ ਅੰਗਹੀਣ ਵਿਅਕਤੀਆਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਜਿਸ ‘ਤੇ ਮੁੱਖ ਮਹਿਮਾਨ ਨੇ ਇਨ੍ਹਾਂ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਦਾ ਭਰੋਸਾ ਦਿਵਾਇਆ। ਸਮਾਗਮ ਦੇ ਅੰਤ ਵਿਚ ਸਕੂਲ ਦੀ ਪ੍ਰਿੰਸੀਪਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Translate »